ਕਿਹਾ ਜਮੀਨੀਂ ਪੱਧਰ ‘ਤੇ ਵਿਕਾਸ ਕਾਰਜ਼ਾਂ ਦਾ ਲੈਣਗੇ ਜਾਇਜ਼ਾ
ਅੰਮ੍ਰਿਤਸਰ, 15 ਦਸੰਬਰ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਨਗਰ ਨਿਗਮ ਦੇ ਵੱਖ-ਵੱਖ ਵਿਭਾਗਾਂ ਦੇ ਕੰਮ ਕਾਜ਼ ਦੀ ਸਮੀਖਿਆ ਕਰਨ ਲਈ
ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।ਜਿਸ ਦੌਰਾਨ ਉਨਾਂ ਨੇ ਅੀਧਕਾਰੀਆਂ ਪਾਸੋਂ ਪਿਛਲੇ ਦਿਨੀ ਹੋਈ ਮੀਟਿੰਗ ਵਿਚ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਕੀਤੀ ਜਾ ਰਹੀ ਕਾਰਵਾਈ ਬਾਰੇ ਜਾਣਕਾਰੀ ਪ੍ਰਾਪਤ ਕੀਤੀ।
ਉਹਨਾਂ ਹਾਜ਼ਰ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਹੁਣ ਸਮਾਂ ਕੇਵਲ ਦਫ਼ਤਰਾਂ ਵਿਚ ਬੈਠ ਕੇ ਕੰਮ ਕਰਨ ਦਾ ਨਹੀਂ ਹੈ, ਸਗੋਂ ਸਾਨੂੰ ਸਾਰਿਆਂ ਨੂੰ ਸੜ੍ਹਕਾਂ ‘ਤੇ ਆਪ ਉਤਰਣਾ ਪਵੇਗਾ।ਉਹਨਾਂ ਇਹ ਵੀ ਕਿਹਾ ਕਿ ਅਧਿਕਾਰੀ ਰੋਜ਼ਾਨਾਂ ਦੇ ਪ੍ਰੋਗਰਾਮ ਉਲੀਕਣ ਤਾਂ ਜੋ ਉਹ ਆਪ, ਕਮਿਸ਼ਨਰ ਅਤੇ ਸਬੰਧਤ ਅਧਿਕਾਰੀ, ਇਕ ਟੀਮ ਵਾਂਗ ਇਸ ਗੁਰੂ ਨਗਰੀ ਦੇ ਵਿਕਾਸ ਕਾਰਜ਼ਾਂ ਨੂੰ ਨੇਪੜੇ ਚਾੜ ਸਕਣ।ਮੇਅਰ ਨੇ ਕਿਹਾ ਕਿ ਸ਼ਹਿਰ ਨੂੰ ਸਾਫ-ਸੁਥਰਾ ਰੱਖਣਾ ਅਤੇ ਸੜ੍ਹਕਾਂ ‘ਤੇ ਨਜਾਇਜ਼ ਫੜ੍ਹੀਆਂ-ਰੇਹੜੀਆਂ ਦੀ ਰੋਕਥਾਮ ਅਤੇ ਪਹਿਲਾਂ ਤੋਂ ਲੱਗ ਰਹੀਆਂ ਨੂੰ ਸੁਚੱਜੇ ਢੰਗ ਨਾਲ ਤਰਤੀਬਵਾਰ ਅਤੇ ਸਹੀ ਜਗ੍ਹਾਵਾਂ ਤੇ ਖੜੇ ਕਰਵਾਉਣ ਦੀ ਨਗਰ ਨਿਗਮ ਦੇ ਨਾਲ-ਨਾਲ ਸ਼ਹਿਰ ਵਾਸੀਆਂ ਦੀ ਵੀ ਜਿੰਮੇਵਾਰੀ ਹੈ।
ਉਨਾ ਕਿਹਾ ਕਿ ਨਗਰ ਨਿਗਮ ਸ਼ਹਿਰ ਵਾਸੀਆਂ ਨੂੰ ਸਾਰੀਆਂ ਮੁਢਲੀਆਂ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।ਇਹ ਤਾਂ ਹੀ ਸੰਭਵ ਹੈ ਜੇ ਸ਼ਹਿਰ ਵਾਸੀ ਨਗਰ ਨਿਗਮ ਨੂੰ ਆਪਣਾ ਸਹਿਯੋਗ ਦਿੰਦਿਆਂ ਘਰਾਂ, ਦੁਕਾਨਾਂ, ਰੇਹੜੀਆਂ-ਫੜ੍ਹੀਆਂ ਦਾ ਗਿੱਲਾ-ਸੁੱਕਾ ਕੂੜਾ ਅਲੱਗ-ਅਲੱਗ ਕੂੜਾਦਾਨਾਂ ਵਿਚ ਸੁੱਟਣ।ਰੇਹੜੀ ਫੜ੍ਹੀ ਵਾਲੇ ਆਪਣੀਆਂ ਰੇਹੜੀਆਂ ਸੜ੍ਕਾਂ ਤੇ ਲਗਾਈ ਗਈ ਪੀਲੀ ਲਾਈਨ ਦੇ ਅੰਦਰ ਅਤੇ ਹੋਰ ਨਿਰਧਾਰਿਤ ਕੀਤੀਆਂ ਥਾਵਾਂ ‘ਤੇ ਲਗਾਉਣ ਅਤੇ ਸ਼ਹਿਰ ਨੂੰ ਹਰਾ-ਭਰਾ ਰੱਖਣ।ਜਿਸ ਨਾਲ ਸ਼ਹਿਰ ਦੇ ਵਾਤਾਵਰਣ ਤੇ ਟ੍ਰੈਫਿਕ ਵਿਵਸਥਾ ਵਿੱਚ ਸੁਧਾਰ ਹੋਵੇਗਾ।ਮੇਅਰ ਰਿੰਟੂ ਨੇ ਸ਼ਹਿਰੀਆਂ ਨੂੰ ਯਕੀਨ ਦਿਵਾਇਆ ਕਿ ਨਗਰ ਨਿਗਮ ਵੱਲੋਂ ਸ਼ਹਿਰ ਦੇ ਵਿਕਾਸ ਕਾਰਜ਼ਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਮੀਟਿੰਗ ਵਿਚ ਨਿਗਰਾਨ ਇੰਜੀ. (ਸਿਵਲ) ਦਪਿੰਦਰ ਸੰਧੂ, ਨਿਗਰਾਨ ਇੰਜੀ. (ਓ.ਐਂਡ ਐਮ.) ਅਨੁਰਾਗ ਮਹਾਜਨ, ਕਾਰਜ਼ਕਾਰੀ ਇੰਜੀ. ਸੰਦੀਪ ਸਿੰਘ, ਭਲਿੰਦਰ ਸਿੰਘ, ਸਿਹਤ ਅਫ਼ਸਰ ਡਾ: ਅਜੈ ਕੰਵਰ, ਡਾ: ਯੋਗੇਸ਼ ਅਰੋੜਾ, ਅਸਟੇਟ ਅਫ਼ਸਰ ਸੁਸ਼ਾਂਤ ਭਾਟੀਆ ਅਤੇ ਸਮੂਹ ਚੀਫ਼ ਸੈਨੇਟਰੀ ਇੰਸਪੈਕਟਰ ਆਦਿ ਹਾਜ਼ਰ ਸਨ।
Punjab Post Daily Online Newspaper & Print Media