Monday, July 27, 2026

ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਟਾਈਟਲਰ ਦਾ ਜਨਮ ਦਿਨ ਮਨਾਉਣ ਦੀ ਕੀਤੀ ਨਿਖੇਧੀ

ਕਿਹਾ, ਕਾਂਗਰਸ ਨੇ ਹਮੇਸ਼ਾ ਹੀ ਸਿੱਖਾਂ ਦੇ ਕਾਤਲਾਂ ਦੀ ਕੀਤੀ ਪੁਸ਼ਤਪਨਾਹੀ

ਅੰਮ੍ਰਿਤਸਰ, 17 ਅਗਸਤ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਸ਼੍ਰੋਮਣੀ ਕਮੇਟੀ ਮੈਂਬਰ ਭਗਵੰਤ ਸਿੰਘ ਸਿਆਲਕਾ, ਸੁਰਜੀਤ ਸਿੰਘ ਭਿੱਟੇਵਡ ਅਤੇ ਹਰਜਾਪ ਸਿੰਘ ਸੁਲਤਾਨਵਿੰਡ ਨੇ ਇਕ ਸਾਂਝੇ ਬਿਆਨ ਰਾਹੀਂ ਦਿੱਲੀ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਦਾ ਕਰਮਜੀਤ ਗਿੱਲ ਵੱਲੋਂ ਅੰਮ੍ਰਿਤਸਰ ਵਿਖੇ ਜਨਮ ਦਿਨ ਮਨਾਉਣਾ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਇਕ ਡੂੰਘੀ ਚਾਲ ਦੱਸਿਆ ਹੈ।ਇਹਨਾਂ ਆਗੂਆਂ ਨੇ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ’ਤੇ ਇਲਜ਼ਾਮ ਲਗਾਇਆ ਕਿ ਉਹ ਜਾਣਬੁੱਝ ਕੇ ਸਿੱਖ ਵਿਰੋਧੀ ਲੋਕਾਂ ਨੂੰ ਖੁੱਲ੍ਹ ਦੇ ਰਹੀ ਹੈ। ਇਸੇ ਦਾ ਹੀ ਨਤੀਜਾ ਹੈ ਕਿ ਅੰਮ੍ਰਿਤਸਰ ਵਿਖੇ ਕਰਮਜੀਤ ਗਿੱਲ ਨਾਂ ਦੇ ਵਿਅਕਤੀ ਵੱਲੋਂ ਸਿੱਖਾਂ ਦੇ ਕਾਤਲ ਜਗਦੀਸ਼ ਟਾਈਟਲਰ ਦੇ ਜਨਮ ਦਿਨ ਮੌਕੇ ਜਿਥੇ ਹੋਰਡਿੰਗ ਬੋਰਡ ਲਗਾਏ ਗਏ, ਉਥੇ ਹੀ ਸਮਾਗਮ ਰਚਾ ਕੇ ਸਿੱਖਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ।ਉਨ੍ਹਾਂ ਆਖਿਆ ਕਿ ਜਗਦੀਸ਼ ਟਾਈਟਲਰ ਨੇ ਦਿੱਲੀ ਵਿਖੇ ਹੋਏ ਸਿੱਖ ਕਤਲੇਆਮ ਵਿੱਚ ਭਾਗੀ ਹੁੰਦਿਆਂ ਬੇਦੋਸ਼ੇ ਸਿੱਖਾਂ ਨੂੰ ਮਰਵਾਇਆ ਸੀ।ਇਹ ਸਿੱਖ ਕੌਮ ਦੇ ਉਹ ਨਾਸੂਰ ਹਨ, ਜੋ ਕਦੇ ਭਰ ਨਹੀਂ ਸਕਦੇ।
               ਹੁਣ ਪੰਜਾਬ ਵਿਚ ਕਾਂਗਰਸ ਸਰਕਾਰ ਹੁੰਦਿਆਂ ਇਕ ਵਾਰ ਫਿਰ ਸਿੱਖਾਂ ਦੇ ਕਾਤਲ ਲੋਕਾਂ ਦੇ ਜਨਮ ਦਿਨ ਮਨਾ ਕੇ ਸਿੱਖ ਕੌਮ ਦੀਆਂ ਭਾਵਨਾਵਾਂ ਤਾਰ-ਤਾਰ ਕੀਤੀਆਂ ਗਈਆਂ ਹਨ।ਅਜਿਹੇ ਵਰਤਾਰੇ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ। ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਕਿਹਾ ਕਿ ਇਸ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਜੋ ਅੱਗੇ ਤੋਂ ਕੋਈ ਅਜਿਹੀ ਹਿੰਮਤ ਨਾ ਕਰੇ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …