ਅੰਮ੍ਰਿਤਸਰ, 20 ਜਨਵਰੀ (ਜਗਦੀਪ ਸਿੰਘ/ ਸੁਖਬੀਰ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਕਮਿਸ਼ਨਰ ਕੋਮਲ ਮਿੱਤਲ ਵਲੋਂ ਸ਼ਹਿਰ ਦੀ ਸਫਾਈ ਵਿਵੱਸਥਾ
ਦਾ ਜਾਇਜ਼ਾ ਲੈਣ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਸਿਹਤ ਵਿਭਾਗ ਦੇ ਚੀਫ਼ ਸੈਨਟਰੀ ਇੰਸਪੈਕਟਰਾਂ ਨੇ ਉਹਨਾਂ ਨੂੰ ਅਲਾਟ ਹੋਏ ਇਲਾਕਿਆਂ ਵਿਚ ਸਾਫ਼-ਸਫਾਈ ਅਤੇ ਕੂੜਾ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਪੇਸ਼ ਆ ਰਹੀਆਂ ਮੁਸ਼ਕਿਲਾਂ ਦੱਸੀਆਂ।
ਮੇਅਰ ਰਿੰਟੂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹਿਰ ਦੀ ਸਫਾਈ ਵਿਵਸਥਾ ਅਤੇ ਸਮੇਂ ਸਿਰ ਕੂੜੇ ਦੀ ਲਿਫਟਿੰਗ ਕਰਵਾਉਣਾ ਨਗਰ ਨਿਗਮ ਦੀ ਇਕ ਅਹਿਮ ਜਿੰਮੇਵਾਰੀ ਹੈ।ਜਿਸ ਨੂੰ ਸਿਹਤ ਵਿਭਾਗ ਵਲੋਂ ਬਾਖੂਬੀ ਨਿਭਾਇਆ ਤਾਂ ਜਾ ਰਿਹਾ ਹੈ।ਪਰ ਕਿਤੇ ਕਿਤੇ ਕੁੱਝ ਖਾਮੀਆਂ ਹਨ, ਜਿਨ੍ਹਾਂ ਨੂੰ ਦੂਰ ਕਰਨਾ ਅਤਿ ਜਰੂਰੀ ਹੈ।ਉਹਨਾਂ ਕਿਹਾ ਕਿ ਜੇਕਰ ਕੂੜਾ ਲਿਫਟਿੰਗ ਕੰਪਨੀ ਵਲੋਂ ਕੰਮ ਵਿਚ ਕੁਤਾਹੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਸੈਨੇਟਰੀ ਅਧਿਕਾਰੀ ਇਸ ਦੀ ਰਿਪੋਰਟ ਆਪਣੇ ਸਮਰੱਥ ਅਧਿਕਾਰੀ ਨੂੰ ਕਰਨ ਤਾਂ ਜੋ ਉਕਤ ਕੰਪਨੀ ਵਿਰੁੱਧ ਬਣਦੀ ਢੁੱਕਵੀਂ ਕਾਰਵਾਈ ਹੋ ਸਕੇ।ਉਹਨਾ ਕਿਹਾ ਕਿ ਕਰੋੜਾਂ ਰੁਪਏ ਦੀ ਆਧੁਨਿਕ ਤਕਨੀਕ ਦੀਆਂ ਮਸ਼ੀਨਾਂ ਇਸ ਸਫਾਈ ਵਿਵਸਥਾ ਨੂੰ ਬਣਾਏ ਰੱਖਣ ਲਈ ਸ਼ਹਿਰ ਦੀਆਂ ਸੜਕਾਂ ‘ਤੇ ਉਤਾਰੀਆਂ ਗਈਆਂ ਹਨ।ਜਿਸ ਦੀ ਰੈਗੂਲਰ ਮੌਨੀਟਰਿੰਗ ਕੀਤੀ ਜਾਵੇ ਅਤੇ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਸਾਫ਼-ਸੁਥਰੀਆਂ ਬਣਾ ਕੇ ਰੱਖੀਆਂ ਜਾਣ।
ਇਸ ਮੀਟਿੰਗ ਵਿਚ ਸਿਹਤ ਅਫ਼ਸਰ ਡਾ: ਅਜੈ ਕੰਵਰ, ਸਿਹਤ ਅਫ਼ਸਰ ਡਾ: ਯੋਗੇਸ਼ ਅਰੋੜਾ, ਸਮੂਹ ਚੀਫ਼ ਸੈਨੇਟਰੀ ਇੰਸਪੈਕਟਰ ਅਤੇ ਅਵਰਧਾ ਕੰਪਨੀ ਦੇ ਨੁਮਾਇੰਦੇ ਸ਼ਾਮਿਲ ਸਨ।
Punjab Post Daily Online Newspaper & Print Media