579 ਕੈਟਲ ਸ਼ੈਡਾਂ ਅਤੇ 20 ਪਾਰਕਾਂ ਤੇ 219 ਸੋਕੇਜ਼ ਪਿੱਟਾਂ ਦੀ ਉਸਾਰੀ ਸ਼ੁਰੂ
ਕਪੂਰਥਲਾ, 9 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਪੇਂਡੂ ਖੇਤਰਾਂ ਵਿੱਚ ਲੋਕਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਲਈ ਵਿਕਾਸ ਕਾਰਜਾਂ ਨੂੰ ਹੋਰ ਹੁਲਾਰਾ ਦੇਣ ਲਈ ਮਹਾਤਮਾ ਗਾਂਧੀ ਕੌਮੀ ਦਿਹਾਤੀ ਰੋਜ਼ਗਾਰ ਗਰੰਟੀ ਐਕਟ (ਮਗਨਰੇਗਾ) ਅਧੀਨ 46 ਕਰੋੜ ਰੁਪਏ ਦਾ ਬਜ਼ਟ ਜਾਰੀ ਕੀਤਾ ਗਿਆ ਹੈ।
ਵਧੀਕ ਡਿਪਟੀ ਕਮਿਸ਼ਨਰ (ਵਿ) ਸੁਰਿੰਦਰ ਪਾਲ ਆਂਗਰਾ ਨੇ ਦੱਸਿਆ ਕਿ ਮਨਰੇਗਾ ਤਹਿਤ 287 ਲੱਖ ਮੈਨਡੇਟ ਜਨਰੇਟ ਕਰਕੇ 15500 ਪਰਿਵਾਰਾਂ ਨੂੰ ਰੋਜਗਾਰ ਦਿੱਤਾ ਗਿਆ ਹੈ।ਮਗਨਰੇਗਾ ਸਕੀਮ ਅਧੀਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਿੰਡਾਂ ਦੇ ਲੋਕਾਂ ਨੂੰ ਵਿਅਕਤੀਗਤ ਕੰਮਾਂ ਦਾ ਲਾਭ ਦਿੱਤਾ ਜਾਂਦਾ ਹੈ।ਜਿਸ ਵਿੱਚ ਕੈਟਲ, ਬੱਕਰੀ ਤੇ ਸੂਰਾਂ ਦੇ ਸ਼ੈਡ, ਬਾਗ ਲਗਾਉਣੇ, ਸੋਕੇਜ਼ ਪਿੱਟ ਤਿਆਰ ਕਰਨੇ ਆਦਿ ਪ੍ਰਮੁੱਖ ਕੰਮ ਹਨ।ਇਹਨਾਂ ਕੰਮਾਂ ਦਾ ਲਾਭ ਪਿੰਡਾਂ ਦੇ ਐਸ.ਸੀ ਕੈਟਾਗਰੀ ਨਾਲ ਸਬੰਧਤ ਪਰਿਵਾਰ, ਗਰੀਬੀ ਰੇਖਾ ਤੋਂ ਹੇਠਾਂ ਆਉਂਦੇ ਪਰਿਵਾਰ, 5 ਏਕੜ ਤੋ ਘੱਟ ਜਮੀਨ ਵਾਲੇ ਕਿਸਾਨ ਲੈ ਸਕਦੇ ਹਨ।ਸਰਕਾਰ ਵਲੋ ਪਿੰਡਾਂ ਦੇ ਲੋਕਾਂ ਨੂੰ ਕੈਟਲ ਸ਼ੈਡ ਜਿਸ ਦੀ ਕੀਮਤ 97000 ਰੁਪੈ ਅਤੇ ਸੋਕੇਜ਼ ਪਿੱਟ ਜਿਸ ਦੀ ਲਾਗਤ 8000 ਰੁਪੈ ਹੈ, ਲਈ ਸਾਰੀ ਰਾਸ਼ੀ ਸਰਕਾਰ ਵਲੋਂ ਮਗਨਰੇਗਾ ਸਕੀਮ ਵਿਚੋਂ ਦਿੱਤੀ ਜਾਂਦੀ ਹੈ ਅਤੇ ਲਾਭਪਾਤਰੀ ਪਾਸੋਂ ਕਿਸੇ ਵੀ ਤਰਾਂ ਦਾ ਹਿੱਸਾ ਨਹੀਂ ਲਿਆ ਜਾਂਦਾ।
ਉਨਾਂ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ ਵਿੱਚ ਕੈਟਲ ਸ਼ੈਡ ਦੇ 579 ਕੰਮ ਸ਼ੁਰੂ ਕਰਵਾਏ ਗਏ ਹਨ ਅਤੇ ਸੋਕੇਜ਼ ਪਿੱਟ ਦੇ 1158 ਕੰਮ ਸ਼ਨਾਖਤ ਕਰਕੇ ਅਤੇ 219 ਕੰਮ ਸ਼ੁਰੂ ਕਰਵਾਏ ਗਏ ਹਨ।ਕੈਟਲ ਸ਼ੈਡ ਬਿਨਾਂ ਕਿਸੇ ਵਿਅਕਤੀਗਤ ਹਿੱਸੇ ਤੋਂ ਸਰਕਾਰ ਵਲੋਂ ਤਿਆਰ ਕਰਕੇ ਦਿੱਤੇ ਗਏ ਹਨ, ਜਿਸ ਨਾਲ ਲਾਭਪਾਤਰੀ ਡੇਅਰੀ ਧੰਦੇ ਅਪਣਾਉਣ ਵੱਲ ਪ੍ਰੇਰਿਤ ਹੋਏ ਹਨ। ਇਸ ਤਰਾਂ ਹੀ ਸੋਕੇਜ਼ ਪਿੱਟ ਨਾਲ ਪਿੰਡਾਂ ਵਿੱਚ ਜਮੀਨ ਹੇਠਲੇ ਪਾਣੀ ਦਾ ਪੱਧਰ ਦਿਨ ਪ੍ਰਤੀ ਦਿਨ ਉਪਰ ਜਾ ਰਿਹਾ ਹੈ।