ਸਾਊਂਡ ਪਰੂਫ ਕਮਰਾ ਨਾ ਹੋਣ ਕਰਕੇ ਰਾਤ ਦੇ ਸਮੇਂ ਤਿਆਰ ਕਰਨੀਆਂ ਪੈਂਦੀਆਂ ਸੀ ਵੀਡਿਓ
ਪਠਾਨਕੋਟ, 26 ਅਗਸਤ (ਪੰਜਾਬ ਪੋਸਟ ਬਿਊਰੋ) – ਕੋਰੋਨਾ ਦੇ ਔਖੇ ਸਮੇਂ ਦੌਰਾਨ ਪੰਜਾਬ ਭਰ ਦੇ ਅਧਿਆਪਕਾਂ ਨੇ ਘਰ ਬੈਠੇ ਬੱਚਿਆਂ ਨੂੰ ਸਿੱਖਿਆ ਦੇਣ ਦੇ ਸੰਕਲਪ ਨੂੰ ਪੂਰਾ ਕਰਨ ਲਈ ਹਾਈਟੈਕ ਤਕਨੀਕਾਂ ਦੇ ਹਾਣੀ ਬਣ ਕੇ ਆਨਲਾਈਨ ਸਿੱਖਿਆ ਦੇਣ ‘ਚ ਵੱਡੀ ਭੂਮਿਕਾ ਨਿਭਾਈ ਹੈ।ਜਿਸ ਵਿੱਚ ਮਹਿਲਾ ਅਧਿਆਪਕਾਂ ਵਲੋਂ ਵੀ
ਵੱਡਾ ਯੋਗਦਾਨ ਪਾਉਂਦੇ ਹੋਏ ਘਰ ਘਰ ਸਟੁਡੀਓ ਖੋਲ ਲਏ ਗਏ।ਸਿਖਿਆ ਵਿਭਾਗ ਨੇ ਵੀ ਅਧਿਆਪਕਾਂ ਨੂੰ ਹਾਈਟੈਕ ਤਕਨੀਕਾਂ ਦੀ ਨਾਲੋ ਨਾਲ ਟਰੇਨਿੰਗ ਦੇ ਕੇ ਆਨਲਾਈਨ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਨੂੰ ਦੇਸ਼ ਦਾ ਨੰਬਰ ਵਨ ਸੂਬਾ ਬਣਾਉਣ ‘ਚ ਕੋਈ ਕਸਰ ਨਹੀਂ ਰਹਿਣ ਦਿੱਤੀ।
ਇਹਨਾਂ ਸਬਦਾਂ ਦਾ ਪ੍ਰਗਟਾਵਾ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਬਲਦੇਵ ਰਾਜ ਵਲੋਂ ਕੀਤਾ ਗਿਆ।ਉਹਨਾਂ ਦੱਸਿਆ ਕਿ ਸਿਖਿਆ ਵਿਭਾਗ ਵਲੋਂ ਕੋਰੋਨਾ ਦੇ ਔਖੇ ਸਮੇਂ ਦੌਰਾਨ ਨਵੇਂ ਸ਼ੈਸਨ ਦੇ ਪਹਿਲੇ ਦਿਨ ਤੋਂ ਹੀ ਆਨਲਾਈਨ ਸਿੱਖਿਆ ਦਾ ਮੁੱਢ ਬੰਨ ਦਿੱਤਾ ਸੀ
ਸਿੱਖਿਆ ਵਿਭਾਗ ਦੀ ਕਮਾਲ ਦੀ ਯੋਜਨਾਬੰਦੀ ਅਤੇ ਅਧਿਆਪਕਾਂ ਦੀ ਮਿਹਨਤ ਨੇ ਨਾ ਸਿਰਫ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਕਰੋਨਾ ਵਾਇਰਸ ਤੋਂ ਜਾਗਰੂਕ ਕੀਤਾ, ਸਗੋਂ ਆਨਲਾਈਨ ਸਿੱਖਿਆ ਦੀ ਸਫਲਤਾ ਲਈ ਅਧਿਆਪਕਾਂ ਨੂੰ ਹਾਈਟੈਕ ਦੀ ਹਰ ਸਹੂਲਤ ਦੇ ਕਾਬਲ ਬਣਾ ਦਿੱਤਾ।ਮੋਬਾਈਲ ਵਟਸਐਪ, ਯੂ-ਟਿਊਬ ਚੈਨਲ, ਰੇਡੀਓ, ਦੂਰਦਰਸ਼ਨ, ਐਜੂਕੇਅਰ ਐਪ, ਯੂ-ਟਿਊਬ ਚੈਨਲ ਅਤੇ ਹੋਰ ਅਨੇਕਾਂ ਸਾਧਨਾਂ ਦੀ ਵਰਤੋਂ ਕਰਦਿਆਂ ਨਾ ਸਿਰਫ ਆਨਲਾਈਨ ਪੜ੍ਹਾਈ ‘ਚ ਸਫਲਤਾ ਹਾਸਲ ਕੀਤੀ, ਸਗੋਂ ਇਹ ਕਾਰਗੁਜ਼ਾਰੀ ਲਈ ਆਨਲਾਈਨ ਪੇਪਰ ਅਤੇ ਅਨੇਕਾਂ ਕੁਇਜ਼ ਮੁਕਾਬਲੇ ਕਰਵਾਏ ਅਤੇ ਹੁਣ ਦੇਸ਼ ਭਰ ਹੋਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇ ਦੀਆਂ ਅਗੇਤੀਆਂ ਤਿਆਰੀਆਂ ਲਈ ਪੰਜਾਬ ਅਚੀਵਮੈਂਟ ਸਰਵੇ ਦੀ ਸ਼ੁਰੂਆਤ ਕੀਤੀ ਗਈ, ਜਿਸ ਦੇ ਸਾਰਥਿਕ ਸਿਟੇ ਸਾਹਮਣੇ ਆਉਣਗੇ।
ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਰਮੇਸ਼ ਲਾਲ ਠਾਕੁਰ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਜਿਲ੍ਹਾ ਕੋਆਰਡੀਨੇਟਰ ਵਨੀਤ ਮਹਾਜਨ ਨੇ ਕਿਹਾ ਕਿ ਵਰਤਮਾਨ ਸਮੇਂ ਦੌਰਾਨ ਹਰ ਅਧਿਆਪਕ ਨੇ ਨਵੀਂ ਤਕਨੀਕ ਦਾ ਹਾਣੀ ਬਣ ਕੇ ਆਨਲਾਈਨ ਸਿੱਖਿਆ ਦੇ ਨਵੇਂ ਨਵੇਂ ਤਰਜਬੇ ਕੀਤੇ।ਇਹ ਲਹਿਰ ਬੱਚਿਆਂ ਲਈ ਵਰਦਾਨ ਬਣੀ।
ਜਿਲ੍ਹਾ ਪਠਾਨਕੋਟ ਵਿੱਚ ਆਨਲਾਈਨ ਸਿੱਖਿਆ ਦੀ ਸ਼ੁਰੂਆਤ ਕਰਨ ਵਾਲੀ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਫੁੱਲੜਾ ‘ਚ ਤੈਨਾਤ ਈ.ਟੀ.ਟੀ ਅਧਿਆਪਕਾ ਸਮਰਿਤੀ ਕਟੋਚ ਨੇ ਬੱਚਿਆਂ ਲਈ ਘਰ ਦਾ ਕੰਮ ਗਰੁੱਪ ‘ਚ ਪਾਉਣ ਦੇ ਨਾਲ ਉਸ ਦੀਆਂ ਰੋਚਕ ਵੀਡੀਓ ਬਣਾ ਕੇ ਭੇਜਣ ਦਾ ਮੁੱਢ ਨਵੇਂ ਸ਼ੈਸਨ ਦੇ ਤੀਜੇ ਦਿਨ ਹੀ ਬੰਨ ਦਿੱਤਾ ਸੀ।
ਸਮ੍ਰਿਤੀ ਅਨੁਸਾਰ ਹੁਣ ਤੱਕ ਉਸ ਦੇ 24 ਦੇ ਕਰੀਬ ਵੀਡੀਓ ਦੂਰਦਰਸ਼ਨ ‘ਤੇ ਪ੍ਰਸਾਰਿਤ ਹੋ ਚੁੱਕੇ ਹਨ।ਸਕੂਲ ਦੇ ਵੱਟਸਐਪ ਗਰੁੱਪ ਅਤੇ ਆਪਣੇ ਯੂ-ਟਿਊਬ ਚੈਨਲ ਰਾਹੀਂ ਹੁਣ ਤਕ 100 ਤੋਂ ਵੱਧ ਐਜੂਕੇਸ਼ਨ, ਆਰਟ ਐਂਡ ਕਰਾਫਟ ਅਤੇ ਸਭਿਆਚਾਰ ਨਾਲ ਸੰਬੰਧਿਤ ਵੀਡਿਓ ਬੱਚਿਆਂ ਨਾਲ ਸਾਂਝੇ ਕੀਤੇ ਜਾ ਚੁੱਕੇ ਹਨ।
ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਨਲੂੰਗਾ ਦੀ ਈ.ਟੀ.ਟੀ ਅਧਿਆਪਕਾ ਸ੍ਰੀਮਤੀ ਰਾਜੀਵ ਕੰਡਾ ਨੇ ਬੱਚੇ ਦੀ ਸਮਝ ਦੇ ਮੱਦੇਨਜ਼ਰ ਹਰ ਵਿਸ਼ੇ ਦੀਆਂ 13 ਤੋਂ ਵੱਧ ਰੋਚਕ ਵੀਡੀਓ ਬਣਾ ਕੇ ਨਾ ਸਿਰਫ ਅਪਣੇ ਸਕੂਲਾਂ ਦੇ ਬੱਚਿਆਂ ਤੱਕ ਹੀ ਭੇਜਿਆ ਸਗੋਂ ਪੰਜਾਬ ਦੇ ਕੋਨੇ ਕੋਨੇ ਵਿੱਚ ਇਹਨਾਂ ਵੀਡੀਓਜ਼ ਦਾ ਲਾਹਾ ਬੱਚਿਆਂ ਨੇ ਖੱਟਿਆ। ਇਹਨਾਂ ਵੱਲੋਂ ਬਣਾਈਆਂ ਵੀਡੀਓ ਦੂਰਦਰਸ਼ਨ ‘ਤੇ ਵੀ ਪ੍ਰਸਾਰਿਤ ਹੋਈਆਂ ਹਨ।ਉਹਨਾਂ ਕਿਹਾ ਕਿ ਘਰ ਵਿੱਚ ਸਾਊਂਡ ਪਰੂਫ ਕਮਰਾ ਨਾ ਹੋਣ ਕਰਕੇ ਜਿਆਦਾਤਰ ਵੀਡੀਓ ਤਿਆਰ ਕਰਨ ਲਈ ਰਾਤ ਦਾ ਸਮਾਂ ਚੁਣਿਆਂ ਜਾਂਦਾ ਸੀ।
ਜਿਲ੍ਹਾ ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ ਨੇ ਦੱਸਿਆ ਕਿ ਇਹਨਾਂ ਤੋਂ ਇਲਾਵਾ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਦਰਸ਼ੋਪੁਰ ਦੀ ਈ.ਟੀ.ਟੀ ਅਧਿਆਪਕਾਂ ਚਰਨਜੀਤ ਕੌਰ, ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਬਰਾਂਚ ਮੱਟੀ ਦੀ ਹੈਡ ਟੀਚਰ ਸੁਨੀਤਾ ਦੇਵੀ ਅਤੇ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਮਾਧੋ ਸਿੰਘ ਦੀ ਈ.ਟੀ.ਟੀ ਅਧਿਆਪਕਾ ਅਨੁਰਾਧਾ ਨੇ ਅਪਣੇ ਬੱਚਿਆਂ ਲਈ ਪੜ੍ਹਾਈ ਦੇ ਸੋਖੇ ਸਿਸਟਮ ਲਈ ਅਨੇਕਾਂ ਤਰ੍ਹਾਂ ਦੀਆਂ ਵੀਡੀਓਜ਼ ਬਣਾਈਆਂ, ਜੋ ਦੂਰਦਰਸ਼ਨ ਤੇ ਪ੍ਰਸਾਰਿਤ ਹੋਈਆਂ।
ਇਸ ਤੋਂ ਇਲਾਵਾ ਮੋਨਿਕਾ ਮਹਾਜਨ ਸਰਪ੍ਰਸਤ ਬਹਾਦਰਪੁਰ, ਕਿਰਨ ਮਹਾਜਨ ਸਰਪ੍ਰਸਤ ਸੁਰਾਲ, ਰਾਧਿਕਾ ਸਰਪ੍ਰਸਤ ਢਾਂਗੂ ਸਰਾਂ, ਨੇਹਾ ਮਹਾਜਨ ਸਰਪ੍ਰਸਤ ਰਤੜਵਾਂ, ਭਾਰਤੀ ਸਰਪ੍ਰਸਤ ਚੱਕ ਮਾਧੋ ਸਿੰਘ, ਨਿਸ਼ਾ ਧੀਮਾਨ ਸਰਪ੍ਰਸਤ ਪੱਡਿਆ ਲਾਹੜੀ, ਜੀਵਨ ਜਯੋਤੀ ਸਰਪ੍ਰਸਤ ਭੂਰ, ਸੁਮਨ ਸਰਪ੍ਰਸਤ ਸ਼ਲੀ ਕੁੱਲੀਆਂ, ਰਜਨੀ ਸਰਪ੍ਰਸਤ ਬਹਿਲੋਲਪੁਰ, ਭਾਵਨਾ ਸਮਿਆਲ ਸਰਪ੍ਰਸਤ ਹਯਾਤੀ ਚੱਕ, ਸੰਗੀਤਾ ਮਹਾਜਨ ਸਰਪ੍ਰਸਤ ਥਰਿਆਲ, ਅੰਕਾ ਸਰਪ੍ਰਸਤ ਗੌਸਾਈਂਪੁਰ, ਮੀਨਾ ਕੁਮਾਰੀ ਸਰਪ੍ਰਸਤ ਮਨਵਾਲ, ਹਰਭਿੰਦਰ ਕੌਰ ਸਰਪ੍ਰਸਤ ਧੀਰਾ ਅਤੇ ਹੋਰ ਅਧਿਆਪਕਾਂ ਨੇ ਵੀ ਅਪਣੀਆਂ ਦਿਲਚਸਪ ਵੀਡੀਓਜ਼ ਬੱਚਿਆਂ ਤੱਕ ਪਹੁੰਚਾਈਆਂ।ਪਿਛਲੇ ਸਮੇਂ ਤੋਂ ਹੁਣ ਕਾਰਟੂਨ ਪੈਟਰਨ ਦੇ ਅਧਾਰ ‘ਤੇ ਬਣ ਰਹੀਆਂ ਵੀਡੀਓ ਨੂੰ ਬੱਚਿਆਂ ਵਲ੍ਹੋਂ ਬੜਾ ਪਸੰਦ ਕੀਤਾ ਜਾ ਰਿਹਾ ਹੈ।
Punjab Post Daily Online Newspaper & Print Media