Sunday, November 8, 2026

ਸਰਬੱਤ ਦਾ ਭਲਾ ਟਰੱਸਟ ਵਲੋਂ ਰੈਡ ਕਰਾਸ ਅੰਮ੍ਰਿਤਸਰ ਨੂੰ ਸੌਂਪੀ ‘ਅੰਤਿਮ ਯਾਤਰਾ ਗੱਡੀ‘

ਡਾ. ਓਬਰਾਏ ਦੀ ਨਿਰ-ਸਵਾਰਥ ਸੇਵਾ ਦੀ ਕਿਧਰੇ ਕੋਈ ਮਿਸਾਲ ਨਹੀਂ – ਡੀ.ਸੀ ਖਹਿਰਾ

ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਕਰੋਨਾ ਮਹਾਂਮਾਰੀ ਦੌਰਾਨ ਲੋੜਵੰਦ ਲੋਕਾਂ ਦੇ ਨਾਲ-ਨਾਲ ਸਿਵਲ ਤੇ ਸਿਹਤ ਪ੍ਰਸ਼ਾਸ਼ਨ ਦੀਆਂ ਹਰੇਕ ਤਰਾਂ ਦੀਆਂ ਲੋੜਾਂ ਦੀ ਪੂਰਤੀ ਲਈ ਆਪਣੇ ਪੱਲਿਓਂ ਕਰੋੜਾਂ ਰੁਪਏ ਖਰਚ ਕੇ ਪੂਰੀ ਦੁਨੀਆਂ ‘ਚ ਇੱਕ ਜ਼ਿਕਰਯੋਗ ਮਿਸਾਲ ਬਣ ਚੁੱਕੇ ਦੁਬਈ ਦੇ ਉਘੇ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਬਾਨੀ ਡਾ. ਐਸ.ਪੀ ਸਿੰਘ ਓਬਰਾਏ ਵਲੋਂ ਅੱਜ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਦੀ ਮੌਜ਼ੂਦਗੀ ‘ਚ ਸਥਾਨਕ ਰੈਡ ਕਰਾਸ ਸੁਸਾਇਟੀ ਨੂੰ ਇੱਕ ‘ਅੰਤਿਮ ਯਾਤਰਾ ਗੱਡੀ‘ ਸੌਂਪੀ ਗਈ।
                 ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਡਾ. ਐਸ.ਪੀ ਸਿੰਘ ਓਬਰਾਏ ਦੇ ਇਸ ਉਪਰਾਲੇ ਲਈ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਕੀਤੀ ਗਈ ਬੇਨਤੀ ਨੂੰ ਤੁਰੰਤ ਪੂਰਾ ਕਰਦਿਆਂ ਡਾ. ਓਬਰਾਏ ਨੇ ਰੈਡ ਕਰਾਸ ਸੁਸਾਇਟੀ ਨੂੰ ਲੋੜੀਂਦੀ ਅੰਤਿਮ ਯਾਤਰਾ ਗੱਡੀ ਦੇ ਕੇ ਵੱਡਾ ਪਰਉਪਕਾਰ ਕੀਤਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਡਾ. ਓਬਰਾਏ ਦੇ ਟਰੱਸਟ ਵਲੋਂ ਬਿਨਾਂ ਕਿਸੇ ਸਵਾਰਥ ਦੇ ਆਪਣੇ ਕੋਲੋਂ ਕਰੋੜਾਂ ਰੁਪਏ ਖਰਚ ਕਰ ਕੇ ਇਸ ਔਖੀ ਘੜੀ ਵੇਲੇ ਸਿਹਤ ਤੇ ਸਿਵਲ ਪ੍ਰਸ਼ਾਸਨ ਦੇ ਨਾਲ-ਨਾਲ ਆਮ ਲੋਕਾਂ ਦੀ ਕੀਤੀ ਜਾ ਰਹੀ ਵੱਡੀ ਮਦਦ ਦੀ ਪੂਰੀ ਦੁਨੀਆਂ ਅੰਦਰ ਕਿਧਰੇ ਕੋਈ ਹੋਰ ਮਿਸਾਲ ਨਹੀਂ ਮਿਲਦੀ।ਉਨ੍ਹਾਂ ਓਬਰਾਏ ਨੂੰ ਇਹ ਭਰੋਸਾ ਵੀ ਦਿੱਤਾ ਕਿ ਟਰੱਸਟ ਵਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ‘ਚ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਪੂਰਾ ਸਾਥ ਦਿੱਤਾ ਜਾਵੇਗਾ।
                ਸਰਬੱਤ ਦਾ ਭਲਾ ਟਰੱਸਟ ਦੇ ਬਾਨੀ ਡਾ.ਐਸ.ਪੀ ਸਿੰਘ ਉਬਰਾਏ ਨੇ ਕਿਹਾ ਕਿ ਟਰੱਸਟ ਵਲੋਂ ਪਹਿਲਾਂ ਹੀ ਜਿਥੇ ਵੱਖ-ਵੱਖ ਜ਼ਿਲ੍ਹਿਆਂ ਦੇ ਸਿਵਲ ਪ੍ਰਸ਼ਾਸਨ ਤੋਂ ਇਲਾਵਾ ਪੰਜਾਬ ਦੇ ਸਾਰੇ ਹੀ ਮੈਡੀਕਲ ਕਾਲਜਾਂ ਤੇ ਸਰਕਾਰੀ ਹਸਪਤਾਲਾਂ ਨੂੰ ਵੱਡੀ ਮਾਤਰਾ ‘ਚ ਲੋੜੀਂਦੇ ਵੈਂਟੀਲੇਟਰ, ਪੀ.ਪੀ.ਈ. ਕਿੱਟਾਂ, ਸੈਨੀਟਾਈਜ਼ਰ, ਸਰਜੀਕਲ ਤੇ ਐਨ-95 ਮਾਸਕ, ਇਨਫਰਾਰੈਡ ਥਰਮਾਮੀਟਰ ਤੇ ਹੋਰ ਜ਼ਰੂਰੀ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ, ਉਥੇ ਹੁਣ ਟਰੱਸਟ ਵਲੋਂ ਜ਼ਿਲ੍ਹਾ ਪ੍ਰਸ਼ਾਸਨਾਂ ਦੀ ਮੰਗ ‘ਤੇ ਉਨ੍ਹਾਂ ਨੂੰ ਲੋੜੀਂਦੇ ਆਕਸੀਮੀਟਰ ਦੇਣੇ ਵੀ ਅਰੰਭ ਕਰ ਦਿੱਤੇ ਹਨ।ਉਨ੍ਹਾਂ ਦੱਸਿਆ ਕਿ ਇਸ ਮਹੀਨੇ ਵੀ ਸਮੁੱਚੇ ਪੰਜਾਬ ’ਚ ਕਰੋਨਾ ਮਹਾਂਮਾਰੀ ਕਾਰਨ ਪ੍ਰਭਾਵਿਤ ਹੋਏ ਅੰਗਹੀਣਾਂ ਤੋਂ ਇਲਾਵਾ ਗ੍ਰੰਥੀ, ਰਾਗੀ ਤੇ ਢਾਡੀ ਸਿੰਘਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ। ਡਾ. ਓਬਰਾਏ ਨੇ ਇਹ ਵੀ ਸਪੱਸ਼ਟ ਕੀਤਾ ਕਿ ਟਰੱਸਟ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਾਰੀਆਂ ਹੀ ਸੇਵਾਵਾਂ ਇਸ ਮਹਾਮਾਰੀ ਦੇ ਖਤਮ ਹੋਣ ਤੱਕ ਨਿਰੰਤਰ ਜਾਰੀ ਰਹਿਣਗੀਆਂ।
                        ਇਸ ਮੌਕੇ ਰੈਡ ਕਰਾਸ ਸੁਸਾਇਟੀ ਦੇ ਉਪ ਚੇਅਰਮੈਨ ਮੈਡਮ ਅਲਕਾ ਕਾਲੀਆ, ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਜ਼ਰ, ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਮਾਝਾ ਜੋਨ ਦੇ ਸਲਾਹਕਾਰ ਸੁਖਦੀਪ ਸਿੱਧੂ, ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ, ਖ਼ਜ਼ਾਨਚੀ ਨਵਜੀਤ ਸਿੰਘ ਘਈ, ਮੀਤ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ ਅਤੇ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਵਿਨੈ ਕੁਮਾਰ ਵੀ ਮੌਜੂਦ ਸਨ।

Check Also

ਬੰਦੀ ਛੋੜ ਦਿਵਸ ਦਾ ਇਤਿਹਾਸਕ ਮਹੱਤਵ

  ਸਿੱਖ ਕੌਮ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਕੌਮ ਵੱਲੋਂ ਸ਼ਰਧਾ …