ਸਭਿਆਚਾਰਕ ਮਾਮਲਿਆਂ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲਿਆ ਤਿਆਰੀਆਂ ਦਾ ਜਾਇਜ਼ਾ
ਅੰਮ੍ਰਿਤਸਰ, 30 ਅਕਤੂਬਰ (ਸੁਖਬੀਰ ਸਿੰਘ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਭਗਵਾਨ ਵਾਲਮੀਕ ਦੇ ਜਨਮ ਦਿਹਾੜੇ ਸਬੰਧੀ ਰਾਜ
ਪੱਧਰੀ ਸਮਾਗਮ 31 ਅਕਤੂਬਰ ਨੂੰ ਰਾਮਤੀਰਥ ਵਿਖੇ ਹੋਵੇਗਾ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੰਟਰਨੈਟ ਜ਼ਰੀਏ ਸੰਗਤਾਂ ਨੂੰ ਇਸ ਸ਼ੁਭ ਦਿਹਾੜੇ ਦੀ ਵਧਾਈ ਦੇਣਗੇ।ਉਕਤ ਸਬਦਾਂ ਦਾ ਪ੍ਰਗਟਾਵਾ ਕਰਦਿਆਂ ਸਭਿਆਚਾਰਕ ਮਾਮਲੇ ਅਤੇ ਸੈਰ ਸਪਾਟਾ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਇਸ ਦਿਨ ਪੰਜਾਬ ਭਰ ਵਿਚ 100 ਤੋਂ ਵੱਧ ਸਥਾਨਾਂ ‘ਤੇ ਸੰਗਤਾਂ ਆਨਲਾਈਨ ਸਮਾਗਮ ਵਿਚ ਸ਼ਮੂਲੀਅਤ ਕਰਨਗੀਆਂ।ਉਨਾਂ ਇਸ ਮੌਕੇ ਪਤਿਵਤਰ ਸਥਾਨ ‘ਤੇ ਮੱਥਾ ਟੇਕਿਆ ਅਤੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਭਗਵਾਨ ਵਾਲਮੀਕ ਦੇ ਇਸ ਪਵਿਤਰ ਦਿਹਾੜੇ ਮੌਕੇ ਸ੍ਰੀ ਰਾਮਤੀਰਥ ਵਿਖੇ ਸਰਕਾਰੀ ਆਈ.ਟੀ.ਆਈ ਅਤੇ ਪੋਨੋਰਮਾ ਦੀ ਸ਼ੁਰੂਆਤ ਵੀ ਕਰਨਗੇ।ਉਨਾਂ ਦੱਸਿਆ ਕਿ ਮੁੱਖ ਮੰਤਰੀ ਰਾਮ ਤੀਰਥ ਸਥਿਤ ਭਗਵਾਨ ਵਾਲਮੀਕ ਤੀਰਥ ਸਥਾਨ ਦੇ ਸੁੰਦਰੀਕਰਨ ਲਈ 55 ਕਰੋੜ ਰੁਪਏ ਦੇ ਵਾਧੂ ਫੰਡਾਂ ਦੀ ਪ੍ਰਵਾਨਗੀ ਦੇ ਚੁੱਕੇ ਹਨ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੂੰ ਇਸ ਇਤਿਹਾਸਕ ਅਸਥਾਨ ਨੂੰ ਵਿਸ਼ਵ ਪੱਧਰੀ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਉਨਾਂ ਦੱਸਿਆ ਕਿ ਇਹ ਫੰਡ ਪਹਿਲਾਂ ਹੀ ਇਸ ਵੱਕਾਰੀ ਪ੍ਰਾਜੈਕਟ ‘ਤੇ ਖਰਚ ਕੀਤੇ ਜਾ ਚੁੱਕੇ 195.76 ਕਰੋੜ ਰੁਪਏ ਤੋਂ ਵੱਖਰੇ ਹਨ।ਉਨਾਂ ਕਿਹਾ ਦੁਨੀਆਂ ਭਰ ਤੋਂ ਆਉਂਦੇ ਸਾਰੇ ਧਰਮਾਂ ਦੇ ਸ਼ਰਧਾਲੂਆਂ ਲਈ ਇਸ ਸਥਾਨ ‘ਤੇ 30 ਕਰੋੜ ਰੁਪਏ ਨਾਲ ਪੈਨੋਰਾਮਾ ਤਿਆਰ ਕੀਤਾ ਜਾਵੇਗਾ, ਜਿਸ ਵਿੱਚ ਮਹਾਂਕਾਵਿ ਰਮਾਇਣ ਦੀ ਰਚਨਾ ਕਰਨ ਵਾਲੇ ਭਗਵਾਨ ਵਾਲਮੀਕ ਜੀ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਵੀ ਦਰਸਾਇਆ ਜਾਵੇਗਾ।ਇਸ ਤੋਂ ਇਲਾਵਾ ਸਰੋਵਰ ਦੀ ਸਾਫ ਸਫਾਈ ਲਈ ਸਥਾਪਿਤ ਕੀਤਾ ਜਾਣ ਵਾਲਾ ਪਲਾਂਟ, ਪਰਿਕਰਮਾ ਨੂੰ ਮੁਕੰਮਲ ਕਰਨਾ, ਬਾਹਰਵਾਰ ਦੇ ਸਥਾਨ ਦੀ ਰੌਸ਼ਨੀ, ਸ਼ਰਧਾਲੂਆਂ ਲਈ ਸਰਾਵਾਂ ਤਿਆਰ ਕਰਨਾ ਅਤੇ ਸੌਰ ਬਿਜਲੀ ਪ੍ਰਣਾਲੀ ਆਦਿ ਸ਼ਾਮਲ ਹਨ।
ਇਸ ਮੌਕੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਸੀਨੀਅਰ ਡਿਪਟੀ ਮੇਅਰ ਰਮਨ ਬਖ਼ਸ਼ੀ, ਵਿਭਾਗ ਦੇ ਡਾਇਰੈਟਰ ਲਖਮੀਰ ਸਿੰਘ, ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਵਧੀਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ, ਐਸ.ਡੀ.ਐਮ ਦੀਪਕ ਭਾਟੀਆ, ਡਿਪਟੀ ਡਾਇਰੈਕਟਰ ਰਜਤ ਉਬਰਾਏ, ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Punjab Post Daily Online Newspaper & Print Media