ਧਾਰਾ 302 ਤਹਿਤ 34 ਵਿਚੋਂ 30 ਮੁਕੱਦਮੇ ਟਰੇਸ ਕਰਕੇ 85 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ
ਅੰਮ੍ਰਿਤਸਰ, 1 ਜਨਵਰੀ 2021 (ਸੁਖਬੀਰ ਸਿੰਘ) – ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਪੁਲਿਸ ਕਮਿਸਨਰ ਡਾ: ਸੁਖਚੈਨ ਸਿੰਘ ਗਿੱਲ ਦੀ ਅਗਵਾਈ ਵਿੱਚ ਸਾਲ
2020 ਦੌਰਾਨ ਨਵੇਂ ਮੀਲ ਪੱਥਰ ਸਥਾਪਿਤ ਕੀਤੇ।
ਪੁਲਿਸ ਨੇ ਵਿਸ਼ਵ ਵਿਆਪੀ ਮਹਾਂਮਾਰੀ ਕੋਵਿਡ-19 ਦੇ ਕੋਰੋਨਾ ਵਾਇਰਸ ਅਤੇ ਸਮਾਜ ਵਿਰੋਧੀ ਅਨਸਰਾਂ ਦੋਵਾਂ ਤੋਂ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ।ਖਾਕੀ ਵਰਦੀ ਕੋਰੋਨਾ ਸੰਕਟ ਸਮੇਂ ਲੋਕਾਂ ਦੀ ਸੇਵਾ ਕਰਨ ਲਈ ਫਰੰਟ ਲਾਈਨ ਵਿਚ ਰਹੀ।
ਅੰਮ੍ਰਿਤਸਰ ਕਮਿਸਨਰੇਟ ਪੁਲਿਸ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਆਪਣੀਆਂ ਅਤੇ ਆਪਣੇ ਪਰਿਵਾਰਾਂ ਦੀਆਂ ਜਾਨਾਂ ਜੋਖਮ ਵਿੱਚ ਪਾ ਕੇ ਤਾਲਾਬੰਦੀ ਨੂੰ ਇੰਨ-ਬਿੰਨ ਲਾਗੂ ਕਰਨ ਵਿੱਚ ਸਭ ਤੋਂ ਅੱਗੇ ਰਹੀ। ਅਤਿ ਦੀ ਗਰਮੀ, ਭਾਰੀ ਬਾਰਿਸ ਅਤੇ ਹੁਣ ਕੜਾਕੇ ਦੀ ਠੰਡ ਵਿਚ ਲੋਕਾਂ ਦੀ ਜਾਨ ਬਚਾਉਣ ਲਈ ਪੁਲਿਸ ਨੇ ਕਰਫਿਊ ਅਤੇ ਰਾਤ ਦੇ ਕਰਫਿਊ ਨੂੰ ਸਫਲਤਾਪੂਰਵਕ ਲਾਗੂ ਕੀਤਾ।
ਕਮਿਸ਼ਨਰੇਟ ਪੁਲਿਸ ਨੇ ਕਰਫਿਊ/ਤਾਲਾਬੰਦੀ ਦੌਰਾਨ ਲਗਨ, ਇਮਾਨਦਾਰੀ ਅਤੇ ਉੱਚ ਪੇਸੇਵਰਾਨਾ ਢੰਗ ਨਾਲ ਸੇਵਾਵਾਂ ਮੁਹੱਈਆ ਕਰਕੇ ਮਨੁੱਖਤਾਵਾਦੀ ਪੁਲਿਸ ਦਾ ਇੱਕ ਵੱਡਾ ਮਾਪਦੰਡ ਕਾਇਮ ਕੀਤਾ। ਪੁਲਿਸ ਕਮਿਸ਼ਨਰ, ਜੋ ਖੁਦ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਫੀਲਡ ਵਿੱਚ ਰਹੇ।ਉਨਾਂ ਦੀ ਅਗਵਾਈ ‘ਚ ਪੁਲਿਸ ਨੇ ਕਰਫਿਊ/ਤਾਲਾਬੰਦੀ ਦੌਰਾਨ ਲੋੜਵੰਦ ਲੋਕਾਂ ਨੂੰ ਦਵਾਈਆਂ, ਕਰਿਆਨਾ, ਦੁੱਧ ਅਤੇ ਹੋਰ ਚੀਜਾਂ ਮੁਹੱਈਆ ਕਰਾਉਣ ਤੋਂ ਲੈ ਕੇ ਬੱਚਿਆਂ ਦੇ ਜਨਮ ਦਿਨ ਨੂੰ ਮਨਾਉਣ ਅਤੇ ਆਪਣੇ ਵਾਹਨਾਂ ਵਿੱਚ ਲੋਕਾਂ ਨੂੰ ਡਾਕਟਰੀ ਸਹਾਇਤਾ ਮਿਲਣਾ ਯਕੀਨੀ ਬਣਾਉਣ ਲਈ ਸਭ ਕੁੱਝ ਕੀਤਾ। ਉਨਾਂ ਲੋਕਾਂ ਨੂੰ ਬਿਮਾਰੀ ਤੋਂ ਬਚਣ ਲਈ ਮਾਸਕ ਪਹਿਨਣ, ਆਪਣੇ ਹੱਥ ਸਾਬਣ ਨਾਲ ਧੋਣ ਜਾਂ ਉਨਾਂ ਨੂੰ ਸੈਨੇਟਾਈਜ਼ ਕਰਨ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਪ੍ਰੇਰਿਤ ਕੀਤਾ।ਇੰਨਾ ਹੀ ਨਹੀਂ ਪੁਲਿਸ ਨੇ ਲੋੜਵੰਦ ਲੋਕਾਂ ਲਈ ਭੋਜਨ ਅਤੇ ਸੁੱਕੇ ਰਾਸਨ ਦਾ ਪ੍ਰਬੰਧ ਕਰਨ ਵਿਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ, ਜੋ ਕਿ ਰੋਜ਼ੀ-ਰੋਟੀ ਦਾ ਪ੍ਰਬੰਧ ਕਰਨ ਦੇ ਸਮਰੱਥ ਨਹੀਂ ਸਨ।
ਦੂਜੇ ਪਾਸੇ ਅਮਨ-ਕਾਨੂੰਨ ਦੀ ਸਥਿਤੀ ਵਿਚ ਅੰਮ੍ਰਿਤਸਰ ਕਮਿਸਨਰੇਟ ਪੁਲਿਸ ਨੇ ਸਾਲ 2020 ਦੋਰਾਨ 302 ਆਈ.ਪੀ.ਸੀ ਧਾਰਾ ਤਹਿਤ 34 ਮੁਕੱਦਮਿਆਂ ਵਿਚੋਂ 30 ਮੁਕੱਦਮੇ ਟਰੇਸ ਕਰਕੇ 85 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਲੁੱਟਾਂ ਖੋਹਾਂ ਦੇ ਦਰਜ਼ ਹੋਏ 303 ਮੁਕੱਦਮਿਆਂ ਵਿਚੋ 172 ਟਰੇਸ ਕਰਕੇ 306 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਕਮਿਸ਼ਨਰ ਦੇ ਦੱਸਿਆ ਕਿ ਵਹੀਕਲ ਸਨੈਚਿਗ ਦੇ 22 ਮਕੱਦਮੇ ਟਰੇਸ ਕਰਕੇ 10 ਵਹੀਕਲ ਬਰਾਮਦ ਕਰਕੇ 24 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਡਾ: ਗਿੱਲ ਨੇ ਦੱਸਿਆ ਕਿ ਐਨ.ਡੀ.ਪੀ.ਐਸ ਐਕਟ ਤਹਿਤ 235 ਮੁਕੱਦਮੇ ਦਰਜ਼ ਕੀਤੇ ਗਏ ਹਨ ਅਤੇ 379 ਆਰੋਪੀਆਂ ਨੂੰ ਗ੍ਰਿਫਤਾਰ ਕਰਕੇ 11.247 ਕਿਲੋ ਹੀਰੋਇਨ, 1.005 ਕਿਲੋ ਸਮੈਕ, 5.108 ਕਿਲੋ ਅਫੀਮ, 2.740 ਕਿਲੋ ਚਰਸ, 28.350 ਕਿਲੋ ਪੋਪੀ ਹਸਕ, 5.285 ਕਿਲੋ ਗਾਂਜਾ, 450430 ਨਸ਼ੇ ਦੇ ਕੈਪਸੂਲ ਤੇ ਗੋਲੀਆਂ ਅਤੇ 8 ਗਰਾਮ ਨੈਰੋਟਿਕ ਪਾੳਡਰ ਦੀ ਬਰਾਮਦਗੀ ਕੀਤੀ ਹੈ। ਉਨਾਂ ਦੱਸਿਆ ਕਿ ਇਸੇ ਤਰਾਂ ਐਕਸਾਈਜ ਐਕਟ ਅਨੁਸਾਰ 9701.330 ਲੀਟਰ ਨਜਾਇਜ ਸ਼ਰਾਬ, 11183.745 ਲੀਟਰ ਸ਼ਰਾਬ, 2470 ਕਿਲੋ ਲਾਹਣ, 762.220 ਲੀਟਰ ਬੀਅਰ, 6495.000 ਲੀਟਰ ਅਲਕੋਹਲ ਅਤੇ 41500 ਲੀਟਰ (ਮਿਕਸਡ ਹੈਂਪ) ਭੰਗ ਦੀ ਬਰਾਮਦਗੀ ਕੀਤੀ ਗਈ ਹੈ ਅਤੇ ਇਸ ਤੋਂ ਇਲਾਵਾ ਕਈ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਕੇ ਜੇਲ ਭੇਜਿਆ ਗਿਆ ਹੈ।
Punjab Post Daily Online Newspaper & Print Media