ਕਾਂਗਰਸ ਖੇਤੀ ਕਾਨੂੰਨਾਂ ਵਿਰੁੱਧ ਸ਼ੁਰੂ ਕਰੇਗੀ ਦੇਸ਼ ਵਿਆਪੀ ਅੰਦੋਲਨ
ਅੰਮ੍ਰਿਤਸਰ, 3 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਕਾਂਗਰਸ ਦੇ ਇੰਚਾਰਜ਼ ਹਰੀਸ਼ ਰਾਵਤ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ
ਲਾਲ ਬਹਾਦਰ ਸਾਸ਼ਤਰੀ ਨੂੰ ਉਨਾਂ ਦੇ ਜਨਮ ਦਿਨ ਮੌਕੇ ਸਰਧਾਂਜਲੀ ਭੇਟ ਕਰਦੇ ਹੋਏ ਐਲਾਨ ਕੀਤਾ ਕਿ ਕਾਂਗਰਸ ਪਾਰਟੀ ਇਨਾਂ ਮਹਾਨ ਸਖਸ਼ੀਅਤਾਂ ਦੇ ਪੂਰਨਿਆਂ ‘ਤੇ ਚੱਲਦੇ ਹੋਏ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਬਿਲਾਂ ਦੇ ਵਿਰੋਧ ਵਿਚ ਦੇਸ਼ ਭਰ ਵਿਚ ਅੰਦੋਲਨ ਸ਼ੁਰੂ ਕਰੇਗੀ।ਕੰਪਨੀ ਬਾਗ ਸਥਿਤ ਮਹਾਤਮਾ ਗਾਂਧੀ ਦੇ ਬੁੱਤ ਉਤੇ ਸ਼ਰਧਾ ਭੇਟ ਕਰਨ ਅਤੇ ਜਲ੍ਹਿਆਂਵਾਲਾ ਬਾਗ ਵਿਖੇ ਅਜ਼ਾਦੀ ਪਰਵਾਨਿਆਂ ਨੂੰ ਸਿਜ਼ਦਾ ਕਰਨ ਮਗਰੋਂ ਪ੍ਰੈਸ ਨਾਲ ਗੱਲਬਾਤ ਕਰਦੇ ਸ੍ਰੀ ਰਾਵਤ ਨੇ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਜਿਨਾਂ ਲੋਕਾਂ ਲਈ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੇ ਸੰਘਰਸ਼ ਕੀਤਾ ਅਤੇ ਸਾਸ਼ਤਰੀ ਨੇ ਉਨਾਂ ਦੇ ਹੱਕ ਵਿਚ ਨਾਅਰਾ ਦਿੱਤਾ, ਅੱਜ ਫਿਰ ਉਹ ਮਿਹਨਤੀ ਲੋਕ ਕਿਸਾਨ ਸਰਕਾਰ ਦੇ ਕਾਲੇ ਕਾਨੂੰਨ ਦਾ ਸ਼ਿਕਾਰ ਹੋ ਰਿਹਾ ਹੈ।ਉਨਾਂ ਕਿਹਾ ਕਿ ਦੇਸ਼ ਵਾਸੀਆਂ ਦਾ ਪੇਟ ਭਰਨ ਲਈ ਕਿਸਾਨ ਨੂੰ ਉਸ ਦੀ ਫਸਲ ਦੀ ਪੱਕੀ ਕੀਮਤ ਦਾ ਭਰੋਸਾ ਅਤੇ ਆਮ ਲੋਕਾਂ ਤੱਕ ਸਸਤਾ ਰਾਸ਼ਨ ਪਹੁੰਚਾਉਣ ਦਾ ਉਪਰਾਲਾ ਬੜੇ ਸੰਘਰਸ਼ ਤੋਂ ਬਾਅਦ ਸ਼ੁਰੂ ਹੋਇਆ ਸੀ, ਜੋ ਕਿ ਹੁਣ ਸਮਾਪਤ ਕੀਤਾ ਜਾ ਰਿਹਾ ਹੈ।ਉਨਾਂ ਮਹਾਤਮਾ ਗਾਂਧੀ ਅਤੇ ੀ ਸਾਸ਼ਤਰੀ ਨੂੰ ਯਾਦ ਕਰਦੇ ਸੰਕਲਪ ਲੈਂਦੇ ਕਿਹਾ ਕਿ ਅਸੀਂ ਇਸ ਲੜਾਈ ਨੂੰ ਅੱਗੇ ਲੈ ਕੇ ਜਾਵਾਂਗੇ ਅਤੇ ਕਿਸਾਨ ਨੂੰ ਉਸ ਦਾ ਹੱਕ ਦਿਵਾ ਕੇ ਰਹਾਂਗੇ।ਇਸ ਲਈ ਪੂਰੇ ਦੇਸ਼ ਨੂੰ ਲਾਮਬੰਦ ਕੀਤਾ ਜਾਵੇਗਾ, ਕਿਉਂਕਿ ਇਹ ਇਕੱਲੇ ਕਿਸਾਨ ਦਾ ਮਸਲਾ ਨਹੀਂ, ਇਹ ਵਪਾਰੀ, ਦੁਕਾਨਦਾਰ ਅਤੇ ਹਰ ਨਾਗਰਿਕ ਦਾ ਮੁੱਦਾ ਹੈ।ਉਨਾਂ ਕਿਹਾ ਕਿ ਕਿਸਾਨਾਂ ਦੇ ਹੱਕ ਨੂੰ ਕੋਈ ਖੋਹ ਨਹੀਂ ਸਕਦਾ।
ਉਤਰ ਪ੍ਰਦੇਸ਼ ਵਿਚ ਦਲਿਤ ਲੜਕੀ ਨੂੰ ਜਬਰ ਜਿਨਾਹ ਮਗਰੋਂ ਮੌਤ ਦੇ ਘਾਟ ਉਤਾਰ ਦੇਣ ਦੇ ਮੁੱਦੇ ‘ਤੇ ਬੋਲਦੇ ਰਾਵਤ ਨੇ ਕਿਹਾ ਕਿ ਰਾਜ ਸਰਕਾਰ ਨੂੰ ਦਲਿਤ ਅਤੇ ਬਹੂ-ਬੇਟੀਆਂ ਦੀ ਸੁਰੱਖਿਆ ਯਕੀਨੀ ਬਨਾਉਣੀ ਚਾਹੀਦੀ ਹੈ ਅਤੇ ਅਜਿਹੇ ਮੌਕੇ ਜਨਤਾ ਦੇ ਪ੍ਰਤੀਨਿਧੀ ਬਣ ਕੇ ਕੰਮ ਕਰਨਾ ਚਾਹੀਦਾ ਹੈ ਨਾ ਕਿ ਇਕ ਪਾਰਟੀ ਦੇ ਮੁੱਖ ਮੰਤਰੀ ਵਜੋਂ।ਉਨਾਂ ਕਿਹਾ ਕਿ ਸਮਾਜ ਨੂੰ ਵੀ ਅਜਿਹੇ ਦਰਿੰਦਿਆਂ ਵਿਰੁੱਧ ਅਵਾਜ਼ ਉਠਾਉਣੀ ਚਾਹੀਦੀ ਹੈ।ਭਾਜਪਾ ਵੱਲੋਂ ਕਾਂਗਰਸ ‘ਤੇ ਕਿਸਾਨ ਨੂੰ ਗੁੰਮਰਾਹ ਕਰਨ ਦੇ ਲਗਾਏ ਜਾ ਰਹੇ ਦੋਸ਼ਾਂ ਬਾਰੇ ਬੋਲਦੇ ਰਾਵਤ ਨੇ ਕਿਹਾ ਕਿ ਗੁੰਮਰਾਹ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਦੇ ਹਨ, ਜੋ ਕਦੇ ਹਰੇਕ ਦੇ ਖਾਤੇ ਵਿਚ 15 ਲੱਖ ਪਾਉਣ ਦੀ ਗੱਲ ਕਰਦੇ ਹਨ, ਕਦੇ 2 ਕਰੋੜ ਨੌਕਰੀਆਂ ਦੀ ਅਤੇ ਕਿਸਾਨ ਦੀ ਆਮਦਨ ਦੁੱਗਣੀ ਕਰਨੀ ਦੀ ਅਸੀਂ ਗੁੰਮਰਾਹ ਨਹੀਂ ਕਰਦੇ ਸਗੋਂ ਜਾਗਰੂਕ ਕਰਦੇ ਹਾਂ।
ਉਨਾਂ ਕਿਹਾ ਕਿ ਕਾਂਗਰਸ ਪਾਰਟੀ ਲਈ ਤਸੱਲੀ ਵਾਲੀ ਗੱਲ ਹੈ ਕਿ ਜਦੋਂ ਕਿਸਾਨਾਂ ਦਾ ਮਸੀਹਾ ਅਖਵਾਉਂਦਾ ਅਕਾਲੀ ਦਲ ਇੰਨਾਂ ਕਿਸਾਨ ਵਿਰੋਧੀ ਬਿਲਾਂ ਨੂੰ ਲੈ ਕੇ ਮੋਦੀ ਦੇ ਹੱਕ ਵਿਚ ਤਾੜੀਆਂ ਮਾਰ ਰਿਹਾ ਸੀ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਇੰਨਾਂ ਕਾਨੂੰਨਾਂ ਦੀ ਸਿਫਤ ਕਰ ਰਹੇ ਸਨ, ਉਸ ਵਕਤ ਕੈਪਟਨ ਅਮਰਿੰਦਰ ਸਿੰਘ ਨੇ ਇਸ ਵਿਰੁੱਧ ਅਵਾਜ਼ ਉਠਾਈ।ਉਨਾਂ ਕਿਹਾ ਕਿ ਕੈਪਟਨ ਦੇਸ਼ ਵਿੱਚ ਪਹਿਲੇ ਮੁੱਖ ਮੰਤਰੀ ਹਨ, ਜਿੰਨਾ ਨੇ ਇਨਾਂ ਕਿਸਾਨ ਵਿਰੋਧੀ ਬਿੱਲਾਂ ਵਿਰੁੱਧ ਅਵਾਜ਼ ਬੁਲੰਦ ਕੀਤੀ।ਉਨਾਂ ਕਿਹਾ ਕਿ ਰਾਹੁਲ ਗਾਂਧੀ ਵੀ ਤਿੰਨ ਦਿਨ ਲਗਾਤਾਰ ਪੰਜਾਬ ਦੇ ਕਿਸਾਨਾਂ ਨਾਲ ਇਸ ਮੋਰਚੇ ਉਤੇ ਬੈਠਣ ਲਈ ਆ ਰਹੇ ਹਨ ਅਤੇ ਉਸ ਮਗਰੋਂ ਕਾਂਗਰਸ ਸਾਰੇ ਦੇਸ਼ ਵਿਚ ਇਹ ਅਵਾਜ਼ ਉਠਾ ਰਹੀ ਹੈ। ਸ੍ਰੀ ਨਵਜੋਤ ਸਿੱਧੂ ਬਾਰੇ ਪੁੱਛੇ ਜਾਣ ‘ਤੇ ਰਾਵਤ ਨੇ ਕਿਹਾ ਕਿ ਉਹ ਸਾਡੇ ਭਰਾ ਹਨ, ਰਾਜਨੀਤੀ ਤੇ ਮਾਨਵਤਾ ਦੇ ਪੁਜਾਰੀ ਹਨ ਅਤੇ ਉਹ ਅਜਿਹੇ ਮੌਕੇ ਚੁੱਪ ਨਹੀਂ ਬੈਠ ਸਕਦੇ, ਸੋ ਜਲਦੀ ਹੀ ਉਹ ਰਾਹੁਲ ਗਾਂਧੀ ਨਾਲ ਕਿਸਾਨ ਅੰਦੋਲਨ ਵਿਰੁੱਧ ਡਟੇ ਨਜ਼ਰ ਆਉਣਗੇ।ਇਸ ਮਗਰੋਂ ਉਨਾਂ ਸ੍ਰੀ ਰਾਮਤੀਰਥ ਵਿਖੇ ਵੀ ਮੱਥਾ ਟੇਕਿਆ।
ਇਸ ਮੌਕੇ ਕੈਬਨਿਟ ਮੰਤਰੀ ਓ.ਪੀ ਸੋਨੀ, ਮੇਅਰ ਕਰਮਜੀਤ ਸਿੰਘ ਰਿੰਟੂ, ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਸੁਨੀਲ ਦੱਤੀ, ਡਿਪਟੀ ਮੇਅਰ ਯੂਨਿਸ ਕੁਮਾਰ, ਚੇਅਰਮੈਨ ਦਿਨੇਸ਼ ਬੱਸੀ, ਚੇਅਰਮੈਨ ਅਰੁਣ ਪੱਪਲ, ਚੇਅਰਮੈਨ ਜੁਗਲ ਕਿਸ਼ੋਰ, ਕਾਂਗਰਸ ਪ੍ਰਧਾਨ ਸ੍ਰੀਮਤੀ ਜਤਿੰਦਰ ਸੋਨੀਆ, ਭਗਵੰਤਪਾਲ ਸਿੰਘ ਸੱਚਰ, ਵਿਕਾਸ ਸੋਨੀ, ਨਾਇਬ ਤਹਿਸੀਲਦਾਰ ਸ੍ਰੀਮਤੀ ਅਰਚਨਾ ਸ਼ਰਮਾ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
Punjab Post Daily Online Newspaper & Print Media