Wednesday, August 12, 2026

ਮਾਲ ਗੱਡੀਆਂ ਰਾਹੀਂ ਪੁੱਜੀ 800 ਮੀਟਰਕ ਟਨ ਯੂਰੀਆ, ਕਿਸਾਨਾਂ ਤੇ ਡੀਲਰਾਂ ਨੇ ਲਿਆ ਸੁੱਖ ਦਾ ਸਾਹ

ਕਪੂਰਥਲਾ, 28 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਗਈ ਪਹਿਲਕਦਮੀ ਨਾਲ ਕਿਸਾਨ ਜਥੇਬੰਦੀਆਂ ਵਲੋਂ ਮਾਲ ਗੱਡੀਆਂ ਨੂੰ ਲਾਂਘਾ ਦੇਣ ਪਿਛੋਂ ਕਪੂਰਥਲਾ ਜਿਲੇ ਲਈ ਮਾਲ ਗੱਡੀ ਦਾ ਪਹਿਲਾ ਰੈਕ ਅੱਜ ਜਲੰਧਰ ਰੇਲਵੇ ਸਟੇਸ਼ਨ `ਤੇ ਲੱਗਾ, ਜਿਸ ਨਾਲ ਜਿਲੇ ਅੰਦਰ 800 ਮੀਟਰਿਕ ਟਨ ਯੂਰੀਆ ਖਾਦ ਪੁੱਜੀ ਹੈ।
                 ਪਿਛਲੇ 60 ਦਿਨ ਮਾਲ ਗੱਡੀਆਂ ਬੰਦ ਰਹਿਣ ਕਾਰਨ ਕਿਸਾਨਾਂ ਤੇ ਡੀਲਰਾਂ ਨੂੰ ਖਾਦ ਦੀ ਕਮੀ ਕਾਰਨ ਵੱਡੀ ਪੱਧਰ `ਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਕਿਸਾਨਾਂ ਨੂੰ ਖਾਦ 350 ਰੁਪੈ ਬੋਰੀ ਤੋਂ ਵੀ ਮਹਿੰਗੀ ਮਿਲ ਰਹੀ ਸੀ।
                   ਸਹਿਕਾਰਤਾ ਵਿਭਾਗ ਦੇ ਜਿਲਾ ਰਜਿਸਟਰਾਰ ਸਰਬਜੀਤ ਕੌਰ ਨੇ ਦੱਸਿਆ ਕਿ ਰੇਲਵੇ ਵਲੋਂ ਪਹਿਲਾ ਅੱਜ ਆ ਗਿਆ ਹੈ ਅਤੇ ਅਗਲੇ ਸ਼ਨੀਵਾਰ ਤੇ ਐਤਵਾਰ ਲਗਾਤਾਰ ਦੋ ਰੈਕ ਹੋਰ ਕਪੂਰਥਲਾ ਜਿਲੇ ਲਈ ਆ ਰਹੇ ਹਨ, ਜਿਨਾਂ ਰਾਹੀਂ ਲਗਭਗ 1700 ਮੀਟਰਕ ਟਨ ਯੂਰੀਆ ਹੋਰ ਆਵੇਗਾ।ਜਿਲੇ ਅੰਦਰ ਯੂਰੀਆ ਦੀ ਮੰਗ 14903 ਮੀਟਰਕ ਟੁਨ ਹੁੰਦੀ ਹੈ, ਜਿਸ ਵਿਚੋਂ ਮਾਰਕਫੈਡ ਤੋਂ ਹੋ ਕੇ ਸੁਸਾਇਟੀਆਂ ਰਾਹੀਂ 11177 ਮੀਟਰਕ ਟਨ ਖਾਦ ਕਿਸਾਨਾਂ ਤੱਕ ਪਹੁੰਚਦੀ ਹੈ।ਉਨਾਂ ਦੱਸਿਆ ਕਿ ਮਾਲ ਗੱਡੀਆ ਚੱਲਣ ਤੋਂ ਪਹਿਲਾਂ ਕੇਵਲ 1133 ਮੀਟਰਕ ਟਨ ਸਟਾਕ ਹੀ ਮੌਜ਼ੂਦ ਸੀ।
                   ਸੁਲਤਾਨਪੁਰ ਲੋਧੀ ਵਿਖੇ ਪੈਸਟੀਸਾਇਡ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਸਤਪਾਲ ਮਨਚੰਦਾ ਨੇ ਦੱਸਿਆ ਕਿ ਅਨੇਕਾਂ ਡੀਲਰਾਂ ਨੇ ਹਰਿਆਣਾ ਤੇ ਰਾਜਸਥਾਨ ਵਿਖੇ ਅਦਾਇਗੀ ਕਰਕੇ ਆਪਣੇ ਲੱਖਾਂ ਰੁਪੈ ਵੀ ਫਸਾ ਲਏ, ਪਰ ਖਾਦ ਫਿਰ ਵੀ ਨਾ ਮਿਲੀ।ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਲੋਂ ਕੀਤੀ ਪਹਿਲ ਨੇ ਕਿਸਾਨਾਂ, ਦੁਕਾਨਦਾਰਾਂ ਨੂੰ ਸੁੱਖ ਦਾ ਸਾਹ ਆਇਆ ਹੈ।
                    ਖੇਤੀਬਾੜੀ ਵਿਭਾਗ ਅਨੁਸਾਰ ਵਰਤਮਾਨ ਸਮੇਂ ਕਣਕ ਦੀ ਫਸਲ ਨੂੰ ਪਾਣੀ ਲੱਗ ਰਿਹਾ ਹੈ, ਜਿਸ ਪਿੱਛੋਂ ਤੁਰੰਤ ਯੂਰੀਆ ਦੀ ਲੋੜ ਹੁੰਦੀ ਹੈ।ਜਿਲੇ ਅੰਦਰ ਕਣਕ ਦਾ 1 ਲੱਖ 18 ਹਜ਼ਾਰ ਹੈਕਟੇਅਰ ਰਕਬਾ ਹੈ।ਇਸ ਤੋਂ ਇਲਾਵਾ ਜਿਲੇ ਅੰਦਰ 10,000 ਹੈਕਟੇਅਰ ਰਕਬੇ ਅੰਦਰ ਆਲੂ ਦੀ ਫਸਲ ਹੁੰਦੀ ਹੈ, ਜਿਸ ਲਈ ਵੀ ਯੂਰੀਆ ਦੀ ਵੱਡੀ ਲੋੜ ਹੈ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …