Friday, July 3, 2026

ਜਿਲ੍ਹਾ ਪ੍ਰਸਾਸ਼ਨ ਨੇ ਕੋਵਿਡ ਦੇ ਨਮੂਨੇ ਲੈਣ ਲਈ ਤੋਰੀਆਂ ਦੋ ਹੋਰ ਟੈਸਟਿੰਗ ਵੈਨਾਂ

ਨਗਰ ਨਿਗਮ ਵਲੋਂ ਮੁਹੱਈਆ ਕਰਵਾਈਆਂ ਗਈਆਂ ਵੈਨਾਂ

ਅੰਮ੍ਰਿਤਸਰ, 15 ਅਗਸਤ (ਸੁਖਬੀਰ ਸਿੰਘ) – ਦੁਨੀਆਂ ਵਿੱਚ ਵੱਧ ਕਰੋਨਾ ਮਾਮਲਿਆਂ ਦਾ ਇਕ ਕਾਰਨ ਇਸ ਨੂੰ ਡਾਕਟਰੀ ਸਹਾਇਤਾ ਨਾਲ ਸਮਾਂ ਰਹਿੰਦਿਆਂ ਕੰਟਰੋਲ ਨਾ ਕਰਨਾ ਅਤੇ ਅਣਗਹਿਲੀ ਵਰਤਣਾ ਹੈ।ਸਾਵਧਾਨੀ ਨਾਲ ਹੀ ਅਸੀਂ ਕਰੋਨਾ ਮਹਾਂਮਾਰੀ ਨਾਲ ਲੜਿਆ ਜਾ ਸਕਦਾ ਹੈ ਅਤੇ ਥੋੜੀ ਜਿਹੀ ਅਣਗਹਿਲੀ ਭਾਰੀ ਪੈ ਸਕਦੀ ਹੈ।
               ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਜਿਲ੍ਹਾ ਪ੍ਰਸਾਸ਼ਨ ਨੂੰ ਦੋ ਹੋਰ ਮੋਬਾਇਲ ਟੈਸਟਿੰਗ ਵੈਨਾਂ ਮੁਹੱਈਆ ਕਰਵਾਉਣ ਸਮੇਂ ਕੀਤਾ।ਰਿੰਟੂ ਨੇ ਕਿਹਾ ਕਿ ਜੇ ਕਿਸੇ ਨੂੰ ਜਾਂ ਉਸਦੇੇ ਪਰਿਵਾਰਕ ਮੈਂਬਰ ਨੂੰ ਕਰੋਨਾ ਦੇ ਲੱਛਣ ਨਜਰ ਆਉਂਦੇ ਹਨ ਤਾਂ ਤੁਰੰਤ ਨਜ਼ਦੀਕੀ ਹਸਪਤਾਲ ਜਾ ਕੇ ਆਪਣਾ ਕੋਵਿਡ ਟੈਸਟ ਕਰਵਾਇਆ ਜਾਵੇ।ਇਸ ਨਾਲ ਉਹ ਆਪ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖ ਸਕਦੇ ਹਨ। ਮੇਅਰ ਨੇ ਦੱਸਿਆ ਕਿ ਮੈਡੀਕਲ ਹੈਲਪ ਲਾਈਨ ਨੰਬਰ 104 ‘ਤੇ ਸੰਪਰਕ ਕਰਕੇ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਪਹਿਲਾਂ ਵੀ ਇਕ ਮੋਬਾਇਲ ਟੈਸਟਿੰਗ ਵੈਨ ਜਿਲ੍ਹਾ ਪ੍ਰਸਾਸ਼ਨ ਵੱਲੋਂ ਮੁਹੱਈਆ ਕਰਵਾਈ ਗਈ ਸੀ ਅਤੇ ਅੱਜ ਦੋ ਹੋਰ ਮੋਬਾਇਲ ਟੈਸਟਿੰਗ ਵੈਨਾਂ ਦਿੱਤੀਆਂ ਜਾ ਰਹੀਆਂ ਹਨ।ਨਗਰ ਨਿਗਮ ਨੇ ਇਨ੍ਹਾਂ ਵੈਨਾਂ ਵਿੱਚ ਦੋ ਲੱਖ ਰੁਪਏ ਖਰਚ ਕਰਕੇ ਡਰਾਈਵਰ, ਡਾਕਟਰ ਅਤੇ ਮਰੀਜ਼ ਲਈ ਵੱਖ-ਵੱਖ ਕੰਪਾਰਟਮੈਂਟ ਬਣਾਏ ਹਨ।ਰਿੰਟੂ ਵੱਲੋਂ ਦੋਹਾਂ ਮੋਬਾਇਲ ਟੈਸਟਿੰਗ ਵੈਨਾਂ ਦੀਆਂ ਚਾਬੀਆਂ ਡਿਪਟੀ ਕਮਿਸ਼ਨਰ ਨੂੰ ਸੌਂਪੀਆਂ।
                ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਇਨ੍ਹਾਂ ਦੋਹਾਂ ਮੋਬਾਇਲ ਟੈਸਟਿੰਗ ਵੈਨਾਂ ਨੂੰ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਭੇਜਿਆ ਜਾਵੇਗਾ ਅਤੇ ਸਭ ਤੋਂ ਪਹਿਲਾਂ ਢਾਬੇ ਵਾਲਿਆਂ ਦੇ ਕਰੋਨਾ ਟੈਸਟ ਕੀਤੇ ਜਾਣਗੇ, ਕਿਉਂਕਿ ਇਨ੍ਹਾਂ ਦੇ ਪਾਸ ਕਾਫੀ ਗਿਣਤੀ ਗ੍ਰਾਹਕ ਪੁੱਜਦੇ ਹਨ।ਖਹਿਰਾ ਨੇ ਦੱਸਿਆ ਕਿ ਕੋਵਿਡ ਟੈਸਟ ਕਰਵਾਉਣ ਲਈ ਕਿਸੇ ਵੀ ਡਾਕਟਰੀ ਪਰਚੀ ਦੀ ਲੋੜ ਨਹੀਂ ਹੈ।ਖਹਿਰਾ ਨੇ ਕਿਹਾ ਕਿ ਮੋਬਾਇਲ ਟੈਸਟਿੰਗ ਵੈਨਾਂ ਐਸ.ਡੀ.ਐਮ ਦੀ ਨਿਗਰਾਨੀ ਹੇਠ ਕੰਮ ਕਰਨਗੀਆਂ ਅਤੇ ਜਿਸ ਇਲਾਕੇ ਵਿੱਚ ਕੋਈ ਕਰੋਨਾ ਪਾਜ਼ਟਿਵ ਪਾਇਆ ਜਾਂਦਾ ਹੈ ਤਾਂ ਉਸ ਇਲਾਕੇ ਦੇ ਹੋਰਨਾਂ ਲੋਕਾਂ ਦੇ ਟੈਸਟ ਵੀ ਕੀਤੇ ਜਾਣਗੇ ਤਾਂ ਜੋ ਕਰੋਨਾ ਮਹਾਂਮਾਰੀ ਦੇ ਇਸ ਚੈਨ ਨੂੰ ਤੋੜਿਆ ਜਾ ਸਕੇ।
                     ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਕੋਮਲ ਮਿੱਤਲ, ਵਧੀਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਨਗਰ ਨਿਗਮ ਸੰਦੀਪ ਰਿਸ਼ੀ, ਸਿਵਲ ਸਰਜਨ ਡਾ: ਨਵਦੀਪ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …