ਮੈਡੀਕਲ ਕਾਲਜਾਂ ਵਿਚ ਕਰੀਬ 6 ਲੱਖ ਕੋਵਿਡ ਟੈਸਟ ਕੀਤੇ ਜਾ ਚੁੱਕੇ ਹਨ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ) – ਰਾਜ ਵਿਚ ਕੋਵਿਡ-19 ਕੇਸਾਂ ਦੀ ਜਾਂਚ ਲਈ ਸੋਮਵਾਰ ਨੂੰ ਤਿੰਨ ਸ਼ਹਿਰਾਂ ਵਿਚ ਚਾਰ ਨਵੀਆਂ ਲੈਬਾਰਟਰੀ ਖੋਲੀਆਂ
ਜਾਣਗੀਆਂ, ਜਿਸ ਨਾਲ ਪੰਜਾਬ ਦੀ ਰੋਜ਼ਾਨਾ ਕੋਰੋਨਾ ਟੈਸਟ ਸਮਰੱਥਾ 16 ਹਜ਼ਾਰ ਹੋ ਜਾਵੇਗੀ।ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓ.ਪੀ ਸੋਨੀ ਨੇ ਅੱਜ ਸਰਕਟ ਹਾਊਸ ਵਿਚ ਕੋਰੋਨਾ ਸਬੰਧੀ ਕੀਤੀ ਹਫਤਾਵਾਰੀ ਮੀਟਿੰਗ ਨੂੰ ਸੰਬੋਧਨ ਕਰਦੇ ਕੀਤਾ।ਉਨਾਂ ਦੱਸਿਆ ਕਿ ਮੁਹਾਲੀ ਵਿਚ ਦੋ ਲੈਬ ਅਤੇ ਲੁਧਿਆਣਾ ਤੇ ਜਲੰਧਰ ਵਿਚ ਇਕ-ਇਕ ਲੈਬ ਖੋਲੀਆਂ ਜਾ ਰਹੀਆਂ ਹਨ।ਇੰਨਾਂ ਸਾਰੀਆਂ ਦੀ ਸਮਰੱਥਾ ਇੱਕ-ਇੱਕ ਹਜ਼ਾਰ ਦੀ ਰੋਜਾਨਾ ਹੈ।ਸੋਨੀ ਨੇ ਦੱਸਿਆ ਕਿ ਪਹਿਲਾਂ ਮੈਡੀਕਲ ਕਾਲਜਾਂ ਦੀ ਰੋਜ਼ਾਨਾ ਸਮਰੱਥਾ 12 ਹਜ਼ਾਰ ਸੀ, ਜੋ ਹੁਣ 16 ਹਜ਼ਾਰ ਹੋ ਜਾਵੇਗੀ ਅਤੇ ਅਗਲੇ ਇਕ ਮਹੀਨੇ ਤੱਕ ਅਸੀਂ ਇਹ ਵਧਾ ਕੇ 20 ਹਜ਼ਾਰ ਟੈਸਟ ਰੋਜ਼ਾਨਾ ਕਰਨਾ ਸ਼ੁਰੂ ਕਰ ਦਿਆਂਗੇ। ਉਨਾਂ ਕਿਹਾ ਕਿ ਹੁਣ ਤੱਕ ਪੰਜਾਬ ਦੇ ਮੈਡੀਕਲ ਕਾਲਜਾਂ ਵਿੱਚ 591744 ਟੈਸਟ ਕੀਤੇ ਜਾ ਚੁੱਕੇ ਹਨ, ਜਿੰਨਾ ਵਿਚੋਂ ਪਟਿਆਲਾ ਵਿਚ 222822, ਅੰਮ੍ਰਿਤਸਰ ਮੈਡੀਕਲ ਕਾਲਜ ਵਿਚ 206973 ਅਤੇ ਫਰੀਦਕੋਟ ਦੇ ਮੈਡੀਕਲ ਕਾਲਜ ਵਿਚ 161949 ਕੋਵਿਡ ਟੈਸਟ ਹੋ ਚੁੱਕੇ ਹਨ।ਉਨਾਂ ਦੱਸਿਆ ਕਿ ਹੁਣ ਤੱਕ ਹੋਏ ਟੈਸਟਾਂ ਵਿਚੋਂ ਮੈਡੀਕਲ ਕਾਲਜਾਂ ਵਿਚ 17287 ਵਿਅਕਤੀ ਪਾਜ਼ੀਟਵ ਆਏ ਅਤੇ 221 ਮੌਤਾਂ ਹੋਈਆਂ ਹਨ।
ਇਸ ਮੌਕੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂੰ ਅਗਰਵਾਲ, ਕਮਿਸ਼ਨਰ ਕਾਰਪੋਰੇਸ਼ਨ ਸ੍ਰੀਮਤੀ ਕੋਮਲ ਮਿਤਲ, ਸਿਵਲ ਸਰਜਨ ਡਾ. ਨਵਦੀਪ ਸਿੰਘ, ਪ੍ਰਿੰਸੀਪਲ ਰਾਜੀਵ ਦੇਵਗਨ, ਮੈਡੀਕਲ ਸੁਪਰਡੈਂਟ ਡਾ. ਰਮਨ ਸ਼ਰਮਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Punjab Post Daily Online Newspaper & Print Media