ਅੰਮ੍ਰਿਤਸਰ, ਅਗਸਤ 19, (ਪੰਜਾਬ ਪੋਸਟ ਬਿਊਰੋ) – ਵਿਦੇਸ਼ ਅਤੇ ਪੰਜਾਬ ਵਸਦੇ ਪੰਜਾਬੀ ਭਾਈਚਾਰੇ ਨੇ ਏਅਰ ਇੰਡੀਆ ਵਲੋਂ ਵੰਦੇ ਭਾਰਤ ਮਿਸ਼ਨ ਦੀਆਂ ਉਡਾਣਾਂ ਵਿੱਚ ਅੰਮ੍ਰਿਤਸਰ ਅਤੇ ਲੰਡਨ ਦੇ ਹੀਥਰੋ ਹਵਾਈ ਅੱਡੇ ਦਰਮਿਆਨ ਵਿਸ਼ੇਸ਼ ਸਿੱਧੀਆਂ ਉਡਾਣਾਂ ਸ਼ਾਮਲ ਕਰਨ ਦਾ ਸਵਾਗਤ ਕੀਤਾ ਹੈ।ਕੋਰੋਨਾ ਮਹਾਂਮਾਰੀ ਦੋਰਾਨ ਏਅਰ ਇੰਡੀਆ ਵਿਸ਼ਵ ਭਰ ਵਿੱਚ ਵਿਸ਼ੇਸ਼ ਉਡਾਣਾਂ ਚਲਾ ਰਹੀ ਹੈ।
ਈਮੇਲ ਰਾਹੀਂ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ (ਮੁਹਿੰਮ) ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਏਅਰ ਇੰਡੀਆ ਵਲੋਂ ਆਪਣੀ ਵੈਬਸਾਈਟ ‘ਤੇ ਉਡਾਣਾਂ ਦੀ ਜਾਰੀ ਕੀਤੀ ਗਈ ਨਵੀਂ ਲਿਸਟ ਅਨੁਸਾਰ 24 ਅਗਸਤ ਤੋਂ 30 ਸਤੰਬਰ ਤੱਕ, ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਅਤੇ ਲੰਡਨ ਹੀਥਰੋ ਦੇ ਵਿਚਕਾਰ ਹਰ ਹਫਤੇ ਇਕ ਸਿੱਧੀ ਉਡਾਣ ਸ਼ਾਮਲ ਕੀਤੀ ਗਈ ਹੈ।
ਇਨ੍ਹਾਂ ਉਡਾਣਾਂ ਦੀ ਬੁਕਿੰਗ ਸ਼ੁਰੂ ਹੈੈ।ਇਹ ਉਡਾਣ ਹਰ ਸੋਮਵਾਰ ਲੰਡਨ ਹੀਥਰੋ ਤੋਂ ਸਵੇਰੇ 9:15 ਵਜੇ ਰਵਾਨਾ ਹੋਵੇਗੀ ਅਤੇ ਰਾਤ ਨੂੰ 10:25 ਵਜੇ ਅੰਮ੍ਰਿਤਸਰ ਪਹੁੰਚੇਗੀ।ਮੰਗਲਵਾਰ ਦੁਪਹਿਰ 2:40 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਸ਼ਾਮ ਨੂੰ 7 ਵਜੇ ਲੰਡਨ ਪਹੁੰਚੇਗੀ।
ਗੁਮਟਾਲਾ ਨੇ ਕਿਹਾ, “ਇਸ ਉਡਾਨ ਰਾਹੀਂ ਹੁਣ ਯਾਤਰੀਆਂ ਨੂੰ ਦਿੱਲੀ ਰਾਹੀਂ ਜਾਣ ਦੀ ਬਜ਼ਾਏ, ਪੰਜਾਬ ਪਹੁੰਚਣ ਵਿੱਚ ਬਹੁਤ ਘੱਟ ਸਮਾਂ ਲੱਗੇਗਾ।ਉਹ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੂਰੀ ਅਤੇ ਏਅਰ ਇੰਡੀਆ ਦਾ ਤਹਿ ਦਿਲੋਂ ਧੰਨਵਾਦੀ ਹਨ।ਉਨਾਂ ਨੂੰ ਅਪੀਲ ਹੈ ਕਿ ਅੰਤਰਰਾਸ਼ਟਰੀ ਵਪਾਰਕ ਉਡਾਣਾਂ ਮੁੜ ਸ਼ੁਰੂ ਕਰਨ ਤੋਂ ਬਾਅਦ ਅੰਮ੍ਰਿਤਸਰ ਤੋਂ ਲੰਡਨ ਦੇ ਹੀਥਰੋ ਹਵਾਈ ਅੱਡੇ ਲਈ ਉਡਾਣਾਂ ਨੂੰ ਜਾਰੀ ਰੱਖਿਆ ਜਾਵੇ ਅਤੇ ਵੰਦੇ ਭਾਰਤ ਮਿਸ਼ਨ ਤਹਿਤ ਅੰਮ੍ਰਿਤਸਰ-ਬਰਮਿੰਘਮ ਵਿਚਕਾਰ ਵੀ ਵਿਸ਼ੇਸ਼ ਸਿੱਧੀਆਂ ਉਡਾਣਾਂ ਜਲਦ ਸ਼ੁਰੂ ਕੀਤੀਆਂ ਜਾਣ।”
ਅੰਮ੍ਰਿਤਸਰ ਵਿਕਾਸ ਮੰਚ ਦੇ ਪੰਧਾਨ ਮਨਮੋਹਨ ਸਿੰਘ ਅਤੇ ਸੇਵਾ ਟਰੱਸਟ ਯੂ.ਕੇ ਦੇ ਚੇਅਰਮੈਨ ਕੌਂਸਲਰ ਚਰਨ ਕੰਵਲ ਸਿੰਘ ਸੇਖੋਂ ਨੇ ਵੀ ਇੱਕ ਸਾਂਝੇ ਬਿਆਨ ਵਿੱਚ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ।ਜੋ ਲੰਮੇ ਸਮੇਂ ਤੋਂ ਅੰਮ੍ਰਿਤਸਰ-ਲੰਡਨ ਹੀਥਰੋ ਸਿੱਧੀਆਂ ਉਡਾਣਾਂ ਦੀ ਸਾਂਝੀ ਮੁਹਿੰਮ ਨੂੰ ਚਲਾ ਰਹੇ ਹਨ।
ਸੇਖੋਂ ਨੇ ਕਿਹਾ ਕਿ ਭਾਈਚਾਰੇ ਦੀ ਲੰਡਨ ਲਈ ਉਡਾਣਾਂ ਦੀ ਮੰਗ ਅੰਸ਼ਕ ਤੌਰ ‘ਤੇ ਨਵੰਬਰ 2019 ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਦੇ ਸਮਾਗਮਾਂ ’ਤੇ ਪੂਰੀ ਹੋਈ।ਜਦ ਏਅਰ ਇੰਡੀਆ ਨੇ ਅੰਮ੍ਰਿਤਸਰ ਤੋਂ ਲੰਡਨ ਦੇ ਸੈਨਸਟੈਡ ਏਅਰਪੋਰਟ ਲਈ ਤਿੰਨ ਹਫਤਾਵਾਰੀ ਉਡਾਣਾਂ ਸ਼ੁਰੂ ਕੀਤੀਆਂ।ਇਸ ਦੇ ਬਾਵਜ਼ੂਦ ਅਸੀਂ ਲੰਡਨ ਹੀਥਰੋ ਲਈ ਸਿੱਧੀਆਂ ਉਡਾਣਾਂ ਦੀ ਮੰਗ ਕਰ ਰਹੇ ਹਾਂ, ਕਿਉਂਕਿ ਸਟੈਨਸਟੇਡ ਨਾਲੋਂ ਹੀਥਰੋ ਲਈ ਉਡਾਣਾਂ ਨਾਲ ਭਾਈਚਾਰੇ ਨੂੰ ਵੱਡਾ ਫਾਇਦਾ ਹੋਵੇਗਾ।
ਪੰਜਾਬੀ ਦੁਨੀਆਂ ਦੇ ਸਭ ਤੋਂ ਵੱਡੇ ਮੰਨੇ ਜਾਣ ਵਾਲੇ ਏਵੀਏਸ਼ਨ ਕੇਂਦਰ ਹੀਥਰੋ ਹਵਾਈ ਅੱਡੇ ਰਾਹੀਂ ਏਅਰ ਇੰਡੀਆ ਦੀਆਂ ਯੂਰਪ, ਅਮਰੀਕਾ, ਕੈਨੇਡਾ ਦੀਆਂ ਭਾਈਵਾਲ ਹਵਾਈ ਕੰਪਨੀਆਂ ਏਅਰ ਕੈਨੇਡਾ, ਯਨਾਈਟਿਡ ਆਦਿ ਦੀਆਂ ਉਡਾਣਾਂ ‘ਤੇ ਅਸਾਨੀ ਨਾਲ ਯੂਰਪ, ਕੈਨੇਡਾ, ਅਮਰੀਕਾ ਆਦਿ ਆ ਜਾ ਸਕਦੇ ਹਨ।
ਮੰਚ ਦੇ ਪ੍ਰਧਾਨ ਮਨਮੋਹਨ ਸਿੰਘ ਨੇ ਕਿਹਾ ਕਿ ਮਾਰਚ ਦੇ ਅਖੀਰ ਵਿੱਚ ਭਾਰਤ ਸਰਕਾਰ ਵਲੋਂ ਉਡਾਣਾਂ ਦੀ ਮੁਕੰਮਲ ਮੁਅੱਤਲੀ ਕਾਰਨ ਹਜ਼ਾਰਾਂ ਵਿਦੇਸ਼ੀ ਪੰਜਾਬ ਸਮੇਤ ਦੇਸ਼ ਭਰ ਵਿੱਚ ਫਸ ਗਏ, ਜਿਸ ਵਿਚ ਯੂ.ਕੇ ਅਤੇ ਕੈਨੇਡਾ ਦੇ ਵਸਨੀਕਾਂ ਦੀ ਸਭ ਤੋਂ ਵੱਧ ਗਿਣਤੀ ਪੰਜਾਬ ਵਿਚ ਸੀ।“
ਉਹਨਾਂ ਦੱਸਿਆ ਕਿ ਅਪ੍ਰੈਲ ਤੋਂ ਮਈ ਮਹੀਨੇ ਦੇ ਮੱਧ ਤੱਕ ਯੂ.ਕੇ ਦੀ ਸਰਕਾਰ ਨੇ ਅਪ੍ਰੈਲ ਤੋਂ 15 ਮਈ 2020 ਤੱਕ ਬ੍ਰਿਟਿਸ਼ ਅਤੇ ਕਤਰ ਏਅਰਵੇਜ਼ ਦੁਆਰਾ ਸੰਚਾਲਿਤ ਕੁੱਲ 28 ਉਡਾਨਾਂ ਦਾ ਪ੍ਰਬੰਧ ਕੀਤਾ।ਜਿਸ ਨਾਲ ਲਗਭਗ 8271 ਯਾਤਰੀ ਆਪਣੇ ਘਰ ਵਾਪਸ ਪਰਤੇ।ਕੈਨੇਡਾ ਦੇ ਭਾਰਤ ਵਿੱਚ ਸਥਿਤ ਵਿਦੇਸ਼ ਦਫਤਰ ਨੇ ਵੀ ਕਤਰ ਏਅਰਵੇਜ਼ ਦੇ ਸਹਿਯੋਗ ਨਾਲ ਟੋਰਾਂਟੋ, ਵੈਨਕੁਵਰ ਅਤੇ ਮਾਂਟਰੀਅਲ ਲਈ ਕੁੱਲ 25 ਉਡਾਨਾਂ ਦਾ ਸੰਚਾਲਨ ਕੀਤਾ, ਜੋ ਲਗਭਗ 7500 ਕੈਨੇਡੀਅਨ ਵਾਸੀਆਂ ਨੂੰ ਅੰਮ੍ਰਿਤਸਰ ਤੋਂ ਵਾਪਸ ਲੈ ਕੇ ਗਏ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …