ਕਾਰ ਪਾਰਕਿੰਗ, ਗਲੀਆਂ ਅਤੇ ਗਲਿਆਰੇ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 19 ਨਵੰਬਰ (ਸੁਖਬੀਰ ਸਿੰਘ) – ਸ੍ਰੀ ਦਰਬਾਰ ਸਾਹਿਬ ਆਉਂਦੇ ਸ਼ਰਧਾਲੂਆਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ
ਖਹਿਰਾ ਨੇ ਇਸ ਦੇ ਚੌਗਿਰਦੇ ਦੀ ਦੇਖ-ਭਾਲ ਵਿਚ ਲੱਗੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੌਕੇ ‘ਤੇ ਜਾ ਕੇ ਲੋੜੀਂਦੇ ਕਦਮ ਚੁੱਕਣ ਤੇ ਗਲਿਆਰੇ ਸਮੇਤ ਸ੍ਰੀ ਦਰਬਾਰ ਸਾਹਿਬ ਨੂੰ ਆਉਂਦੇ ਸਾਰੇ ਰਸਤਿਆਂ ਨੂੰ ਕਚਰਾ ਮੁਕਤ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ।ਖਹਿਰਾ ਨੇ ਖ਼ੁੱਦ ਕਾਰ ਪਾਰਕਿੰਗ, ਬਾਥਰੂਮ, ਰਸਤੇ, ਦੁਕਾਨਦਾਰਾਂ ਵਲੋਂ ਕੀਤੇ ਕਬਜ਼ੇ ਅਤੇ ਗਲੀਆਂ ਦੀ ਹਾਲਤ ਵੇਖੀ ਅਤੇ ਸਾਰੇ ਵਿਭਾਗਾਂ ਨੂੰ ਇਸ ਵਿਚ ਵਿਆਪਕ ਸੁਧਾਰ ਲਿਆਉਣ ਦੀਆਂ ਹਦਾਇਤਾਂ ਕੀਤੀਆਂ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਫਿਲਹਾਲ ਉਨਾਂ ਦਾ ਪਹਿਲਾ ਦੌਰਾ ਹੈ, ਪਰ ਉਹ ਹੁਣ ਹਰ ਦੋ ਮਹੀਨਿਆਂ ਬਾਅਦ ਇਸ ਰਸਤੇ ਅਤੇ ਚੌਗਿਰਦੇ ਦੀ ਸਾਰ ਲੈਣ ਲਈ ਮੌਕੇ ‘ਤੇ ਪਹੁੰਚਣਗੇ।ਖਹਿਰਾ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸਾਡਾ ਵੱਡਾ ਤੀਰਥ ਹੀ ਨਹੀਂ, ਬਲਕਿ ਸ਼ਹਿਰ ਵਿਚ ਵਧ ਰਹੇ ਧਾਰਮਿਕ ਟੂਰਜ਼ਿਮ ਦਾ ਵੀ ਮੁੱਖ ਕੇਂਦਰ ਵੀ ਹੈ।ਸ੍ਰੀ ਦਰਬਾਰ ਦੇ ਦਰਸ਼ਨਾਂ ਨੂੰ ਆਉਂਦੇ ਸ਼ਰਧਾਲੂਆਂ ਕਾਰਨ ਇਥੋਂ ਦੀ ਸੈਰ ਸਪਾਟਾ ਸਨਅਤ ਵਧ ਫੁੱਲ ਰਹੀ ਹੈ, ਸੋ ਇਸ ਦੇ ਆਲੇ ਦੁਆਲੇ ਦਾ ਧਿਆਨ ਰੱਖਣਾ ਵੀ ਸਾਡਾ ਸਾਰਿਆਂ ਦਾ ਫਰਜ਼ ਹੈ।
ਖਹਿਰਾ ਨੇ ਮੁੱਖ ਪਾਰਕਿੰਗ ਦਾ ਜਾਇਜ਼ਾ ਲੈਂਦੇ ਇਸ ਦੀ ਖਸਤਾ ਹਾਲਤ ਵੇਖੀ ਅਤੇ ਇਸ ਨੂੰ ਆਉਂਦੇ ਰਸਤੇ, ਕੰਪਲੈਕਸ ਵਿਚ ਲਾਇਟਾਂ ਦੀ ਘਾਟ, ਥਾਂ-ਥਾਂ ਖਿੱਲਰੀ ਗੰਦਗੀ, ਬਾਥਰੂਮਾਂ ਦੀ ਮਾੜੀ ਹਾਲਤ ਦਾ ਗੰਭੀਰ ਨੋਟਿਸ ਲੈਂਦੇ ਅੰਮ੍ਰਿਤਸਰ ਵਿਕਾਸ ਅਥਾਰਟੀ ਅਤੇ ਇਥੇ ਕੰਮ ਕਰ ਰਹੇ ਠੇਕੇਦਾਰ ਦੇ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਇਸ ਪਾਰਕਿੰਗ ਨੂੰ ਰੰਗ ਕਰਨ, ਸੂਚਨਾ ਬੋਰਡ ਲਗਾਉਣ, ਬਾਥਰੂਮਾਂ ਨੂੰ ਸਾਫ ਕਰਨ, ਲਿਫਟ ਚਾਲੂ ਕਰਨ, ਗੱਡੀਆਂ ਖ਼ੜੀਆਂ ਕਰਨ ਲਈ ਫਰਸ਼ ‘ਤੇ ਲਾਈਨਾਂ ਅਤੇ ਵਧੀਆ ਲਾਇਟਾਂ ਲਗਾਉਣ ਆਦਿ ਦੇ ਨਿਰਦੇਸ਼ ਦਿੱਤੇ।ਉਨਾਂ ਵਿਰਾਸਤੀ ਗਲੀ ਵਿਚ ਲੱਗੇ ਬੁਤਾਂ ਦੀ ਸਾਫ ਸਫਾਈ ਕਰਨ ਦੇ ਪੌਦਿਆਂ ਦੀ ਸਾਂਭ-ਸੰਭਾਲ ਕਰਨ ਦੀ ਹਦਾਇਤ ਵੀ ਕੀਤੀ।ਖਹਿਰਾ ਨੇ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ਦੇ ਦੁਕਾਨਦਾਰਾਂ ਨੂੰ ਮੌਕੇ ‘ਤੇ ਜਾ ਕੇ ਅਪੀਲ ਕੀਤੀ ਕਿ ਉਹ ਆਪਣਾ ਸਮਾਨ ਆਪਣੀ ਦੁਕਾਨ ਤੱਕ ਸੀਮਤ ਰੱਖਣ। ਉਨਾਂ ਹਾਜ਼ਰ ਅਧਿਕਾਰੀਆਂ ਨੂੰ ਕਿਹਾ ਕਿ ਅੱਜ ਦੀ ਅਪੀਲ ਤੋਂ ਬਾਅਦ ਇਨਾਂ ‘ਤੇ ਸਖਤੀ ਨਾਲ ਨਜ਼ਰ ਰੱਖੀ ਜਾਵੇ ਅਤੇ ਹਰੇਕ ਦੁਕਾਨਦਾਰ ਨੂੰ ਆਪਣੀ ਹੱਦ ‘ਚ ਰਹਿ ਕੇ ਕੰਮ ਕਰਨ ਦੀ ਆਗਿਆ ਦਿੱਤੀ ਜਾਵੇ।
ਇਸ ਮੌਕੇ ਵਧੀਕ ਕਮਿਸ਼ਨਰ ਕਾਰਪੋਰੇਸ਼ਨ ਸੰਦੀਪ ਰਿਸ਼ੀ, ਏ.ਡੀ.ਸੀ.ਪੀ ਟ੍ਰੈਫਿਕ ਪਰਮਿੰਦਰਪਾਲ ਸਿੰਘ ਭੰਡਾਲ, ਐਕਸੀਅਨ ਗੁਰਪ੍ਰੀਤ ਸਿੰਘ, ਇੰਸਪੈਕਟਰ ਅਨੂਪ ਸੈਣੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media