Thursday, September 19, 2024

ਛੀਨਾ ਨੇ ਹਰਿਦੁਆਰ ਵਿਖੇ ਇਤਿਹਾਸਕ ਗੁਰਦੁਆਰਾ ਗਿਆਨ ਗੋਦੜੀ ਦੇ ਪੁਨਰ ਨਿਰਮਾਣ ਦੀ ਕੀਤੀ ਮੰਗ

ਉਤਰਾਖੰਡ ਤੇ ਕੇਂਦਰ ਸਰਕਾਰ ਨੂੰ ਜਲਦ ਤੋਂ ਜਲਦ ਪ੍ਰਕਿਰਿਆ ਸ਼ੁਰੂ ਕਰਨ ਦੀ ਕੀਤੀ ਅਪੀਲ

ਅੰਮ੍ਰਿਤਸਰ, 13 ਅਗਸਤ (ਪੰਜਾਬ ਪੋਸਟ ਬਿਊਰੋ) – ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਕੇਂਦਰ ਸਰਕਾਰ ਅਤੇ ਉਤਰਾਖੰਡ ਸਰਕਾਰ ਤੋਂ ਹਰਿਦੁਆਰ ਵਿਖੇ ਗੁਰਦੁਆਰਾ ਸ੍ਰੀ ਗਿਆਨ ਗੋਦੜੀ ਸਾਹਿਬ ਦੇ ਪੁਨਰ ਨਿਰਮਾਣ ਲਈ ਤੁਰੰਤ ਆਗਿਆ ਦੇਣ ਦੀ ਅਪੀਲ ਕੀਤੀ ਹੈ।ਉਨ੍ਹਾਂ ਨੇ ਕਿਹਾ ਕਿ ਸਿੱਖ ਧਰਮ ਦੇੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਯਾਤਰਾ ਨਾਲ ਸਬੰਧਿਤ ਇਤਿਹਾਸਕ ਗੁਰਦੁਆਰਾ ਸਾਹਿਬ ਦਾ ਫ਼ਿਰ ਤੋਂ ਨਿਰਮਾਣ ਕਰਨਾ ਸਿੱਖਾਂ ਦੀ ਸਭ ਤੋਂ ਪੁਰਾਣੀ ਮੰਗ ਹੈ।
             ਪੰਜਾਬ ਭਾਜਪਾ ਦੇ ਸਾਬਕਾ ਮੀਤ ਪ੍ਰਧਾਨ ਤੇ ਸੂਬਾ ਕਾਰਜਕਾਰੀ ਮੈਂਬਰ ਛੀਨਾ ਨੇ ਇਥੋਂ ਜਾਰੀ ਇਕ ਪ੍ਰੈਸ ਬਿਆਨ ’ਚ ਕਿਹਾ ਕਿ ਉਥੇ ਸ਼ੁਸੋਭਿਤ ਗੁਰਦੁਆਰਾ ਸਾਹਿਬ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਢਾਹ ਦਿੱਤਾ ਸੀ।ਜਿਥੇ ਹੁਣ ਇਕ ਛੋਟਾ ਜਿਹਾ ਕਮਰਾ ਮੌਜ਼ੂਦ ਹੈ, ਕਿਉਂਕਿ ਕੁੱਝ ਸਾਲ ਪਹਿਲਾਂ ਉਕਤ ਅਸਥਾਨ ਨੂੰ ਤੋੜ ਦਿੱਤਾ ਗਿਆ ਸੀ, ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਸੀ।ਸਿੱਖ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਨ ਕਿ ਸਰਕਾਰਾਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ’ਚ ਰੱਖਦੇ ਹੋਏ ਇਸ ਦੇ ਪੁਨਰ ਨਿਰਮਾਣ ਦੀ ਆਗਿਆ ਦੇਵੇ।
            ਛੀਨਾ ਨੇ ਅਯੱਧਿਆ ’ਚ ਸ੍ਰੀ ਰਾਮ ਮੰਦਿਰ ਦੇ ਨਿਰਮਾਣ ਲਈ ਦੁਨੀਆ ਭਰ ਦੇ ਹਿੰਦੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸ੍ਰੀ ਰਾਮ ਮੰਦਿਰ ਦੀ ਉਸਾਰੀ ਬਹੁਗਿਣਤੀ ਭਾਈਚਾਰੇ ਦੀ ਇੱਛਾ ਮੁਤਾਬਿਕ ਸੀ ਅਸੀਂ ਸਿੱਖ ਦੇਸ਼ ’ਚ ਘੱਟਗਿਣਤੀ ਹਾਂ।ਸੁਤੰਤਰਤਾ ਸੰਗਰਾਮ ਦੌਰਾਨ ਅਤੇ ਬਾਅਦ ’ਚ ਕੌਮ ਪ੍ਰਤੀ ਸਾਡੀਆਂ ਕੁਰਬਾਨੀਆਂ ਮਿਸਾਲੀ ਹਨ।ਪਰ ਸਾਡੇ ਧਾਰਮਿਕ ਅਸਥਾਨ ਸੁਰੱਖਿਅਤ ਨਹੀਂ ਲੱਗਦੇ ਅਤੇ ਸ੍ਰੀ ਗਿਆਨ ਗੋਦੜੀ ਗੁਰਦੁਆਰਾ ਇਸ ਦੀ ਇਕ ਉਦਾਹਰਣ ਹੈ।ਮੌਜ਼ੂਦਾ ਸਮੇਂ ਸਿਰਫ਼ ਕੁੱਝ ਖੰਭੇ ਪੁਰਾਣੀ ਇਮਾਰਤ ਦੇ ਬਚੇ ਹਨ।ਅਸੀਂ ਸਿੱਖ ਸਿਰਫ਼ ਆਗਿਆ ਚਾਹੁੰਦੇ ਹਾਂ ਅਤੇ ਕਾਰ ਸੇਵਾ ਰਾਹੀਂ ਅਸੀਂ ਆਪਣੇ ਦਮ ’ਤੇ ਗਿਆਨ ਗੋਦੜੀ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਾਂਗੇ।
             ਉਨ੍ਹਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਮਾਮਲੇ ’ਚ ਦਖਲਅੰਦਾਜ਼ੀ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਰਾਮ ਮੰਦਿਰ ਦਾ ਨਿਰਮਾਣ ਕੀਤਾ ਜਾ ਸਕਦਾ ਹੈ ਤਾਂ ਇਤਿਹਾਸਕ ਅਸਥਾਨ ’ਤੇ ਸਾਡੇ ਆਪਣੇ ਗੁਰਦੁਆਰੇ ਦਾ ਕਿਉਂ ਨਹੀਂ? ਉਨ੍ਹਾਂ ਨੇ ਇਸ ਸਬੰਧ ’ਚ ਉਤਰਾਖੰਡ ਦੇ ਮੁੱਖ ਮੰਤਰੀ ਸ੍ਰੀ ਤ੍ਰਿਵਿੰਦਰ ਸਿੰਘ ਰਾਵਤ ਨੂੰ ਵੀ ਸਹਾਇਤਾ ਦੀ ਅਪੀਲ ਕੀਤੀ।
                ਉਚ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਛੀਨਾ ਨੇ ਕਿਹਾ ਕਿ ਉਕਤ ਅਸਥਾਨ ’ਤੇ ਸਿਰਫ਼ ਇਕ ਛੋਟਾ ਜਿਹਾ ਕਮਰਾ ਮੌਜ਼ੂਦ ਹੈ, ਜਿੱਥੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੀ ਵਿਵਸਥਾ ਕੀਤੀ ਗਈ ਹੈ, ਨਜ਼ਦੀਕ ਇਕ ਬਜ਼ਾਰ ਹੈ, ਜਿਥੋਂ ਜ਼ਮੀਨ ਖ਼ਰੀਦੀ ਜਾ ਸਕਦੀ ਹੈ ਅਤੇ ਸਿੱਖ ਭਾਵਨਾਵਾਂ ਮੁਤਾਬਿਕ ਇਸ ਗੁਰਦੁਆਰਾ ਸਾਹਿਬ ਨੂੰ ਫ਼ਿਰ ਤੋਂ ਬਣਾਇਆ ਜਾ ਸਕਦਾ ਹੈ।ਉਨ੍ਹਾਂ ਨੇ ਇਸ ਸਬੰਧ ’ਚ ਸਿੱਖਾਂ ਵੱਲੋਂ ਇੱਕ ਉਚ ਦਸਤਖ਼ਤ ਮੁਹਿੰਮ ਚਲਾਉਣ ਦਾ ਵੀ ਪ੍ਰਸਤਾਵ ਰੱਖਿਆ।
ਛੀਨਾ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਗਿਆਨ ਗੋਦੜੀ (ਗਿਆਨ ਦਾ ਖਜ਼ਾਨਾ) ਸ੍ਰੀ ਗੁਰੂ ਨਾਨਕ ਦੇਵ ਦੀ ਉਦਾਸੀ ਸਮੇਂ ਹਰਿਦੁਆਰ ਯਾਤਰਾ ਨੂੰ ਇਹ ਗੁਰਦੁਆਰਾ ਸਮਰਪਿਤ ਹੈ।ਹਰਿਦੁਆਰ ਵਿਖੇ ਗੰਗਾ ਨਦੀ ਦੇ ਕਿਨਾਰੇ ਹਰਿ ਕੀ ਪਉੜੀ ’ਤੇ ਇਹ ਇਤਿਹਾਸਕ ਅਸਥਾਨ ਸ਼ੁਸੋਭਿਤ ਹੈ।ਇਹ ਠੀਕ ਉਸੇ ਜਗ੍ਹਾ ਸੀ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਨੇ ਪ੍ਰੇਮ ਅਤੇ ਸ਼ਾਂਤੀ ਦਾ ਮਹੱਤਵਪੂਰਨ ਸੰਦੇਸ਼ ਦਿੱਤਾ ਸੀ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਅਤੇ ਸਥਾਨਕ ਅਧਿਕਾਰੀਆਂ ਨੇ 1966 ’ਚ ਕੁੰਭ ਮੇਲੇ ਲਈ ਇਹ ਜਗ੍ਹਾ ਹਾਸਲ ਕਰ ਲਈ ਸੀ ਅਤੇ ਬਾਅਦ ’ਚ ਹਰਿ ਕੀ ਪਉੜੀ ਨੂੰ ਚੌੜਾ ਕਰਨ ਲਈ ਗੁਰਦੁਆਰਾ ਸਾਹਿਬ ਦਾ ਇਕ ਵੱਡਾ ਹਿੱਸਾ ਢਾਹ ਦਿੱਤਾ ਸੀ, ਜਿਸ ਨੂੰ ਫ਼ਿਰ ਤੋਂ ਬਣਾਇਆ ਜਾਣਾ ਚਾਹੀਦਾ ਹੈ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ `ਸਵੱਛਤਾ ਪਖਵਾੜਾ` ਉਤਸ਼ਾਹ ਨਾਲ ਮਨਾਇਆ ਗਿਆ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਭਾਰਤ ਸਰਕਾਰ ਅਤੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੇ …