Friday, April 10, 2026

ਕੈਬਨਿਟ ਮੰਤਰੀ ਸੋਨੀ ਨੇ ਜਿਲ੍ਹੇ ’ਚ ਕੋਵਿਡ-19 ਟੀਕਾਕਰਨ ਦੀ ਕੀਤੀ ਸ਼ੁਰੂਆਤ

ਸੂਬੇ ‘ਚ ਅਗਲੇ 5 ਦਿਨਾਂ ‘ਚ 59 ਥਾਵਾਂ ‘ਤੇ 1.74 ਲੱਖ ਸਿਹਤ ਕਾਮਿਆਂ ਦਾ ਹੋਵੇਗਾ ਕੋਵਿਡ ਟੀਕਾਕਰਨ

ਅੰਮ੍ਰਿਤਸਰ, 16 ਜਨਵਰੀ (ਸੁਖਬੀਰ ਸਿੰਘ) – ਕੋਵਿਡ 19 ਟੀਕਾਕਰਨ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਅੱਜ ਸਿਵਲ ਹਸਪਤਾਲ ਤੋਂ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਰਦਿਆਂ ਜਿਲ੍ਹਾ ਵਾਸੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅੱਜ ਦਾ ਦਿਨ ਬਹੁਤ ਇਤਿਹਾਸਕ ਦਿਨ ਹੈ ਅਤੇ ਇਸ ਮਹਾਂਮਾਰੀ ‘ਤੇ ਕਾਬੂ ਪਾਉਣ ਲਈ ਕੋਵਾਸ਼ੀਲਡ ਵੈਕਸੀਨ ਦੀਆਂ 20 ਹਜ਼ਾਰ ਤੋਂ ਵੱਧ ਖੁਰਾਕਾਂ ਨੂੰ ਜਿਲੇ੍ ਨੂੰ ਪ੍ਰਾਪਤ ਹੋਈਆਂ ਹਨ।ਉਨ੍ਹਾਂ ਕਿਹਾ ਕਿ ਅੱਜ ਜਿਲੇ੍ਹ ਵਿੱਚ 3 ਸਥਾਨਾਂ ਸਿਵਲ ਹਸਪਤਾਲ, ਮੈਡੀਕਲ ਕਾਲਜ ਅਤੇ ਸੀ.ਐਚ.ਸੀ ਵੇਰਕਾ ਤੋਂ ਟੀਕਾਕਰਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਅੱਜ ਇਨਾਂ ਸਥਾਨਾਂ ‘ਤੇ 300 ਦੇ ਕਰੀਬ ਸਿਹਤ ਕਾਮਿਆਂ ਦਾ ਟੀਕਾਕਰਨ ਕੀਤਾ ਜਾਵੇਗਾ।
                ਇਸ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਰਚੂਅਲ ਪ੍ਰੋਗਰਾਮ ਰਾਹੀਂ ਟੀਕਾਕਰਨ ਦੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਗਈ।ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸੂਬੇ ਦੀ ਗਰੀਬ ਵਸੋਂ ਲਈ ਮੁਫਤ ਟੀਕਾਕਰਨ ਕੀਤਾ ਜਾਵੇ।
ਸਭ ਤੋਂ ਪਹਿਲਾਂ ਕੋਵਿਡ 19 ਦਾ ਟੀਕਾ ਸਿਹਤ ਵਿਭਾਗ ਦੇ ਲੈਬ ਟੈਕਨੀਸ਼ੀਅਨ ਰਾਜੇਸ਼ ਸ਼ਰਮਾ ਨੂੰ ਉਨ੍ਹਾਂ ਦੀ ਹਾਜ਼ਰੀ ‘ਚ ਲਗਾਇਆ ਗਿਆ।ਸੋਨੀ ਨੇ ਕਿਹਾ ਕਿ ਇਹ ਵੈਕਸੀਨ ਦੋ ਡੋਜ਼ ‘ਚ ਹਰੇਕ ਵਿਅਕਤੀ ਨੂੰ ਦਿੱਤੀ ਜਾਵੇਗੀ ਅਤੇ ਦੂਜੀ ਡੋਜ 28 ਦਿਨ ਬਾਅਦ ਲਗਾਈ ਜਾਵੇਗੀ।ਉਨ੍ਹਾਂ ਕਿਹਾ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ।ਉਨ੍ਹਾਂ ਦਸਿਆ ਕਿ ਇਹ ਵੈਕਸੀਨ ਸਭ ਤੋਂ ਪਹਿਲਾਂ ਸਿਹਤ ਕਾਮਿਆਂ ਨੂੰ ਦਿੱਤੀ ਜਾਵੇਗੀ।ਅੱਜ ਦੀ ਇਹ ਵੈਕਸੀਨ ਸਿਹਤ ਵਿਭਾਗ ਦੇ ਡਾਕਟਰਾਂ ਨੂੰ ਵੀ ਦਿੱਤੀ ਗਈ ਹੈ।
               ਸੋਨੀ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਅਗਲੇ 5 ਦਿਨਾਂ ਵਿੱਚ 59 ਥਾਵਾਂ ‘ਤੇ 1.74 ਲੱਖ ਸਿਹਤ ਕਾਮਿਆਂ ਦਾ ਟੀਕਾਕਰਨ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਪੰਜਾਬ ਨੂੰ 204500 ਕੋਵਾਸ਼ੀਲਡ ਦੀਆਂ ਖੁਰਾਕਾਂ ਪ੍ਰਾਪਤ ਹੋ ਗਈਆਂ ਹਨ ਅਤੇ ਰਾਜ ਭਰ ਵਿੱਚ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਜਿਲੇ੍ਹ ਵਿੱਚ ਸਿਵਲ ਸਰਜਨ ਦਫਤਰ ਦੇ ਡਾਕਟਰ ਕਰਨ ਮਹਿਰਾ ਮੈਡੀਕਲ ਅਫਸਰ, ਸਿਵਲ ਹਸਪਤਾਲ ਦੇ ਡਾ: ਦਿਗਵਿਜੈ, ਡਾ: ਸਮੀਰ ਸ਼ਰਮਾ, ਡਾ: ਬੱਬੀਕਾ, ਡਾ: ਮੀਨਾਕਸ਼ੀ, ਡਾ ਹਰਜੋਤ, ਡਾ: ਹਰਕੀਰਤ ਸਿੰਘ ਤੋਂ ਇਲਾਵਾ ਕਈ ਹੋਰ ਡਾਕਟਰਾਂ ਨੂੰ ਇਹ ਵੈਕਸੀਨ ਲਗਵਾਈ।
                ਇਸ ਮੌਕੇ ਹਲਕਾ ਵਿਧਾਇਕ ਉਤਰੀ ਸੁਨੀਲ ਦੱਤੀ, ਹਲਕਾ ਵਿਧਾਇਕ ਬਾਬਾ ਬਕਾਲਾ ਸੰਤੋਖ ਸਿੰਘ ਭਲਾਈਪੁਰ, ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ, ਜਿਲ੍ਹਾ ਕਾਂਗਰਸ ਪ੍ਰਧਾਨ ਸ਼ਹਿਰੀ ਮੈਡਮ ਜਤਿੰਦਰ ਸੋਨੀਆ, ਸਿਵਲ ਸਰਜਨ ਡਾ: ਚਰਨਜੀਤ ਸਿੰਘ, ਪ੍ਰਿੰਸੀਪਲ ਮੈਡੀਕਲ ਕਾਲਜ, ਡਾ: ਰਾਜੀਵ ਦੇਵਗਨ, ਜਿਲ੍ਹਾ ਟੀਕਾਕਰਨ ਅਫਸਰ ਡਾ: ਸੁਖਪਾਲ ਸਿੰਘ ਵੀ ਹਾਜ਼ਰ ਸਨ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …