ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਕੌਰ ਇੰਸਟੀਟਿਊਟ ਆਫ ਮਿਊਜ਼ਿਕ (ਕੈਨੇਡਾ) ਵੱਲੋਂ ਅੰਤਰਰਾਸ਼ਰੀ ਆਨਲਾਈਨ ਯੂਥ ਕੀਰਤਨ/ਤਬਲਾ ਮੁਾਕਬਲੇ ਕਰਵਾਏ ਗਏ।3-8, 9-14 ਅਤੇ 15-20 ਉਮਰ ਦੇ ਬੱਚਿਆਂ ਦੇ ਵਰਗ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ. ਸੈ. ਪਬਲਿਕ ਸਕੂਲ ਜੀ.ਟੀ ਰੋਡ ਦੇ ਵਿਦਿਆਰਥੀਆਂ ਨੇ ਭਾਗ ਲਿਆ।ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਨਿਯਮਾਂ ਅਨੁਸਾਰ ਵੀਡਿਓ ਤਿਆਰ ਕਰਕੇ ਕੈਨੇਡਾ ਭੇਜੀਆਂ ਗਈਆਂ ਸਨ।
ਮੁਕਾਬਲਿਆਂ ਵਿੱਚ ਸੰਗੀਤ ਜਗਤ ਦੀਆਂ ਨਾਮਵਰ ਹਸਤੀਆਂ ਉਸਤਾਦ ਫਜ਼ਲ ਕੁਰੈਸ਼ੀ (ਮੁੰਬਈ), ਤੱਫੂ ਖਾਨ (ਪਾਕਿਸਤਾਨ), ਉਸਤਾਦ ਅਕਰਮ ਖਾਨ ਜੀ (ਦਿੱਲੀ) ਵਾਲਿਆਂ ਵੱਲੋਂ ਜੱਜ ਦੀ ਭੂਮਿਕਾ ਨਿਭਾਈ ਗਈ।ਇਸ ਮੁਕਾਬਲੇ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀ.ਟੀ ਰੋਡ ਦੇ ਵਿਦਿਆਰਥੀਆਂ ਬਖਸ਼ਿਸ਼ ਕੌਰ (9-14 ਸਾਲ) ਨੇ ਪਹਿਲਾ ਸਥਾਨ, ਗੁਰਕੀਰਤ ਕੌਰ (3-8 ਸਾਲ) ਨੇ ਦੂਸਰਾ ਸਥਾਨ, ਨਵਨੂਰ ਸਿੰਘ (15-20 ਸਾਲ) ਨੇ ਤੀਸਰਾ ਸਥਾਨ ਹਾਸਿਲ ਕੀਤਾ ਜਦਕਿ ਤਬਲਾ ਮੁਕਾਬਲੇ ਵਿੱਚ ਮਨਹਰਜੀ ਸਿੰਘ (15-20 ਸਾਲ) ਨੇ ਤੀਸਰਾ ਸਥਾਨ ਹਾਸਿਲ ਕੀਤਾ ਜਿਸ ਵਿੱਚ ਨਵਨੂਰ ਸਿੰਘ, ਮਨਹਰਜੀ ਸਿੰਘ ਅਤੇ ਬਖਸ਼ਿਸ਼ ਕੌਰ ਨੂੰ 5,000/- ਰੁਪਏ ਦਾ ਨਕਦ ਇਨਾਮ, ਗੁਰਕੀਰਤ ਕੌਰ ਨੂੰ 3,000/- ਰੁਪਏ ਦਾ ਨਕਦ ਇਨਾਮ ਅਤੇ ਸਾਰੇ ਵਿਦਿਆਰਥੀਆਂ ਨੂੰ ਈ-ਸਰਟੀਫਿਕੇਟ, ਟ੍ਰਾਫੀ ਨਾਲ ਨਿਵਾਜ਼ਿਆ ਗਿਆ।
ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ, ਚੇਅਰਮੈਨ ਸਕੂਲਜ਼ ਭਾਗ ਸਿੰਘ ਅਣਖੀ, ਪੈਟਰਨ ਰਾਜਮੋਹਿੰਦਰ ਸਿੰਘ ਮਜੀਠੀਆ, ਉਪ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਅਤੇ ਅਮਰਜੀਤ ਸਿੰਘ ਵਿਕਰਾਂਤ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਅਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਸਥਾਨਕ ਪ੍ਰਧਾਨ ਹਰਮਿੰਦਰ ਸਿੰਘ, ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਡਾ. ਜਸਵਿੰਦਰ ਸਿੰਘ ਢਿੱਲੋਂ, ਸਕੂਲ ਮੈਂਬਰ ਇੰਚਾਰਜ ਪ੍ਰੋ. ਹਰੀ ਸਿੰਘ ਅਤੇ ਪ੍ਰਿੰਸੀਪਲ/ਡਾਇਰੈਕਟਰ ਡਾ. ਧਰਮਵੀਰ ਸਿੰਘ ਨੇ ਬੱਚਿਆਂ ਨੂੰ ਅਜੋਕੇ ਦੌਰ ਵਿੱਚ ਮਿਲੀ ਵੱਡੀ ਕਾਮਯਾਬੀ ਲਈ ਵਧਾਈ ਦਿੱਤੀ ਅਤੇ ਅਗਾਂਹ ਹੋਰ ਵਧੇਰੇ ਤਰੱਕੀਆਂ ਲਈ ਪ੍ਰੇਰਿਆ।