ਮਾਲ ਅਧਿਕਾਰੀਆਂ ਨੂੰ ਬਕਾਏ ਦੀ ਵਸੂਲੀ ਤੇ ਅਦਾਲਤੀ ਕੇਸਾਂ ਦੇ ਨਿਪਟਾਰੇ ‘ਚ ਤੇਜ਼ੀ ਲਿਆਉਣ ਲਈ ਕਿਹਾ
ਕਪੂਰਥਲਾ, 14 ਅਕਤੂਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਸਮੂਹ ਐਸ.ਡੀ.ਐਮਾਂ ਨੂੰ ਹਦਾਇਤ ਕੀਤੀ ਹੈ ਕਿ
ਉਹ ਹਰ ਹਫਤੇ ਆਪੋ ਆਪਣੀ ਤਹਿਸੀਲ ਦੇ ਕੰਮਕਾਜ਼ ਦਾ ਮੁਲਾਂਕਣ ਕਰਨ ਤਾਂ ਜੋ ਮਾਲ ਵਿਭਾਗ ਨਾਲ ਸਬੰਧਿਤ ਕੰਮਾਂ ਨੂੰ ਸਮੇਂ ਸਿਰ ਨਿਪਟਾਇਆ ਜਾ ਸਕੇ।
ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਰਾਜੀਵ ਵਰਮਾ, ਐਸ.ਡੀ.ਐਮ ਤੇ ਮਾਲ ਅਧਿਕਾਰੀਆਂ ਇਕ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਸਮੂਹ ਐਸ.ਡੀ.ਐਮ ਇਹ ਯਕੀਨੀ ਬਣਾਉਣ ਕਿ ਉਹ ਨਿੱਜੀ ਤੌਰ ’ਤੇ ਮਾਲ ਵਿਭਾਗ ਦੇ ਮੁੱਖ ਕੰਮਾਂ ਜਿਵੇਂ ਕਿ ਬਕਾਏ ਦੀ ਵਸੂਲੀ, ਇੰਤਕਾਲਾਂ, ਨਿਸ਼ਾਨਦੇਹੀ, ਆਡਿਟ ਪੈਰ੍ਹਿਆਂ ਦੇ ਨਿਪਟਾਰੇ ਆਦਿ ਬਾਰੇ ਰਿਵਿਊ ਕਰਨ।
ਉਨ੍ਹਾਂ ਕਿਹਾ ਕਿ ਸਮੁਹ ਤਹਿਸੀਲਦਾਰ ਮਾਲ ਵਿਭਾਗ ਦੇ ਬਕਾਏ ਦੀ ਵਸੂਲੀ ਵੱਲ ਵਿਸ਼ੇਸ਼ ਤਵੱਜ਼ੋ ਦੇਣ ਤਾਂ ਜੋ ਪੰਜਾਬ ਸਰਕਾਰ ਨੂੰ ਵਿੱਤੀ ਤੌਰ ’ਤੇ ਹੋ ਰਹੇ ਨੁਕਸਾਨ ਨੂੰ ਰੋਕਿਆ ਜਾ ਸਕੇ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੁਣ ਕਰੋਨਾ ਦੀ ਰਫਤਾਰ ਮੱਠੀ ਪੈਣ ਕਾਰਨ ਲਾਕਡਾਊਨ ਵਿੱਚ ਦਿੱਤੀ ਢਿੱਲ ਦੇ ਮੱਦੇਨਜ਼ਰ ਉਗਰਾਹੀ ਵੱਲ ਜਿਆਦਾ ਜ਼ੋਰ ਦਿੱਤਾ ਜਾਵੇ।ਉਨ੍ਹਾਂ ਕਿਹਾ ਕਿ ਮਾਲ ਅਦਾਲਤਾਂ ਵਿੱਚ ਲੰਬਿਤ ਕੇਸਾਂ ਦੇ ਨਿਪਟਾਰੇ ਲਈ ਅਦਾਲਤਾਂ ਦਾ ਕੰਮਕਾਜ ਆਮ ਵਾਂਗ ਸ਼ੁਰੂ ਕੀਤਾ ਜਾਵੇ ਤੇ ਵਕੀਲ ਸਾਹਿਬਾਨਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਅਦਾਲਤੀ ਕੇਸਾਂ ਦੀ ਪ੍ਰਕਿਰਿਆ ਵਿਚ ਸ਼ਾਮਿਲ ਕਰਕੇ ਕੇਸ ਨਿਪਟਾਏ ਜਾਣ।
ਡਿਪਟੀ ਕਮਿਸ਼ਨਰ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਜ਼ਮੀਨ ਦੇ ਕੰਪਿਊਟਰਾਈਜੇਸ਼ਨ ਨਾਲ ਸਬੰਧਿਤ ਬਕਾਇਆ ਮਾਮਲਿਆਂ ਦਾ ਇੱਕ ਮਹੀਨੇ ਦੇ ਅੰਦਰ ਨਿਪਟਾਰਾ ਕੀਤਾ ਜਾਵੇ ਤਾਂ ਜੋ ਲੋਕਾਂ ਮਾਲ ਵਿਭਾਗ ਨਾਲ ਸੰਬਧਿਤ ਰਿਕਾਰਡ ਆਨਲਾਇਨ ਤਰੀਕੇ ਨਾਲ ਬਿਨਾਂ ਕਿਸੇ ਦੇਰੀ ਤੋਂ ਪ੍ਰਾਪਤ ਕਰ ਸਕਣ।
ਇਸ ਸਮੇਂ ਉਨ੍ਹਾਂ ਜ਼ਮੀਨ ਦੀ ਤਕਸੀਮ ਦੇ ਕੇਸਾਂ ਬਾਰੇ ਵੀ ਜਲਦ ਫੈਸਲੇ ਲੈਣ ਦੀ ਤਾਕੀਦ ਕੀਤੀ ਕਿਉਂ ਜੋ ਅਜਿਹੇ ਕੇਸਾਂ ਦਾ 11 ਮਹੀਨੇ ਦੇ ਅੰਦਰ-ਅੰਦਰ ਫੈਸਲਾ ਕਰਨਾ ਜ਼ਰੂਰੀ ਹੁੰਦਾ ਹੈ।ਇਸ ਮੌਕੇ ਐਸ.ਡੀ.ਐਮ ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ, ਭਲੁੱਥ ਐਸ.ਡੀ.ਐਮ ਟੀ ਬੈਨਿਥ, ਫਗਵਾੜਾ ਦੇ ਐਸ.ਡੀ.ਐਮ ਪਵਿੱਤਰ ਸਿੰਘ, ਐਸ.ਡੀ.ਐਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ ਤੇ ਸਮੂਹ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਹਾਜ਼ਰ ਸਨ।
Punjab Post Daily Online Newspaper & Print Media