ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਸ਼ੁਰੂ ਹੋਇਆ ਲੀਡਰਸ਼ਿਪ ਵਿਕਾਸ ਪ੍ਰੋਗਰਾਮ
ਅੰਮ੍ਰਿਤਸਰ, 7 ਜਨਵਰੀ (ਖੁਰਮਣੀਆਂ) – ਪੰਜਾਬ ਸਰਕਾਰ ਦੇ ਸਾਬਕਾ ਮੁੱਖ ਸਕੱਤਰ ਅਤੇ ਪੰਜਾਬ ਵਾਟਰ ਰੈਗੂਲੇਸ਼ਨ ਵਿਕਾਸ ਅਥਾਰਟੀ
(ਪੀ.ਡਬਲਯੂ.ਆਰ.ਡੀ.ਏ) ਦੇ ਚੇਅਰਮੈਨ ਡਾ. ਕਰਨ ਅਵਤਾਰ ਸਿੰਘ ਨੇ ਕਿਹਾ ਹੈ ਕਿ ਅਧਿਆਪਕਾਂ ਨੂੰ ਹਮੇਸ਼ਾਂ ਆਪਣੇ ਵਿਦਿਆਰਥੀਆਂ ਵਿੱਚ ਪੜ੍ਹਾਈ ਦੇ ਨਾਲ ਨਾਲ ਸਿਰਜਣਾਤਮਕ ਸੋਚ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ ਤਾਂ ਜੋ ਉਹ ਭਵਿੱਖ ਵਿਚ ਦੇਸ਼ ਅਤੇ ਸਮਾਜ ਦੇ ਵਿਕਾਸ ਵਿਚ ਅਹਿਮ ਰੋਲ ਅਦਾ ਕਰ ਸਕਣ।ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਨੁੱਖੀ ਸਰੋਤ ਤੇ ਵਿਕਾਸ ਕੇਂਦਰ ਵੱਲੋਂ ਸ਼ੁਰੂ ਹੋਏ ਸੀਨੀਅਰ ਅਧਿਆਪਕਾਂ ਲਈ ਲੀਡਰਸ਼ਿਪ ਵਿਕਾਸ ਪ੍ਰੋਗਰਾਮ ਦੇ ਉਦਘਾਟਨੀ ਸਮਾਗਮ ਵਿਚ ਮੁੱਖ ਬੁਲਾਰੇ ਦੇ ਤੌਰ `ਤੇ ਆਨਲਾਈਨ ਹਿੱਸਾ ਲੈ ਰਹੇ ਸਨ।ਸੀਨੀਅਰ ਅਧਿਆਪਕਾਂ ਦੇ ਲਈ ਆਯੋਜਿਤ ਕੀਤੇ ਜਾ ਰਹੇ ਇਕ ਹਫਤੇ ਦੇ ਇਸ ਲੀਡਰਸ਼ਿਪ ਵਿਕਾਸ ਪ੍ਰੋਗਰਾਮ ਵਿਚ ਪ੍ਰਸਿੱਧ ਹਸਤੀਆਂ ਆਪਣੇ ਅਨੁਭਵ ਸਾਂਝੇ ਕਰਨਗੀਆਂ ਜਿਸ ਦੇ ਨਾਲ ਅਧਿਆਪਕਾਂ ਦੇ ਵਿਚ ਇਕ ਚੰਗੇ ਲੀਡਰ ਵਾਲੇ ਗੁਣਾਂ ਪ੍ਰਫੁਲਿਤ ਕੀਤਾ ਜਾ ਸਕਣਗੇ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਡਾ. ਕਰਨ ਅਵਤਾਰ ਸਿੰਘ ਨੇ ਜਿਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਉਚੇਰੀ ਸਿਖਿਆ ਦੇ ਖੇਤਰ ਵਿਚ ਮਾਰੀਆਂ ਵੱਖ ਵੱਖ ਮੱਲ੍ਹਾਂ ਦੇ ਲਈ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੀ ਸ਼ਲਾਘਾ ਕੀਤੀ ਉਥੇ ਉਨ੍ਹਾਂ ਨੇ ਅਜਿਹੇ ਪੋ੍ਰਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਰੱਖਣ ਦੀ ਲੋੜ `ਤੇ ਜ਼ੋਰ ਦਿੰਦਿਆਂ ਕਿਹਾ ਕਿ ਅਧਿਆਪਕ ਹੀ ਸਮਾਜ ਨੂੰ ਸਹੀ ਦਿਸ਼ਾ ਦੇਣ ਦੀ ਸਮਰੱਥਾ ਰਖਦੇ ਹਨ।ਉਨ੍ਹਾਂ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਵਿਚ ਆਧੁਨਿਕ ਢੰਗ ਤਰੀਕਿਆਂ ਦੇ ਨਾਲ ਜਿਥੇ ਗਿਆਨ ਦਾ ਪਾਸਾਰ ਕਰ ਸਕਦੇ ਹਨ ਉਥੇ ਉਹ ਵਿਦਿਆਰਥੀਆਂ ਨੂੰ ਭਵਿੱਖ `ਚ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਵੀ ਕਾਬਿਲ ਬਣਾ ਸਕਦੇ ਹਨ। ਉਨਾਂ ਕਿਹਾ ਕਿ ਸਮਾਜ ਨੂੰ ਸਹੀ ਦਿਸ਼ਾ ਦੇਣ ਦੀ ਜ਼ਿੰਮੇਵਾਰੀ ਅਧਿਆਪਕਾਂ ਦੇ ਮੋਢਿਆਂ `ਤੇ ਹੋਣ ਕਰਕੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਵਿਚ ਜਾਗਰੂਕਤਾ ਲਿਆਉਣ ਲਈ ਉਨਾਂ੍ਹ ਦੀ ਕਲਪਨਾ ਸ਼ਕਤੀ, ਵਚਨਬੱਧਤਾ, ਸਖਤ ਮਿਹਨਤ ਅਤੇ ਦ੍ਰਿੜ ਨਿਸਚੈ ਨੂੰ ਉਭਾਰੇ ਤਾਂ ਜੋ ਉਹ ਆਤਮ ਵਿਸ਼ਵਾਸ ਦੇ ਨਾਲ ਸਮਾਜ ਦੇ ਵੱਡੇ ਹਿਤਾਂ ਲਈ ਕੰਮ ਕਰ ਸਕਣ।ਉਨ੍ਹਾਂ ਨੇ ਇਸ ਗੱਲ `ਤੇ ਜ਼ੋਰ ਦਿੱਤਾ ਕਿ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿਚ ਰੱਖ ਕੇ ਹੀ ਸਿਲੇਬਸ ਅਪਡੇਟ ਕੀਤੇ ਜਾਣੇ ਚਾਹੀਦੇ ਹਨ।
ਇਸ ਤੋਂ ਪਹਿਲਾਂ ਲੀਡਰਸ਼ਿਪ ਵਿਕਾਸ ਪ੍ਰੋਗਰਾਮ ਦੇ ਉਦਘਾਟਨੀ ਸਮਾਗਮ ਮੌਕੇ ਡਾ. ਕਰਨ ਅਵਤਾਰ ਸਿੰਘ ਦਾ ਸਵਾਗਤ ਕਰਦਿਆਂ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਵਾਟਰ ਰੈਗੂਲੇਸ਼ਨ ਵਿਕਾਸ ਅਥਾਰਟੀ ਦੇ ਨਾਲ ਪਾਣੀ ਦੀ ਸਾਂਭ ਸੰਭਾਲ ਅਤੇ ਬਚਤ ਪ੍ਰਤੀ ਹਰ ਜਾਗਰੂਕਤਾ ਵਧਾਉਣ ਦੇ ਲਈ ਕੰਮ ਕਰੇਗੀ।ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਪਿਛਲੇ ਸਮੇਂ ਤੋਂ ਪਾਣੀ ਸਰੋਤਾਂ ਦੀ ਸਾਂਭ ਸੰਭਾਲ ਤੇ ਬਚਤ ਦੇ ਲਈ ਕੀਤੇ ਜਾ ਰਹੇ ਉਪਰਾਲਿਆਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਭਵਿੱਖ ਵਿਚ ਵੀ ਗੁਰਬਾਣੀ ਅਨੁਸਾਰ `ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥` ਦੇ ਸਿਧਾਂਤ `ਤੇ ਅਮਲ ਕਰੇਗੀ।ਉਨ੍ਹਾਂ ਡਾ. ਕਰਨ ਅਵਤਾਰ ਸਿੰਘ ਵੱਲੋਂ ਦਿੱਤੇ ਜਾਣ ਵਾਲੇ ਸਹਿਯੋਗ ਲਈ ਵੀ ਧੰਨਵਾਦ ਕੀਤਾ।
ਕੇਂਦਰ ਦੇ ਡਾਇਰੈਕਟਰ, ਪ੍ਰੋ. ਆਦਰਸ਼ਪਾਲ ਵਿਗ ਨੇ ਮਨੁੱਖੀ ਸਰੋਤ ਤੇ ਵਿਕਾਸ ਕੇਂਦਰ ਵੱਲੋਂ ਫੈਕਲਟੀ ਮੈਂਬਰਾਂ ਦੇ ਕੈਰੀਅਰ ਨੂੰ ਹੋਰ ਅਪਡੇਟ ਕਰਨ ਦੇ ਲਈ ਸਮੇਂ ਸਮੇਂ ਕੀਤੇ ਜਾਂਦੇ ਵੱਖ-ਵੱਖ ਪ੍ਰੋਗਰਾਮਾਂ ਦੇ ਹਵਾਲਿਆਂ ਦੇ ਨਾਲ ਕਿਹਾ ਕਿ ਲੀਡਰਸ਼ਿਪ ਵਿਕਾਸ ਪ੍ਰੋਗਰਾਮ ਵੀ ਅਧਿਆਪਕਾਂ ਵਿਚ ਲੀਡਰਸ਼ਿਪ ਦੀ ਹੋਰ ਗੁਣਵਤਾ ਨੂੰ ਵਧਾਉਣ ਲਈ ਇਕ ਹਫਤੇ ਦਾ ਪ੍ਰੋਗਰਾਮ ਮਿਥਿਆ ਗਿਆ ਹੈ।ਡਿਪਟੀ ਡਾਇਰੈਕਟਰ, ਡਾ. ਰਾਜਬੀਰ ਭੱਟੀ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਇਕ ਹਫਤੇ ਦੇ ਇਸ ਪ੍ਰੋਗਰਾਮ ਦੇ ਵੱਖ ਵੱਖ ਪੱਖਾਂ ਤੋਂ ਜਾਣੂ ਕਰਵਾਇਆ।ਕੋਰਸ ਦੇ ਕੋਆਰਡੀਨੇਟਰ, ਪ੍ਰੋ. ਸਰੋਜ ਅਰੋੜਾ ਅਤੇ ਪ੍ਰੋ. ਸੁਖਪ੍ਰੀਤ ਸਿੰਘ ਨੇ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਪੁੱਜੀਆਂ ਸਖਸ਼ੀਅਤਾਂ ਦੇ ਨਾਲ ਤੁਆਰਫ ਕਰਵਾਉਂਦਿਆਂ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਸੀਨੀਅਰ ਅਧਿਆਪਕਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਸਖਸ਼ੀਅਤਾਂ ਦੇ ਤਜਰਬਿਆਂ ਤੋਂ ਬਹੁਤ ਕੁੱਝ ਸਿੱਖਣ ਲਈ ਮਿਲੇਗਾ।
Check Also
ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …
Punjab Post Daily Online Newspaper & Print Media