ਜੇਲ੍ਹ ਵਾਰਡਨ ਸਮੇਤ 2 ਹੋਰ ਗਿ੍ਫਤਾਰ-16 ਸਿਮ ਕਾਰਡ ਤੇ ਕਾਰ ਬਰਾਮਦ- ਐਸ.ਐਸ.ਪੀ
ਕਪੂਰਥਲਾ, 7 ਜਨਵਰੀ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਪੁਲਿਸ ਵਲੋਂ ਇਕ ਅਹਿਮ ਪ੍ਰਾਪਤੀ ਤਹਿਤ ਕੇਂਦਰੀ ਜੇਲ੍ਹ ਵਿਚ ਗੈਰ ਕਾਨੂੰਨੀ ਮੋਬਾਇਲ ਨੈਟਵਰਕ
ਦਾ ਪਰਦਾਫਾਸ਼ ਕੀਤਾ ਗਿਆ ਹੈ, ਜਿਸ ਤਹਿਤ ਜੇਲ੍ਹ ਵਾਰਡਨ ਸਮੇਤ 2 ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਐਸ.ਐਸ.ਪੀ ਕਪੂਰਥਲਾ ਸ੍ਰੀਮਤੀ ਕੰਵਰਦੀਪ ਕੌਰ ਆਈ.ਪੀ.ਐਸ ਨੇ ਦ ਸਿਆ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਕੇਂਦਰੀ ਜੇਲ ਕਪੂਰਥਲਾ ਵਿਚ ਬੰਦ ਕੈਦੀਆਂ / ਹਵਾਲਾਤੀਆਂ ਵਲੋਂ ਗੈਰ ਕਾਨੂੰਨੀ ਤੌਰ ’ਤੇ ਮੋਬਾਇਲ ਨੈਟਵਰਕ ਰਾਹੀਂ ਜੇਲ ਤੋਂ ਭੈੜੇ ਪੁਰਸ਼ਾਂ ਨਾਲ ਸੰਪਰਕ ਰਾਹੀਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਸਬੰਧੀ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਸਨ।
ਉਨ੍ਹਾਂ ਦੱਸਿਆ ਕਿ ਜੇਲ ਅੰਦਰ ਚਲ ਰਹੇ ਗੈਰਕਾਨੂੰਨੀ ਮੋਬਾਇਲ ਨੈਟਵਰਕ ਨੂੰ ਤੋੜਨ ਲਈ ਪੁਲਿਸ ਕਪਤਾਨ , ਡਿਟੈਕਟਿਵ , ਕਪੂਰਥਲਾ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਦੀ ਡਿਊਟੀ ਲਗਾਈ ਗਈ ਸੀ।ਜਿਹਨਾਂ ਵਲੋਂ ਗੈਰਕਾਨੂੰਨੀ ਮੋਬਾਇਲ ਨੈਟਵਰਕ ਨੂੰ ਤੋੜਨ ਲਈ ਮੁੱਖ ਅਫਸਰ ਥਾਣਾ ਕੋਤਵਾਲੀ ਕਪੂਰਥਲਾ ਐਸ.ਆਈ ਹਰਿੰਦਰ ਸਿੰਘ ਅਤੇ ਟੈਕਨੀਕਲ ਸੈਲ ਦੇ ਕਰਮਚਾਰੀਆਂ ਦੀ ਸਾਂਝੀ ਟੀਮ ਬਣਾਈ ਗਈ ਸੀ।
ਇਸ ਟੀਮ ਵਲੋਂ ਤਕਨੀਕੀ ਢੰਗਾਂ ਨਾਲ ਕਾਰਵਾਈ ਕਰਦੇ ਕਰਦਿਆਂ ਖਾਸ ਇਤਲਾਹ ਦੇ ਅਧਾਰ ’ਤੇ ਵਿਜੈ ਪੁੱਤਰ ਵਿਸ਼ਨੂੰ ਦੇਵ ਵਾਸੀ ਸੰਤ ਨਗਰ ਬਸਤੀ ਸ਼ੇਖ ਜਲੰਧਰ, ਸ਼ਿਵਮ ਪੁੱਤਰ ਅਸ਼ਵਨੀ ਕੁਮਾਰ ਵਾਸੀ ਪ੍ਰੀਤ ਨਗਰ, ਕਪੂਰਥਲਾ ਅਤੇ ਜੇਲ ਵਾਰਡਨ ਲਵਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਹਰਚੋਵਾਲ ਥਾਣਾ ਹਰਗੋਬਿੰਦਪੁਰ ਜਿਲਾ ਗੁਰਦਾਸਪੁਰ ਨੂੰ ਕਾਬੂ ਕਰਕੇ ਇਹਨਾਂ ਪਾਸੋਂ 16 ਐਕਟਿਵ ਸਿੰਮਾਂ ਸਮੇਤ ਇਕ ਸੈਮਸੰਗ ਮੋਬਾਇਲ ਬੈਟਰੀ ਬਰਾਮਦ ਕੀਤੀ ਗਈ।
ਇਨ੍ਹਾਂ ਸਿਮਾਂ ਨਾਲ ਜੇਲ ਅੰਦਰ ਬੈਠੇ ਕੈਦੀਆਂ / ਹਵਾਲਾਤੀਆਂ ਵਿਕਾਸ ਜੋਲੀ ਪੁੱਤਰ ਸ਼ਿਵ ਕੁਮਾਰ ਵਾਸੀ ਹਾਊਸ ਨੰ : 253 ਗਲੀ ਨੰ : 4 ਗੋਪਾਲ ਨਗਰ ਮਜੀਠਾ ਰੋਡ ਅੰਮ੍ਰਿਤਸਰ, ਸੰਜੀਵ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਜੰਡਿਆਲਾ ਗੁਰੂ ਭਾਂਡਿਆਂ ਵਾਲਾ ਚੌਕ ਅੰਮ੍ਰਿਤਸਰ ਅਤੇ ਪੰਜਾਬ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਪਿੰਡ ਬੁਤਾਲਾ ਥਾਣਾ ਬਿਆਸ ਜਿਲਾ ਅੰਮਿ੍ਤਸਰ ਨੂੰ ਪਹੁੰਚਾਉਣੀਆਂ ਸਨ, ਜੋ ਇਹ ਤਿੰਨੋਂ ਅੱਗੇ ਜੇਲ ਵਿੱਚ ਬੰਦ ਹੋਰ ਹਵਾਲਾਤੀਆਂ / ਕੈਦੀਆਂ ਨੂੰ ਇਹ ਸਿੰਮਾਂ ਮਹਿੰਗੇ ਭਾਅ ’ਤੇ ਵੇਚਦੇ ਸਨ ਅਤੇ ਮੋਟੀ ਕਮਾਈ ਕਰਦੇ ਸਨ।
ਪੁਲਿਸ ਵਲੋਂ ਗ੍ਰਿਫਤਾਰ ਕਰਕੇ ਇਹਨਾਂ ਦੇ ਖਿਲਾਫ ਮੁਕੱਦਮਾ ਨੰ : 02 ਮਿਤੀ 06-01-2021 ਥਾਣਾ ਕੋਤਵਾਲੀ ਕਪੂਰਥਲਾ ਵਿਖੇ ਦਰਜ਼ ਕੀਤਾ ਗਿਆ ਹੈ।ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਲਵਪ੍ਰੀਤ ਸਿੰਘ ਵਲੋਂ ਇਸ ਕੰਮ ਵਿਚ ਵਰਤੀ ਜਾਂਦੀ ਕਾਰ ਜੈਨ ਨੰਬਰ ਪੀ.ਬੀ 02-ਯੂ-5994 ਵੀ ਬਰਾਮਦ ਕੀਤੀ ਹੈ।
ਪੁੱਛਗਿਛ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਸ਼ਿਵਮ ਅਤੇ ਵਿਜੈ ਕ੍ਰਿਮੀਨਲ ਕਿਸਮ ਦੇ ਵਿਅਕਤੀ ਹਨ।ਵਿਜੈ ਦੇ ਖਿਲਾਫ ਪਹਿਲਾਂ ਵੀ ਲੁੁੱਟਾਂ ਖੋਹਾਂ, ਚੋਰੀਆਂ ਅਤੇ ਇਰਾਦਾ ਕਤਲ ਦੇ ਵੱਖ-ਵੱਖ ਥਾਣਿਆਂ ਵਿਚ 5 ਮੁਕੱਦਮੇ ਦਰਜ਼ ਹਨ ਅਤੇ ਕਰੀਬ 25 ਮਹੀਨੇ ਕਪੂਰਥਲਾ ਜੇਲ੍ਹ ਵਿਚ ਰਹਿ ਕਿ ਆਇਆ ਹੈ ਅਤੇ ਸ਼ਿਵਮ ਦੇ ਖਿਲਾਫ ਵੀ ਲੜਾਈ ਝਗੜੇ ਦਾ ਥਾਣਾ ਸਿਟੀ ਕਪੂਰਥਲਾ ਵਿਖੇ ਇਕ ਮੁਕੱਦਮਾ ਦਰਜ਼ ਹੈ।
ਉਨ੍ਹਾਂ ਕਿਹਾ ਕਿ ਦੋਸ਼ੀਆਂ ਕੋਲੋਂ ਪੁੱਛਗਿਛ ਜਾਰੀ ਹੈ ਕਿ ਇਹ ਸਿੰਮਾਂ ਉਹ ਕਿਹੜੇ ਦਸਤਾਵੇਜਾਂ ਦੇ ਅਧਾਰ ’ਤੇ ਕਿਥੋਂ ਲੈ ਕੇ ਆਏ ਅਤੇ ਇਸ ਵਿਚ ਜੇਲ੍ਹ ਦੇ ਕਿਸੇ ਹੋਰ ਕਰਮਚਾਰੀ ਦੀ ਮਿਲੀਭੁਗਤ ਹੋਣ ਸਬੰਧੀ ਤਫਤੀਸ਼ ਜਾਰੀ ਹੈ ।
Punjab Post Daily Online Newspaper & Print Media