ਕਿਹਾ ਕਿਸਾਨਾਂ ਨੂੰ ਸਿਆਸਤ ਦੀ ਬਾਗਡੋਰ ਆਪਣੇ ਹੱਥਾਂ ‘ਚ ਲੈ ਕੇ ਭਵਿੱਖ ਦੀ ਰਣਨੀਤੀ ਬਣਾਉਣ ਦੀ ਲੋੜ
ਧੂਰੀ, 16 ਜਨਵਰੀ (ਪ੍ਰਵੀਨ ਗਰਗ) – ਸੁਪਰੀਮ ਕੋਰਟ ਵੱਲੋਂ ਕਿਸਾਨ ਅੰਦੋਲਨ ਦੇ ਹੱਲ ਲਈ ਬਣਾਈ ਗਈ 4 ਮੈਂਬਰੀ ਕਮੇਟੀ ਵਿੱਚੋਂ ਭੁਪਿੰਦਰ ਸਿੰਘ ਮਾਨ ਦੇ
ਅਸਤੀਫੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਸਿਆਸੀ ਦਬਾਅ ਹੇਠ ਆਪਣੀ ਜ਼ਮੀਰ ਦੇ ਖਿਲਾਫ ਜਾ ਕੇ ਕਿਸਾਨ ਅੰਦੋਲਨ ਨੂੰ ਢਾਹ ਲਗਾਉਣ ਵਾਲਿਆਂ ਵਿੱਚ ਸ਼ਾਮਿਲ ਨਹੀਂ ਹੋਣਗੇ।ਮਾਨ ਦਾ ਅਸਤੀਫਾ ਕਿਸਾਨਾਂ ਦੀ ਵੱਡੀ ਜਿੱਤ ਹੈ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਧੂਰੀ ਦੇ ਸਾਬਕਾ ਵਿਧਾਇਕ ਧਨਵੰਤ ਸਿੰਘ ਐਡਵੋਕੇਟ ਨੇ ਕਿਹਾ ਕਿ ਅੱਜ ਲਗਭਗ 4 ਮਹੀਨਿਆਂ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਕਿਸੇ ਇੱਕ ਸੂਬੇ ਦਾ ਨਾ ਹੋ ਕੇ ਅੱਜ ਅੰਤਰਰਾਸ਼ਟਰੀ ਪੱਧਰ ਦਾ ਅੰਦੋਲਨ ਬਣ ਚੁੱਕਾ ਹੈ।ਵਿਸ਼ਵ ਭਰ ਦੇ ਮੀਡੀਆ, ਸਿਆਸਤਦਾਨਾਂ ਅਤੇ ਆਮ ਲੋਕਾਂ ਦੀਆਂ ਨਿਗਾਹਾਂ ਇਸ ਵੇਲੇ ਕਿਸਾਨ ਅੰਦੋਲਨ ‘ਤੇ ਟਿਕੀਆਂ ਹੋਈਆਂ ਹਨ।ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਵੀ ਇਸ ਮਸਲੇ ਦੇ ਹੱਲ ਨੂੰ ਲੈ ਕੇ ਕਿਸਾਨ ਆਗੂਆਂ ਦੀਆਂ 9 ਮੀਟਿੰਗਾਂ ਹੋ ਚੁੱਕੀਆਂ ਹਨ।ਇਸ ਦੇ ਬਾਵਜ਼ੂਦ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਰੱਦ ਨਾ ਕਰਨਾ ਕੇਂਦਰ ਸਰਕਾਰ ਦੀ ਡਿਕਟੇਟਰਸ਼ਿਪ ਦਾ ਚਿਹਰਾ ਨੰਗਾ ਕਰਦਾ ਹੈ।ਜਦੋਂਕਿ ਲੋਕਤੰਤਰ ਵਿੱਚ ਲੋਕ ਹਿੱਤਾਂ ਲਈ ਬਣੀਆਂ ਸਰਕਾਰਾਂ ਨੂੰ ਲੋਕ-ਪੱਖੀ ਫੈਸਲੇ ਹੀ ਲੈਣੇ ਚਾਹੀਦੇ ਹਨ।
ਉਹਨਾਂ ਕਿਹਾ ਕਿ ਕੜਾਕੇ ਦੀ ਠੰਡ ਵਿੱਚ ਸ਼ਾਂਤਮਈ ਤਰੀਕੇ ਨਾਲ ਦਿੱਲੀ ਦੇ ਬਾਰਡਰਾਂ ‘ਤੇ ਬੈਠ ਕੇ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਸਿਆਸਤ ਦੀ ਬਾਗਡੋਰ ਆਪਣੇ ਹੱਥਾਂ ਵਿੱਚ ਸੰਭਾਲ ਕੇ ਭਵਿੱਖ ਦੀਆਂ ਰਣਨੀਤੀਆਂ ਬਣਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ।ਉਹਨਾਂ ਕਿਸੇ ਸਿਆਸੀ ਪਾਰਟੀ ਦਾ ਨਾਮ ਲਏ ਬਗੈਰ ਕਿਹਾ ਕਿ ਦੇਸ਼ ਦੇ ਸਿਆਸਤਦਾਨਾਂ ਨੂੰ ਵੀ ਇਸ ਮਸਲੇ ‘ਤੇ ਸਿਆਸੀ ਰੋਟੀਆਂ ਸੇਕਣ ਦੀ ਬਜ਼ਾਏ ਆਪਣੇ-ਆਪਣੇ ਪੱਧਰ ‘ਤੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
Check Also
ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ
ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …
Punjab Post Daily Online Newspaper & Print Media