ਵਿਰਾਸਤ ਤੇ ਸੱਭਿਆਚਾਰ ਨਾਲ ਜੁੜੇ ਹਰ ਪਹਿਲੂ ਦੀ ਸੰਭਾਲ ਲਈ ਸੂਬਾ ਸਰਕਾਰ ਤਤਪਰ – ਵਿਜੈ ਇੰਦਰ ਸਿੰਗਲਾ
ਸੰਗਰੂਰ, 14 ਨਵੰਬਰ (ਜਗਸੀਰ ਲੌਂਗੋਵਾਲ) – ਵੱੱਖ-ਵੱਖ ਸਿੱਖ ਮਿਸਲਾਂ ਨੂੰ ਇਕਜੁੱਟ ਕਰਕੇ ਵਿਸ਼ਾਲ ਸਿੱਖ ਰਾਜ ਸਥਾਪਿਤ ਕਰਨ ਵਾਲੇ ਸ਼ੇਰ-ਏ-ਪੰਜਾਬ ਮਹਾਰਾਜਾ
ਰਣਜੀਤ ਸਿੰਘ ਦੇ ਜਨਮ ਦਿਵਸ ਮੌਕੇ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਪਹਿਲੇ ਸਿੱਖ ਬਾਦਸ਼ਾਹ ਦੇ ਨਾਨਕੇ ਪਿੰਡ ਬਡਰੁੱਖਾਂ ਵਿਖੇ ਨੂੰ ਪੰਜਾਬ ਸਰਕਾਰ ਵਲੋਂ ਸਤਿਕਾਰ ਭੇਂਟ ਕੀਤਾ।ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਵਿਸ਼ਾਲ ਸਿੱਖ ਰਾਜ ਸਥਾਪਿਤ ਕਰਨ ਦੇ ਨਾਲ-ਨਾਲ ਸਮਾਜ ਸੁਧਾਰਾਂ, ਆਧੁਨਿਕੀਕਰਨ ਅਤੇ ਸਭਿਆਚਾਰਕ ਪੁਨਰ ਜਾਗ੍ਰਿਤੀ ਦੀ ਵਿਰਾਸਤ ਸਾਨੂੰ ਦਿੱਤੀ ਹੈ।ਜਿਸ ਲਈ ਪੂਰੀ ਪੰਜਾਬੀਅਤ ਸਦਾ ਉਨਾਂ ਦੀ ਰਿਣੀ ਰਹੇਗੀ।ਕੈਬਨਿਟ ਮੰਤਰੀ ਨੇ ਦੱਸਿਆ ਕਿ ਕੋਵਿਡ-19 ਦੀ ਮਹਾਂਮਾਰੀ ਫੈਲੇ ਹੋਣ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਅੱਜ ਸਾਦੇ ਸਮਾਗਮ ਦੌਰਾਨ ਹੀ ਸਤਿਕਾਰ ਭੇਂਟ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।
ਸਿੰਗਲਾ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਕਾਂਗਰਸ ਸਰਕਾਰ ਸੂਬੇ ਦੀ ਵਿਰਾਸਤ ਤੇ ਸੱਭਿਆਚਾਰ ਨਾਲ ਜੁੜੇ ਹਰ ਪਹਿਲੂ ਦੀ ਸੰਭਾਲ ਲਈ ਤਤਪਰ ਹੈ ਅਤੇ ਇਸੇ ਤਹਿਤ ਇਸ ਸਾਲ ਦੇ ਬਜ਼ਟ ’ਚ ਵੀ ਇੱਕ ਕਰੋੜ ਰੁਪਏ ਦੀ ਰਕਮ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਯਾਦਗਾਰ ਬਣਾਉਣ ਤੇ ਨਿਸ਼ਾਨੀਆਂ ਸੰਭਾਲਣ ਲਈ ਰਾਖਵੀਂ ਰੱਖੀ ਗਈ ਹੈ।ਉਨਾਂ ਕਿਹਾ ਕਿ ਤਕਨੀਕੀ ਖਾਮੀਂਆਂ ਹੋਣ ਕਾਰਨ ਬਡਰੁੱਖਾਂ ਪਿੰਡ ’ਚ ਲੱਗਣ ਵਾਲਾ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਅਜੇ ਤੱਕ ਸਥਾਪਿਤ ਨਹੀਂ ਕੀਤਾ ਗਿਆ ਅਤੇ ਹੁਣ ਉਨਾਂ ਦਾ ਬੁੱਤ ਨਵੇਂ ਸਿਰਿਓਂ ਤਿਆਰ ਕਰਵਾ ਕੇ ਇੱਕ ਸਾਲ ਦੇ ਅੰਦਰ-ਅੰਦਰ ਸਮਾਰਕ ਵਾਲੀ ਥਾਂ ’ਤੇ ਲਗਵਾਇਆ ਜਾਵੇਗਾ।
ਬਡਰੁੱਖਾਂ ਵਾਸੀਆਂ ਵਲੋਂ ਪਿੰਡ ਦੇ ਸੁਧਾਰ ਲਈ ਰੱਖੀਆਂ ਗਈਆਂ ਮੰਗਾਂ ’ਤੇ ਬੋਲਦਿਆਂ ਸਿੰਗਲਾ ਨੇ ਕਿਹਾ ਕਿ ਪਿੰਡ ਦੀਆਂ 12 ਕਿਲੋਮੀਟਰ ਲੰਬੀਆਂ ਸੜਕਾਂ ’ਤੇ ਪ੍ਰੀਮਿਕਸ ਪਾਉਣ ਲਈ ਲੋੜੀਂਦੀ ਕਾਰਵਾਈ ਜਲਦ ਸ਼ੁਰੂ ਕਰਵਾ ਦਿੱਤੀ ਜਾਵੇਗੀ ਅਤੇ ਸੜਕਾਂ ਨੂੰ 18 ਫੁੱਟ ਚੌੜਾ ਕਰਨ ਲਈ ਪ੍ਰੋਜੈਕਟ ਨਾਬਾਰਡ ਸਕੀਮ ਤਹਿਤ ਬਣਾਇਆ ਜਾਵੇਗਾ ਜਿਸ ਨੂੰ ਜਲਦ ਤੋਂ ਜਲਦ ਮਨਜ਼ੂਰ ਕਰਵਾਉਣ ਲਈ ਉਹ ਨਿੱਜੀ ਤੌਰ ’ਤੇ ਨਜ਼ਰਸਾਨੀ ਕਰਨਗੇ।ਉਨਾਂ ਕਿਹਾ ਕਿ ਪ੍ਰਾਇਮਰੀ ਸਕੂਲ ਦਾ ਨਾਂ ਜਨਰਲ ਹਰਬਖ਼ਸ਼ ਸਿੰਘ ਦੇ ਨਾਂ ’ਤੇ ਰੱਖਣ ਦਾ ਮਤਾ ਮਿਲਣ ਦੇ ਕੱਝ ਦਿਨਾਂ ਦੇ ਅੰਦਰ-ਅੰਦਰ ਹੀ ਸਕੂਲ ਦਾ ਨਾਂ ਬਦਲਣ ਲਈ ਲੋੜੀਂਦਾ ਨੋਟੀਫਿਕੇਸ਼ਨ ਜਾਰੀ ਕਰਵਾ ਦਿੱਤਾ ਜਾਵੇਗਾ।ਉਨਾਂ ਕਿਹਾ ਕਿ ਇਸ ਦੇ ਨਾਲ ਹੀ ਸਟੇਡੀਅਮ ’ਚ ਮਿਆਰੀ ਖੇਡ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਨਿਰਦੇਸ਼ ਜਲਦ ਜਾਰੀ ਕੀਤੇ ਜਾਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਕਾਂਗਰਸੀ ਲੀਡਰ ਦਾਮਨ ਥਿੰਦ ਬਾਜਵਾ, ਡਿਪਟੀ ਕਮਿਸ਼ਨਰ ਰਾਮਵੀਰ, ਐਸ.ਐਸ.ਪੀ ਵਿਵੇਕ ਸ਼ੀਲ ਸੋਨੀ, ਐਸ.ਡੀ.ਐਮ ਬਬਨਦੀਪ ਸਿੰਘ ਵਾਲੀਆ, ਚੇਅਰਮੈਨ ਜ਼ਿਲਾ ਯੋਜਨਾ ਕਮੇਟੀ ਰਾਜਿੰਦਰ ਸਿੰਘ ਰਾਜਾ ਬੀਰ ਕਲਾਂ, ਐਸ.ਜੀ.ਪੀ.ਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਪਿੰਡ ਦੀ ਪੰਚਾਇਤ ਦੇ ਨੁਮਾਇੰਦੇ ਤੇ ਇਲਾਕੇ ਦੇ ਹੋਰ ਪਤਵੰਤੇ ਸੱਜਣ ਮੌਜ਼ੂਦ ਸਨ।
Punjab Post Daily Online Newspaper & Print Media