ਅੰਮ੍ਰਿਤਸਰ, 28 ਅਕਤੂਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਦੇ ਅੰਤ੍ਰਿੰਗ ਮੈਂਬਰ ਮੰਗਵਿੰਦਰ ਸਿੰਘ ਖਾਪੜਖੇੜੀ, ਮੈਂਬਰ ਭਾਈ ਮਨਜੀਤ ਸਿੰਘ, ਸੁਰਜੀਤ ਸਿੰਘ ਭਿੱਟੇਵਡ,
ਭਾਈ ਰਾਮ ਸਿੰਘ, ਹਰਜਾਪ ਸਿੰਘ ਸੁਲਤਾਨਵਿੰਡ ਤੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ ਨੇ ਜਾਰੀ ਇੱਕ ਸਾਂਝੇ ਬਿਆਨ ’ਚ ਕੁੱਝ ਜਥੇਬੰਦੀਆਂ ਵੱਲੋਂ ਵਿਰਾਸਤੀ ਮਾਰਗ ’ਤੇ ਸ਼੍ਰੋਮਣੀ ਕਮੇਟੀ ਖਿਲਾਫ਼ ਕੀਤੇ ਗਏ ਪ੍ਰਦਰਸ਼ਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਲਗਭਗ 40 ਦਿਨਾਂ ਤੋਂ ਸਤਿਕਾਰ ਕਮੇਟੀ ਦੇ ਨਾਮ ’ਤੇ ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਬੈਠੇ ਕੁਝ ਲੋਕਾਂ ਵੱਲੋਂ ਹਰ ਰੋਜ਼ ਸ਼੍ਰੋਮਣੀ ਕਮੇਟੀ ਦੇ ਚੁਣੇ ਹੋਏ ਅਹੁਦੇਦਾਰਾਂ ਤੇ ਅਧਿਕਾਰੀਆਂ ਪ੍ਰਤੀ ਬੇਹੱਦ ਭੱਦੀ ਸ਼ਬਦਾਵਲੀ ਵਰਤੀ ਜਾਂਦੀ ਰਹੀ।ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੇ ਸਵਾਲ ਕੀਤਾ ਕਿ ਅੱਜ ਵਿਰਾਸਤੀ ਮਾਰਗ ’ਤੇ ਕੀਤੇ ਗਏ ਪ੍ਰਦਰਸ਼ਨ ਵਿੱਚ ਧਰਨਾਕਾਰੀਆਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਨ ਵਾਲੇ ਭਾਈ ਮੋਹਕਮ ਸਿੰਘ ਤੇ ਮਨਜੀਤ ਸਿੰਘ ਭੋਮਾ ਪਹਿਲਾਂ ਇਹ ਸਪੱਸ਼ਟ ਕਰਨ ਕਿ ਜੇਕਰ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਇੰਨੀ ਹੀ ਮਾੜੀ ਹੈ, ਤਾਂ ਇਨ੍ਹਾਂ ਲੋਕਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਥੇ ਸਰਵਿਸ ਕਿਉਂ ਦਿਵਾਈ ਹੈ।ਉਨ੍ਹਾਂ ਕਿਹਾ ਕਿ ਜ਼ਿੰਦਗੀ ਦਾ ਵੱਡਾ ਹਿੱਸਾ ਇਨ੍ਹਾਂ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੇ ਇਥੋਂ ਪਰਿਵਾਰ ਪਾਲੇ ਹਨ।ਭਾਈ ਮੋਹਕਮ ਸਿੰਘ ਦੇ ਭਰਾ ਕਰਨਜੀਤ ਸਿੰਘ ਜੋ ਅਜੇ ਕੁੱਝ ਸਮਾਂ ਪਹਿਲਾਂ ਹੀ ਇਥੋਂ ਸੇਵਾਮੁਕਤ ਹੋਇਆ ਹੈ, ਲੰਮਾ ਸਮਾਂ ਪਬਲੀਕੇਸ਼ਨ ਵਿਭਾਗ ’ਚ ਇੰਚਾਰਜ ਰਿਹਾ।ਇਸ ਤੋਂ ਇਲਾਵਾ ਇਨ੍ਹਾਂ ਦੇ ਹੋਰ ਦੋ ਤਿੰਨ ਪਰਿਵਾਰਕ ਮੈਂਬਰ ਵੀ ਮੁਲਾਜ਼ਮ ਹਨ।ਭਾਈ ਮੋਹਕਮ ਸਿੰਘ ਲੋਕਾਂ ਨੂੰ ਮੂਰਖ ਬਣਾਉਣ ਦੀ ਥਾਂ ਆਪਣੇ ਭਰਾ ਕੋਲੋਂ ਹੀ ਜਾਣਕਾਰੀ ਲੈ ਲਵੇ ਕਿ ਪਾਵਨ ਸਰੂਪ ਕਿਥੇ ਗਏ ਹਨ ਤੇ ਕਿਸ-ਕਿਸ ਨੂੰ ਦਿੱਤੇ ਹਨ।
ਦੂਜੇ ਪਾਸੇ ਮਨਜੀਤ ਸਿੰਘ ਭੋਮਾ ਦਾ ਭਰਾ ਮੇਜਰ ਸਿੰਘ ਪਹਿਲਾਂ ਸਰਵਿਸ ਕਰਦਾ ਰਿਹਾ ਹੈ ਅਤੇ ਹੁਣ ਭਾਈ ਰਣਜੀਤ ਸਿੰਘ ਵੀ ਸ਼੍ਰੋਮਣੀ ਕਮੇਟੀ ਵਿੱਚ ਮੁਲਾਜ਼ਮ ਹੈ।ਜੇਕਰ ਇਹ ਸੰਸਥਾ ਇੰਨੀ ਹੀ ਮਾੜੀ ਹੈ ਜਾਂ ਇਸ ਦੇ ਮੁਲਾਜ਼ਮ ਇਨ੍ਹਾਂ ਲੋਕਾਂ ਨੂੰ ਮਸੰਦ ਜਾਪਦੇ ਹਨ ਤਾਂ ਇਹ ਲੋਕ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੰਸਥਾ ਵਿੱਚੋਂ ਵਾਪਸ ਬੁਲਾ ਲੈਣ।ਉਨ੍ਹਾਂ ਕਿਹਾ ਕਿ ਅੱਧਾ-ਅੱਧਾ ਟੱਬਰ ਸ਼੍ਰੋਮਣੀ ਕਮੇਟੀ ਵਿਚ ਨੌਕਰੀਆਂ ’ਤੇ ਲਵਾਉਣ ਵਾਲੇ ਇਹ ਲੋਕ ਵੀ ਦੋਗਲੀ ਨੀਤੀ ਤਹਿਤ ਸੰਸਥਾ ਨੂੰ ਮੰਦਾ ਬੋਲ ਰਹੇ ਹਨ।ਉਨ੍ਹਾਂ ਪੰਥ ਦਰਦੀਆਂ ਨੂੰ ਅਪੀਲ ਕੀਤੀ ਕਿ ਅਨੇਕਾਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿਚ ਆਈ ਸੰਸਥਾ ਨੂੰ ਬਦਨਾਮ ਕਰਕੇ ਤੋੜਨ ਦੀਆਂ ਸਾਜ਼ਿਸ਼ਾਂ ਰਚਣ ਵਾਲੇ ਇਨ੍ਹਾਂ ਲੋਕਾਂ ਦੇ ਦੋਗਲੇ ਚਿਹਰੇ ਨੂੰ ਜਨਤਕ ਕਰਨ ਲਈ ਲਾਮਬੰਦ ਹੋਣ।
Check Also
ਮਹਾਰਾਜਾ ਰਣਜੀਤ ਸਿੰਘ ਦੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਆਮ ਲੋਕਾਂ ਲਈ ਖੋਲ੍ਹਣ ਦੀ ਮੰਗ – ਡਾ. ਇੰਦਰਜੀਤ ਕੌਰ
ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ …
Punjab Post Daily Online Newspaper & Print Media