ਕਪੂਰਥਲਾ, 18 ਨਵੰਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉਪਲ ਨੇ ਜਿਲਾ ਪੱਧਰੀ ਪੰਜਾਬ ਨਾਰਕੋਟਿਕਸ ਪ੍ਰੀਵੈਨਸ਼ਨ
ਕੰਪੇਨ ਕਮੇਟੀ ਦੀ ਮੀਟਿੰਗ ਦੌਰਾਨ ਕਮੇਟੀ ਦੇ ਮੈਂਬਰਾਂ ਨੂੰ ਕਿਹਾ ਹੈ ਕਿ ਉਹ ਨਸ਼ਿਆਂ ਵਿਰੁੱਧ ਜਾਗਰੂਕਤਾ ਲਹਿਰ ਨੂੰ ਦੁਬਾਰਾ ਤੇਜ ਕਰਨ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾ ਕੇ ਬੇਸ਼ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।
ਜਿਲਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਜਿਲਾ ਮਿਸ਼ਨ ਕਮੇਟੀ ਦੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਪੁਲਿਸ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਜਿਲੇ ਅੰਦਰ ਤਸਦੀਕ ਕੀਤੇ ਗਏ ਨਸ਼ੇ ਦੇ 16 ਸਰਗਰਮ ਥਾਵਾਂ ਦੇ ਵਸਨੀਕਾਂ ਨੂੰ ਨੇੜਲੇ ਓਟ ਕੇਂਦਰਾਂ ਨਾਲ ਜੋੜਿਆ ਜਾਵੇ ਤਾਂ ਜੋ ਉਨਾਂ ਥਾਵਾਂ ਦੇ ਵਸਨੀਕਾਂ ਦੇ ਮੁੜ ਵਸੇਬੇ ਦੇ ਯਤਨ ਕੀਤੇ ਜਾ ਸਕਣ।
ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਜਿਲਾ ਪ੍ਰਸ਼ਾਸ਼ਨ ਵਲੋਂ ਕਾਲਾ ਸੰਘਿਆਂ ਤੇ ਨਵਜੀਵਨ ਕੇਂਦਰ ਕਪੂਰਥਲਾ ਵਿਖੇ ਓਟ ਕਲੀਨਿਕਾਂ ਨੇੜੇ ਵੱਖ-ਵੱਖ ਹੁਨਰ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ।ਪ੍ਰਾਜੈਕਟ ਦੇ ਨੋਡਲ ਅਫਸਰ ਐਸ.ਡੀ.ਐਮ ਭੁਲੱਥ ਟੀ.ਬੈਨਿਥ ਨੇ ਦੱਸਿਆ ਕਿ ਜਿਲੇ ਅੰਦਰ ਇਸ ਸਮੇਂ 8000 ਡੈਪੋ ਰਜਿਸਟਰਡ ਹਨ ਅਤੇ ਉਨਾਂ ਦੀ ਸਹਾਇਤਾ ਨਾਲ ਦਸੰਬਰ ਨਸ਼ਾ ਮੁਕਤੀ ਸਬੰਧੀ ਸਾਈਕਲ ਰੈਲੀ ਤੇ ਜਨਵਰੀ ਮਹੀਨੇ ਵਿਚ ਲੋਹੜੀ ਮੌਕੇ ਵੀ ਸਮਾਗਮ ਕਰਵਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਨਸ਼ਾ ਛੱਡ ਚੁੱਕੇ ਨੌਜਵਾਨਾਂ ਦੇ ਪੁਨਰ ਵਸੇਬੇ ਤੇ ਨੌਕਰੀ ਪ੍ਰਾਪਤ ਕਰਨ ਵਿਚ ਸਹਾਇਤਾ ਲਈ ਜਿਲਾ ਰੁਜ਼ਗਾਰ ਬਿਊਰੋ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਅਜਿਹੇ ਨੌਜਵਾਨਾਂ ਦੀ ਪਛਾਣ ਤੇ ਰੁਜ਼ਗਾਰ ਸਥਾਪਨਾ ਵੱਲ ਵਿਸ਼ੇਸ਼ ਤਵੱਜ਼ੋ ਦੇਣ।
ਉਨਾਂ ਇਹ ਵੀ ਦੱਸਿਆ ਕਿ ਸਕੂਲਾਂ ਅੰਦਰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਉਣ ਲਈ ਹਰ ਉਪ ਮੰਡਲ ਦੇ 21-21 ਸਕੂਲਾਂ ਅੰਦਰ ਵਾਲ ਪੇਂਟਿੰਗ ਕੀਤੀ ਜਾਵੇਗੀ, ਜਿਸ ਲਈ ਲੋੜੀਂਦੇ ਫੰਡ ਜਿਲਾ ਸਿੱਖਿਆ ਦਫਤਰ ਨੂੰ ਜਾਰੀ ਕਰ ਦਿੱਤੇ ਗਏ ਹਨ।
ਮੀਟਿੰਗ ਦੌਰਾਨ ਐਸ.ਡੀ.ਐਮ ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ, ਐਸ.ਡੀ.ਐਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ, ਡੀ.ਡੀ.ਪੀ.ਓ ਲਖਵਿੰਦਰ ਸਿੰਘ, ਜਿਲਾ ਸਿੱਖਿਆ ਅਫਸਰ ਗੁਰਭਜਨ ਸਿੰਘ ਲਾਸਾਨੀ, ਡਾ. ਸੰਦੀਪ ਭੋਲਾ ਇੰਚਾਰਜ ਡਰੱਗ ਡੀ ਅਡਿਕਸ਼ਨ , ਜਿਲਾ ਰੋਜ਼ਗਾਰ ਅਫਸਰ ਨੀਲਮ ਮਹੇ, ਕਰਨ ਮਹਾਜਨ, ਗੁਰਮੁੱਖ ਸਿੰਘ ਢੋਟ ਗੇਰ ਸਰਕਾਰੀ ਸੰਸਥਾਵਾਂ ਦੇ ਚੇਅਰਮੈਨ ਹਾਜ਼ਰ ਸਨ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media