ਰੇਲ ਰੋਕੋ ਅੰਦੋਲਨ 57ਵੇਂ ਦਿਨ ‘ਚ ਦਾਖਲ
ਜੰਡਿਆਲਾ ਗੁਰੂ, 20 ਨਵੰਬਰ (ਹਰਿੰਦਰ ਪਾਲ ਸਿੰਘ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਦਿੱਲੀ ਘਿਰਾਓ ਲਈ ਜ਼ੋਨਾਂ ਤੇ ਪਿੰਡਾਂ ਵਿੱਚ ਤੂਫਾਨੀ ਦੌਰੇ
ਸ਼ੁਰੂ ਕਰ ਦਿੱਤੇ ਗਏ ਹਨ।ਜਿਲਾ ਅੰਮ੍ਰਿਤਸਰ ਵਿੱਚ ਸੂਬਾ ਜਨ: ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ ਮਜੀਠਾ, ਕੱਥੂਨੰਗਲ ਤੇ ਤਰਸਿੱਕਾ ਜੋਨਾਂ ਵਿੱਚ ਵੱਡੇ ਇਕੱਠ ਕਰਕੇ ਤਿਆਰੀ ਕਰਵਾਈ ਗਈ ਤੇ ਪਿੰਡਾਂ ‘ਚ ਮੀਟਿੰਗਾਂ ਕੀਤੀਆਂ।ਜਦਕਿ ਤਰਨਤਾਰਨ ਜਿਲੇ ਵਿੱਚ ਸੁਖਵਿੰਦਰ ਸਿੰਘ ਸਭਰਾ ਦੀ ਅਗਵਾਈ ‘ਚ ਤਿਆਰੀ ਮੁਹਿੰਮ ਪੂਰੇ ਜ਼ੋਰਾਂ ‘ਤੇ ਹੈ।ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਜਿਹੜੇ ਕਾਰਪੋਰੇਟ ਨੂੰ ਸੱਦ ਰਹੀ ਹੈ ਉਹ ਵੀ ਨਿੱਜੀਕਰਨ ਦੀਆਂ ਨੀਤੀਆਂ ਦਾ ਹਿੱਸਾ ਹੈ, ਉਨਾਂ ਦਿੱਲੀ ਧਰਨੇ ਵਿੱਚ ਵੀ ਕਿਹਾ ਸੀ ਕਿ ਉਹ ਕਾਰਪੋਰੇਟਾਂ ਨਾਲ ਲੜਨ ਨਹੀਂ ਆਇਆ।ਦੂਜੇ ਪਾਸੇ ਕੈਪਟਨ ਸਰਕਾਰ ਤੇ ਕਾਂਗਰਸ ਮੋਦੀ ਸਰਕਾਰ ਨੂੰ ਅੰਬਾਨੀ, ਅਡਾਨੀ ਦੱਸ ਕੇ ਭੰਡਦੀ ਹੈ।ਲਾਲ ਸਿੰਘ ਮੁਤਾਬਿਕ ਝੋਨੇ ਦੇ ਝਾੜ ਵਿੱਚ 25% ਵਾਧਾ ਹੋਇਆ ਹੈ ਤੇ 35 ਲੱਖ ਮੀਟਿਰਕ ਟਨ ਵੱਧ ਝੋਨਾ ਆਇਆ ਹੈ।ਇਹ ਸਹੀ ਨਹੀਂ ਕਿਉਂਕਿ ਝੋਨੇ ਦੇ ਝਾੜ ਵਿੱਚ ਥੋੜਾ ਵਾਧਾ ਹੋਇਆ ਹੈ।ਅਸਲ ਵਿੱਚ ਵਪਾਰੀਆਂ ਵਲੋਂ ਯੂ.ਪੀ ਤੇ ਬਿਹਾਰ ਦੇ ਕਿਸਾਨਾਂ ਦੀ 900 ਤੋਂ 1200 ਰੁਪਏ ‘ਚ ਲੁੱਟ ਕਰਕੇ ਲਿਆਂਦਾ ਝੋਨਾ ਪੰਜਾਬ ਦੀਆਂ ਮੰਡੀਆਂ ਵਿੱਚ ਵੱਡੇ ਪੱਧਰ ‘ਤੇ ਵੇਚਿਆ ਹੈ ਤੇ ਇਸ ਵਾਰ 25% ਮੰਡੀ ਫੀਸ ਵੀ ਵੱਟੀ ਹੈ।ਕੈਪਟਨ ਸਰਕਾਰ 40 ਕਰੋੜ ਰੁਪਏ ਖਰਚ ਕੇ ਖਾਦਾਂ, ਜਰੂਰੀ ਵਸਤਾਂ ਤੇ ਵਪਾਰੀਆਂ ਦਾ ਸਮਾਨ ਟਰੱਕਾਂ ਰਾਹੀਂ ਭੇਜੇ।ਕੈਪਟਨ ਨੂੰ ਮੋਦੀ ਸਰਕਾਰ ਵਲੋਂ ਮਾਲ ਗੱਡੀਆਂ ਬੰਦ ਕਰਨ ‘ਤੇ ਕੋਈ ਅਫਸੋਸ ਨਹੀਂ, ਪਰ ਕਿਸਾਨਾਂ ਵਲੋਂ ਖੇਤੀ ਬਿੱਲ ਰੱਦ ਕਰਵਾਉਣ ਲਈ ਯਾਤਰੂ ਗੱਡੀਆਂ ਨਾਂ ਚੱਲਣ ਦੇਣ ‘ਤੇ ਜਿਆਦਾ ਦੁੱਖ ਹੈ।
ਇਸੇ ਤਰਾਂ ਅੱਜ ਗੁਰਬਚਨ ਸਿੰਘ ਚੱਬਾ ਨੇ ਬਾਬਾ ਨੌਧ ਸਿੰਘ ਜੀ ਜੋਨ ਦੀ ਤਿਆਰੀ ਕਰਵਾਈ, ਜਰਮਨਜੀਤ ਸਿੰਘ ਬੰਡਾਲਾ ਨੇ ਜੋਨ ਬਾਉਲੀ ਸਾਹਿਬ ਤੇ ਜੋਨ ਚੋਗਾਵਾਂ, ਲਖਵਿੰਦਰ ਸਿੰਘ ਵਰਿਆਮਨੰਗਲ ਨੇ ਜੋਨ ਰਾਮਤੀਰਥ ਦੀ ਦਿੱਲੀ ਜਾਣ ਲਈ ਤਿਆਰੀ ਕਰਵਾਈ।ਜੰਡਿਆਲਾ ਗੁਰੂ ਵਿਖੇ ਰੇਲ ਰੋਕੋ ਅੰਦੋਲਨ ਨੂੰ ਸੰਬੋਧਨ ਕਰਦਿਆਂ ਹਰਪ੍ਰੀਤ ਸਿੰਘ ਸਿੱਧਵਾਂ ਨੇ ਕਿਹਾ ਕਿ ਆਰਡੀਨੈਂਸ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਸਲਵਿੰਦਰ ਸਿੰਘ ਜੀਉਬਾਲਾ, ਗੁਰਜੀਤ ਸਿੰਘ ਗੰਡੀਵਿੰਡ ਮੁਖਤਾਰ ਸਿੰਘ ਬਾਕੀਪੁਰ, ਦਲਬੀਰ ਸਿੰਘ ਮਾਣਕਪੁਰਾ, ਮੇਜਰ ਸਿੰਘ ਕਸੇਲ, ਗੁਰਦੇਵ ਸਿੰਘ ਝਾਮਕਾ, ਕਸ਼ਮੀਰ ਸਿੰਘ ਭੁੱਚਰ, ਰੂਪ ਸਿੰਘ ਸੁਰਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
Punjab Post Daily Online Newspaper & Print Media