Friday, September 25, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ਰਿਸ਼ੀ ਨਿਰਵਾਣ ਉਤਸਵ ‘ਤੇ ਵੈਦਿਕ ਹਵਨ ਯੱਗ

ਅੰਮ੍ਰਿਤਸਰ, 30 ਅਕਤੂਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁਮੈਨ ਵਿਖੇ ਮਹਾਂਰਿਸ਼ੀ ਸਵਾਮੀ ਦਯਾਨੰਦ ਅਤੇ ਮਹਾਤਮਾ ਅਨੰਦ ਸਵਾਮੀ ਜੀ ਦੀ ਪੁੰਨ ਤਿਥੀ ‘ਤੇ ਵੈਦਿਕ ਹਵਨ ਯੱਗ ਦਾ ਆਯੋਜਨ ਕੀਤਾ ਗਿਆ।ਆਰਿਆ ਪ੍ਰਦੇਸ਼ਿਕ ਪ੍ਰਤੀਨਿਧੀ ਉਪਸਭਾ, ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਆਯੋਜਿਤ ਇਸ ਸ਼ਰਧਾਂਜਲੀ ਸਮਾਰੋਹ ‘ਚ ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਸ਼ਰਮਾ ਅਤੇ ਸੁਦਰਸ਼ਨ ਕਪੂਰ ਚੇਅਰਮੈਨ ਸਥਾਨਕ ਪ੍ਰਬੰਧਕ ਕਮੇਟੀ ਦੁਆਰਾ ਜਜਮਾਨ ਦੀ ਭੂਮਿਕਾ ਨਿਭਾਈ ਗਈ।
                 ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਸ਼ਰਮਾ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਜਨਮ ਤੋਂ ਮੌਤ ਤੱਕ ਦੇ ਸਫ਼ਰ ‘ਚ ਮਨੁੱਖ ਜਿਹੜਾ ਕਰਮ ਕਰਦਾ ਹੈ ਉਹੀ ਉਸ ਦੇ ਨਾਲ ਹਰ ਪਲ ਬਣੇ ਰਹਿੰਦੇ ਹਨ।ਹਵਨ-ਯੱਗ, ਪੂਜਾ-ਅਰਚਨਾ ਅਤੇ ਮਾਨਵਤਾ ਨੂੰ ਅਪਣਾਕੇ ਆਤਮਾ ਦਾ ਉਥਾਨ ਸੰਭਵ ਹੈ।ਹਰ ਆਉਣ ਵਾਲਾ ਦਿਨ ਅਤੇ ਹਰ ਪਲ ਮਨੁੱਖ ਦੇ ਜੀਵਨ, ‘ਚ ਨਵ-ਚੇਤਨਾ, ਨਵ-ਸੰਚਾਰ ਲੈ ਕੇ ਆਉਂਦਾ ਹੈ ਜਿਸਨੂੰ ਹਰ ਇੱਕ ਮਨੁੱਖ ਨੂੰ ਸਕਾਰਾਤਮਕ ਢੰਗ ਨਾਲ ਆਪਣਾ ਕੇ ਜੀਵਨ ਪੱਥ ‘ਤੇ ਅਗਾਂਹ ਵਧੂ ਰਹਿਣਾ ਚਾਹੀਦਾ ਹੈ।ਸਵਾਮੀ ਦਯਾਨੰਦ ਜੀ ਦਾ ਕਥਨ, “ਵੇਦੋਂ ਕੀ ਔਰ ਲੌਟ ਚਲੋ” ਦਾ ਮਨਨ ਕਰਦੇ ਹੋਏ ਸਾਨੂੰ ਆਪਣੀ ਸੰਸਕ੍ਰਿਤੀ ਨੂੰ ਆਪਣਾ ਕੇ ਆਪਣੇ ਜੀਵਨ ਚਰਿੱਤਰ ਦਾ ਨਿਰਮਾਣ ਕਰਨਾ ਚਾਹੀਦਾ ਹੈ।ਮਹਾਂਰਿਸ਼ੀ ਦਯਾਨੰਦ ਜਿੰਨਾ ਨੇ ਆਰਿਆ ਸਮਾਜ ਦੀ ਸਥਾਪਨਾ ਕੀਤੀ ਅਤੇ ਆਰਿਆ ਸਮਾਜ ਦੀ ਧਾਰਨਾ ‘ਤੇ ਅਧਾਰਿਤ ਡੀ.ਏ.ਵੀ ਸੰਸਥਾਵਾਂ ਅੱਜ ਭਾਰਤੀ ਸੰਸਕ੍ਰਿਤੀ ਦਾ ਝੰਡਾ ਉੱਚਾ ਚੁੱਕ ਰਹੀਆਂ ਹਨ।ਉਹਨਾਂ ਨੇ ਕਿਹਾ ਕਿ ਮਹਾਤਮਾ ਅਨੰਦ ਸਵਾਮੀ ਐਸੇ ਮਹਾਂਯੋਗੀ ਹੋਏ ਜਿਨ੍ਹਾਂ ਦੀਆਂ ਸਿੱਖਿਆਵਾਂ ਨੇ ਆਰਿਆ ਸਮਾਜ ਦਾ ਮਾਰਗ ਪ੍ਰਸ਼ਸਤ ਕੀਤਾ।ਇਹ ਸਾਡੀ ਖੁਸ਼ਕਿਸਮਤੀ ਹੈ ਕਿ ਮਹਾਤਮਾ ਅਨੰਦ ਸਵਾਮੀ ਜੀ ਦੇ ਪੋਤੇ ਸਤਿਕਾਰਯੋਗ ਪ੍ਰਧਾਨ ਪੂਨਮ ਸੂਰੀ ਸਾਡੇ ਲਈ ਪ੍ਰੇਰਣਾ ਸ੍ਰੋਤ ਰਹੇ ਹਨ, ਜਿਨ੍ਹਾਂ ਦੇ ਦੱਸੇ ਹੋਏ ਮਾਰਗ ਦਰਸ਼ਨ ‘ਤੇ ਚੱਲ ਕੇ ਡੀ.ਏ.ਵੀ ਉਨਤੀ ਦੇ ਰਾਹ ‘ਤੇ ਅੱਜ ਵੀ ਅਗਾਂਹਵਧੂ ਹੈ।ਉਹਨਾਂ ਨੇ ਹਵਨ ‘ਚ ਮੌਜ਼ੂਦ ਸਾਰੇ ਸਟਾਫ ਮੈਂਬਰਾਂ ਦਾ ਧੰਨਵਾਦ ਕੀਤਾ।
                    ਇਸ ਉਪਰੰਤ ਸੁਦਰਸ਼ਨ ਕਪੂਰ ਜੀ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਵਾਮੀ ਦਿਆਨੰਦ ਜੀ ਦੁਆਰਾ ਸਮਾਜ ‘ਚ ਫੈਲੀਆਂ ਕੁਰੀਤੀਆਂ, ਇਸਤਰੀ ਸਿੱਖਿਆ ‘ਤੇ ਰੋਕ, ਵਿਧਵਾ ਵਿਆਹ, ਛੂਤ-ਛਾਤ ਨੂੰ ਦੁਰ ਕਰਕੇ ਸਮਾਜ ਦਾ ਉਥਾਨ ਕੀਤਾ ਗਿਆ।ਵੇਦਾਂ ਦੀਆਂ ਸਿਖਿਆਵਾਂ ਦਾ ਪ੍ਰਚਾਰ ਕਰਕੇ ਆਰਿਆ ਸਮਾਜ ਨੂੰ ਉਨਤ ਕੀਤਾ।
                  ਇਸ ਸ਼ਰਧਾਂਜਲੀ ਸਮਾਰੋਹ ‘ਚ ਸੰਗੀਤ ਵਿਭਾਗ ਦੇ ਵਿਜੇ ਮਹਿਕ ਅਤੇ ਉਹਨਾਂ ਦੀ ਟੀਮ ਨੇ ਭਜਨ ਪ੍ਰਸਤੁਤ ਕੀਤਾ। ਡਾ. ਅਨੀਤਾ ਨਰਿੰਦਰ ਮੁੱਖੀ ਹਿੰਦੀ ਵਿਭਾਗ ਨੇ ਮੰਚ ਸੰਚਾਲਨ ਕੀਤਾ।ਕਾਲਜ ਦੇ ਆਰਿਆ ਯੁਵਤੀ ਸਭਾ ਦੇ ਮੈਂਬਰ ਅਤੇ ਆਫਿਸ ਬਿਅਰਰਜ਼ ਇਸ ਪਾਵਨ ਹਵਨ ਯੁੱਗ ਵਿੱਚ ਮੌਜ਼ੂਦ ਸਨ।ਹਵਨ ਦੀ ਸਮਾਪਤੀ ‘ਤੇ ਪ੍ਰਸ਼ਾਦ ਵੰਡਿਆ ਗਿਆ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …