ਕਾਲੋਨੀ ਵਾਸੀਆਂ ਦੀਆਂ ਸੁੱਖ ਸਹੂਲਤਾਂ ਲਈ ਸੰਘਰਸ਼ ਕਰੇਗੀ ਕਮੇਟੀ – ਕਮੇਟੀ ਮੈਂਬਰ
ਅੰਮ੍ਰਿਤਸਰ, 18 ਅਕਤੂਬਰ (ਖੁਰਮਣੀਆਂ) – ਸਵਿਸ ਸਿਟੀ, ਸਵਿਸ ਲੈਂਡ, ਸਵਿਸ ਗ੍ਰੀਨ ਅਤੇ ਰੋਜ਼ਲੈਂਡ ਸਮੇਤ ਚਾਰ ਰਿਹਾਇਸ਼ੀ ਕਾਲੋਨੀਆਂ ਦੇ ਵਾਸੀਆਂ ਨੇ ਅੱਜ
ਇਲਾਕੇ ’ਚ ਬੁਨਿਆਦੀ ਸਹੂਲਤਾਂ ਦੀ ਆਪਣੀਆਂ ਮੰਗਾਂ ਨੂੰ ਪ੍ਰਸ਼ਾਸਨ ਕੋਲੋਂ ਮਨਵਾਉਣ ਲਈ ਇਕ ਐਡਹਾਕ ਕਮੇਟੀ ਦਾ ਗਠਨ ਕੀਤਾ ਗਿਆ।ਇਲਾਕਾ ਨਿਵਾਸੀਆਂ ਨੇ ਕਿਹਾ ਕਿ ਉਹ ਪਿਛਲੇ ਲੰਮੇਂ ਸਮੇਂ ਤੋਂ ਉਹ ਬਹੁਤ ਜ਼ਿਆਦਾ ਬਦਤਰ ਹਾਲਾਤਾਂ ’ਚ ਰਹਿ ਰਹੇ ਹਨ ਅਤੇ ਨਗਰ ਨਿਗਮ, ਪੁਡਾ ਅਤੇ ਕਾਲੋਨਾਈਜ਼ਰਾਂ ਮੂਹਰੇ ਉਨ੍ਹਾਂ ਵੱਲੋਂ ਉਕਤ ਮੁਸ਼ਕਿਲਾਂ ਸਬੰਧੀ ਬਾਰ ਬਾਰ ਮੁੱਦਾ ਉਠਾਏ ਜਾਣ ’ਤੇ ਵੀ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ।
ਉਕਤ 13 ਮੈਂਬਰੀ ਐਡਹਾਕ ਕਮੇਟੀ ’ਚ ਸਮੂਹ ਕਾਲੋਨੀਆਂ ਦੇ ਪ੍ਰਤੀਨਿਧੀ ਸ਼ਾਮਿਲ ਕੀਤੇ ਗਏ।ਇਹ ਪ੍ਰਤੀਨਿਧੀ ਉਚਿੱਤ ਸੀਵਰੇਜ਼, ਸਫਾਈ, ਉਚਿਤ ਸੜਕਾਂ, ਸੁਰੱਖਿਆ ਅਤੇ ਰੱਖ-ਰਖਾਅ ਦੀਆਂ ਬੁਨਿਆਦੀ ਸੁਹੂਲਤਾਂ ਪ੍ਰਾਪਤ ਕਰਨ ਲਈ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਨੁਮਾਇੰਦਿਆਂ ਨਾਲ ਮਿਲਣਗੇ।ਕਮੇਟੀ ਮੈਂਬਰਾਂ ’ਚ ਮੈਡਮ ਸੁਖਬੰਸ ਬਾਲਾ, ਗੁਰਜੀਤ ਸਿੰਘ ਔਲਖ, ਡਾ. ਵਿਨੈ ਸੁਖੀਜਾ, ਡਾ. ਕਸ਼ਮੀਰ ਸਿੰਘ ਖੁੰਡਾ, ਡਾ. ਰਾਜ ਸੁਖਵਿੰਦਰ ਸਿੰਘ ਕਲੇਰ, ਡੀ.ਐਸ ਰੰਧਾਵਾ, ਜੇ.ਪੀ ਸਿੰਘ, ਕਰਨਲ ਰਘੂਬੀਰ ਸਿੰਘ, ਹਰਜਿੰਦਰ ਸਿੰਘ ਬਮਰਾਹ, ਰਛਪਾਲ ਸਿੰਘ, ਧਰਮਿੰਦਰ ਸਿੰਘ, ਬਲਰਾਜ ਸਿੰਘ ਅਤੇ ਕਾਂਤਾ ਪੁੰਜ ਦੇ ਨਾਂਅ ਸ਼ਾਮਿਲ ਹਨ।
ਕਲੌਨੀ ਵਾਸੀਆਂ ਨੇ ਕਾਲੋਨੀਆਂ ਦੇ ਪ੍ਰੋਮਟਰਾਂ ਅਤੇ ਕਾਲੋਨਾਈਜ਼ਰਾਂ ’ਤੇ ਆਪਣਾ ਗੁੱਸਾ ਕੱਢਿਆ, ਜਿੰਨ੍ਹਾਂ ਨੇ ਕਾਲੋਨੀ ਵਾਸੀਆਂ ਨੂੰ ਮਹਿੰਗੇ ਭਾਅ ਪਲਾਟ ਵੇਚ ਕੇ ਵੱਡੇ ਪੱਧਰ ’ਤੇ ਪੈਸਾ ਕਮਾਇਆ ਅਤੇ ਹੁਣ ਲਾਜ਼ਮੀ ਵਿਕਾਸ ਕਾਰਜ਼ ਪੂਰਾ ਕੀਤੇ ਬਿਨ੍ਹਾਂ ਗਾਇਬ ਹੋ ਗਏ ਹਨ।ਇਲਾਕਾ ਨਿਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਸੜਕ, ਸੀਵਰੇਜ਼, ਸਫਾਈ, ਪਾਣੀ ਦੀ ਸਪਲਾਈ ਅਤੇ ਸੁਰੱਖਿਆ ਸਮੇਤ ਬੁਨਿਆਦੀ ਸਹੂਲਤਾਂ ਪੱਖੋਂ ਬਹੁਤ ਵੱਡੀ ਘਾਟ ਦੀ ਮੁਸ਼ਕਿਲ ਆ ਰਹੀ ਹੈ।ਉਨ੍ਹਾਂ ਕਿਹਾ ਕਿ ਸੜਕਾਂ ਟੁੱਟੀਆਂ ਅਤੇ ਕੱਚੀਆਂ ਹਨ, ਸੀਵਰੇਜ਼ ਜਾਮ ਰਹਿੰਦਾ ਹੈ, ਚਾਰੇ ਪਾਸੇ ਮਾੜਾ ਹਾਲ ਹੈ।ਪੁਡਾ ਮਨਜ਼ੂਰ ਖੇਤਰ ਹੋਣ ਦੇ ਬਾਵਜ਼ੂਦ ਇੰਨ੍ਹੀ ਤਰਸਯੋਗ ਹਾਲਤ ਹੈ ਕਿ ਲੋਕਾਂ ਦਾ ਰਹਿਣਾ ਦੁੱਭਰ ਹੋ ਗਿਆ ਹੈ ।
ਕਮੇਟੀ ਛੇਤੀ ਹੀ ਅਧਿਕਾਰੀਆਂ ਨਾਲ ਮੁਲਾਕਾਤ ਕਰੇਗੀ ਅਤੇ ਕਾਲੋਨਾਈਜ਼ਰਾਂ ’ਤੇ ਵਿਕਾਸ ਕੰਮਾਂ ਨੂੰ ਪੂਰਾ ਕਰਨ ਲਈ ਦਬਾਅ ਪਾਵੇਗੀ, ਜਿਸ ’ਚ ਉਚਿਤ ਸੜਕਾਂ, ਬਾਊਂਡਰੀ ਦੀ ਕੰਧ ’ਚ ਖਾਮੀਆਂ ਨੂੰ ਦੂਰ ਕਰਨਾ, ਸੁਰੱਖਿਆ ਅਤੇ ਸਫਾਈ ਆਦਿ ਸ਼ਾਮਿਲ ਹਨ।ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਅਦਾਲਤ ਤੱਕ ਪਹੁੰਚਾਉਣ ਲਈ ਕਾਨੂੰਨੀ ਉਪਾਅ ਵੀ ਪ੍ਰਾਪਤ ਕੀਤੇ ਜਾ ਰਹੇ ਹਨ ਕਿਉਂਕਿ ਅਧਿਕਾਰੀ ਅਤੇ ਆਗੂ ਇਲਾਕਾ ਨਿਵਾਸੀਆਂ ਦੀ ਮੰਗ ਸਬੰਧੀ ਧਿਆਨ ਨਹੀ ਦੇ ਰਹੇ ਹਨ।
Punjab Post Daily Online Newspaper & Print Media