ਹਰ ਅਧਿਆਪਕ ਕੋਵਾ ਐਪ ਡਾਊਨਲੋਡ ਕਰਨਾ ਯਕੀਨੀ ਬਣਾਵੇਗਾ – ਜਗਜੀਤ ਸਿੰਘ
ਪਠਾਨਕੋਟ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਤੇ ਨਿਆ ਵਿਭਾਗ ਦੇ ਹੁਕਮ, ਨਿਰਦੇਸ਼ਕ ਸਿਹਤ ਤੇ ਪਰਿਵਾਰ ਭਲਾਈ
ਦੀ ਸਲਾਹ ਅਤੇ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਬੇ ਦੇ ਕੰਟੋਨਮੈਂਟ ਜੋਨਾਂ ਤੋਂ ਬਾਹਰਲੇ ਇਲਾਕਿਆਂ ‘ਚ ਸਕੱਤਰ ਸਕੂਲ ਸਿੱਖਿਆ ਵਿਭਾਗ ਨੇ ਸਕੂਲ ਖੋਲਣ ਦੀ ਪ੍ਰਵਾਨਗੀ ਦੇ ਦਿੱਤੀ ਹੈ।ਸਕੱਤਰ ਸਕੂਲ ਸਿੱਖਿਆ ਵਲੋਂ ਗ੍ਰਹਿ ਵਿਭਾਗ ਦੇ ਹੁਕਮਾਂ ਤੇ ਸਲਾਹ ਦੀ ਰੋਸ਼ਨੀ ‘ਚ ਸਿੱਖਿਆ ਵਿਭਾਗ ਜਾਰੀ ਕੀਤੇ ਗਏ ਪੱਤਰ ਅਨੁਸਾਰ 19 ਅਕਤੂਬਰ ਨੂੰ ਰਾਜ ਭਰ ‘ਚ ਸਿਰਫ 9ਵੀਂ ਤੋਂ 12ਵੀਂ ਜਮਾਤ ਤੱਕ ਸਕੂਲ ਵਿਭਾਗ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਖੋਲਣ ਦੀ ਆਗਿਆ ਦਿੱਤੀ ਗਈ ਹੈ।
ਸਿਖਿਆ ਵਿਭਾਗ ਦੇ ਆਦੇਸ਼ ਅਨੁਸਾਰ ਕੋਵਿਡ-19 ਸਬੰਧੀ ਸਾਵਧਨੀਆਂ ਦੇ ਮੱਦੇਨਜ਼ਰ ਸਕੂਲ ਤਿੰਨ ਘੰਟੇ ਖੁੱਲਣਗੇ।ਜਿਥੇ ਵਿਦਿਆਰਥੀਆਂ ਦੀ ਗਿਣਤੀ ਜਿਆਦਾ ਹੈ, ਉਥੇ ਸਕੂਲ ਦੋ ਸ਼ਿਫਟਾਂ ‘ਚ ਵੀ ਲਗਾਇਆ ਜਾ ਸਕਦਾ ਹੈ। ਜਿਲ੍ਹਾ ਸਿੱਖਿਆ ਅਫਸਰ (ਸੈਕੰ.) ਪਠਾਨਕੋਟ ਜਗਜੀਤ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸਵਰ ਸਲਾਰੀਆ ਨੇ ਦੱਸਿਆ ਕਿ ਇਸ ਦੌਰਾਨ ਕੋਵਿਡ ਤੋਂ ਬਚਾਅ ਸਬੰਧੀ ਸਾਰੇ ਜਰੂਰੀ ਨਿਯਮਾਂ ਦਾ ਪਾਲਣ ਕੀਤਾ ਜਾਵੇਗਾ। ਕੋਵਿਡ ਨਿਯਮਾਂ ਅਨੁਸਾਰ ਵਿਦਿਆਰਥੀਆਂ ‘ਚ ਨਿਰਧਾਰਤ ਦੂਰੀ ਹੋਣੀ ਚਾਹੀਦੀ ਹੈ।ਇੱਕ ਸੈਕਸ਼ਨ ‘ਚ 20 ਤੋਂ ਵਧੇਰੇ ਵਿਦਿਆਰਥੀ ਜਮਾਤ ‘ਚ ਬੈਠ ਨਹੀਂ ਸਕਦੇ।ਇੱਕ ਬੈਂਚ ‘ਤੇ ਸਿਰਫ ਇੱਕ ਵਿਦਿਆਰਥੀ ਹੀ ਬੈਠੇਗਾ ਅਤੇ ਦੋ ਬੈਂਚਾਂ ‘ਚ ਦੂਰੀ ਨਿਯਮਾਂ ਅਨੁਸਾਰ ਰੱਖੀ ਜਾਵੇਗੀ।ਇਸ ਤੋਂ ਇਲਾਵਾ ਸੈਂਟਾਈਜੇਸ਼ਨ ਤੇ ਮਾਸਕ ਪਹਿਨਣ ਸਬੰਧੀ ਨਿਯਮ ਸਖਤੀ ਨਾਲ ਲਾਗੂ ਕੀਤੇ ਜਾਣਗੇ।ਇਸ ਤੋਂ ਇਲਾਵਾ ਆਨਲਾਈਨ ਪੜ੍ਹਾਈ ਵੀ ਜਾਰੀ ਰਹੇਗੀ।ਜਿਹੜੇ ਵਿਦਿਆਰਥੀ ਆਨਲਾਈਨ ਪੜ੍ਹਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਆਨਲਾਈਨ ਪੜ੍ਹਾਈ ਵੀ ਜਾਰੀ ਰੱਖ ਸਕਦੇ ਹਨ।ਜੋ ਵਿਦਿਆਰਥੀ ਸਕੂਲਾਂ ‘ਚ ਪੜ੍ਹਨ ਆਉਣਗੇ, ਉਹ ਆਪਣੇ ਮਾਪਿਆਂ ਤੋਂ ਲਿਖਤੀ ਸਹਿਮਤੀ ਲੈ ਕੇ ਸਕੂਲ ਆਉਣਗੇ।
ਅਧਿਆਪਕਾਂ ਲਈ ਕੋਵਾ ਐਪ ਡਾਊਨਲੋਡ ਕਰਨੀ ਲਾਜ਼ਮੀ ਕੀਤੀ ਗਈ ਹੈ।ਪੀਣ ਦੇ ਪਾਣੀ ਤੇ ਹੱਥ ਧੋਣ ਲਈ ਪੈਰਾਂ ਨਾਲ ਚੱਲਣ ਵਾਲੀਆਂ ਮਸ਼ੀਨਾਂ ਦਾ ਪ੍ਰਬੰਧ ਕਰਨ ਦੀ ਵੀ ਸਕੂਲਾਂ ਨੂੰ ਹਦਾਇਤ ਕੀਤੀ ਗਈ ਹੈ।ਕੂੜਾਦਾਨ ਪੂਰੀ ਤਰ੍ਹਾਂ ਢੱਕੇ ਹੋਣੇ ਚਾਹੀਦੇ ਹਨ ਅਤੇ ਪੈਰ ਨਾਲ ਖੁੱਲ੍ਹਣ ਵਾਲੇ ਹੋਣੇ ਚਾਹੀਦੇ ਹਨ।ਸਕੂਲ ਸਟਾਫ ਜਾਂ ਵਿਦਿਆਰਥੀਆਂ ‘ਚ ਕੋਵਿਡ-19 ਸਬੰਧੀ ਕੋਈ ਲੱਛਣ ਪਾਇਆ ਜਾਂਦਾ ਹੈ, ਤਾਂ ਤੁਰੰਤ ਸਕੂਲ ਵਲੋਂ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਸਕੂਲਾਂ ‘ਚ ਕੋਵਿਡ ਸੈਂਟਰ ਖੋਲ੍ਹੇ ਗਏ ਸਨ, ਉਨ੍ਹਾਂ ਸਕੂਲਾਂ ਦੀ ਸਾਫ-ਸਫਾਈ ਅਤੇ ਸੈਂਨੇਟਾਈਜੇਸ਼ਨ ਕਰਵਾ ਦਿੱਤਾ ਗਿਆ ਹੈ।
ਇਸ ਮੌਕੇ ਤੇ ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਵੀ ਹਾਜ਼ਰ ਸੀ।
Punjab Post Daily Online Newspaper & Print Media