Saturday, July 18, 2026

ਸਰਕਾਰੀ ਸਕੂਲਾਂ ‘ਚ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ

ਸਿੱਖਿਆ ਵਿਭਾਗ ਕਰ ਰਿਹਾ 3-6 ਸਾਲ ਦੇ ਬੱਚਿਆਂ ਦੀ ਸਿੱਖਿਆ ਦੇ ਬੌਧਿਕ ਵਿਕਾਸ ਲਈ ਅਹਿਮ ਉਪਰਾਲੇ

ਅੰਮ੍ਰਿਤਸਰ, 24 ਜਨਵਰੀ (ਸੁਖਬੀਰ ਸਿੰਘ) – ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਸਕੂਲਾਂ ‘ਚ 3-6 ਸਾਲ ਦੇ ਬੱਚਿਆਂ ਲਈ ਖੇਡ-ਖੇਡ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਦਾ ਆਧਾਰ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਭਰਪੂਰ ਸਰਾਹਣਾ ਕੀਤੀ ਜਾ ਰਹੀ ਹੈ।ਮੁੰਨੇ ਬੱਚਿਆਂ ਦੀ ਸਿਖਣ ਸਿਖਾਉਣ ਦੀ ਪ੍ਰਕਿਰਿਆ ਨੂੰ ਖੇਡ ਵਿਧੀ ਰਾਹੀਂ ਅੰਜ਼ਾਮ ਦੇਣ ਲਈ ਰੰਗ ਬਿਰੰਗੇ ਖਿਡੌਣੇ ਅਤੇ ਆਕਰਸ਼ਕ ਸਿੱਖਣ ਸਮੱਗਰੀ ਨਾਲ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆ ਦੇ ਚਿਹਰੇ ਖਿੜੇ ਨਜਰ ਆਉਂਦੇ ਹਨ।
ਇਥੇ ਇਹ ਦੱਸਣਯੋਗ ਹੈ ਕਿ ਨਵੰਬਰ 2017 ਵਿੱਚ ਲਗਭਗ 13 ਹਜਾਰ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ ਸੀ ਤੇ ਸਿੱਖਿਆ ਵਿਭਾਗ ਦੇ ਇਸ ਮਹੱਤਵਪੂਰਨ ਪ੍ਰਾਜੈਕਟ ਨੂੰ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਘਰ ਘਰ ਜਾ ਕੇ ਮਾਪਿਆਂ ਨੂੰ ਉਤਸ਼ਾਹਿਤ ਕੀਤਾ ਤੇ ਤਿੰਨ ਸਾਲ ਦੇ ਥੋੜੇ ਜਿਹੇ ਸਮੇਂ ਅੰਦਰ ਸਰਕਾਰੀ ਸਕੂਲਾਂ ‘ਚ 3.30 ਲੱਖ ਵਿਦਿਆਰਥੀਆਂ ਦਾ ਦਾਖਲਾ ਕਰ ਕੇ ਰਿਕਾਰਡ ਕਾਇਮ ਕੀਤਾ।
ਇਸ ਸੰਬੰਧੀ ਕੰਵਲਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਅੰਮ੍ਰਿਤਸਰ ਅਤੇ ਗੁਰਦੇਵ ਸਿੰਘ ਕੀਰਤਨਗੜ੍ਹ ਬਲਾਕ ਸਿੱਖਿਆ ਅਫਸਰ ਅਜਨਾਲਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਹਰੇਕ ਸਕੂਲ ‘ਚ ਪ੍ਰੀ-ਪ੍ਰਾਇਮਰੀ ਜਮਾਤ ਦੇ ਕਮਰੇ ਨੂੰ ਸਮਾਰਟ ਕਲਾਸ ਰੂਮ ਵਜੋਂ ਤਿਆਰ ਕੀਤਾ ਗਿਆ ਹੈ।ਜਿਸ ਵਿੱਚ ਬੱਚਿਆਂ ਨੂੰ ਪ੍ਰੋਜੈਕਟਰ ਅਤੇ ਐਲ.ਈ.ਡੀ.ਰਾਹੀਂ ਈ-ਕੰਟੈਂਟ ਦੁਆਰਾ ਪੜਾਈ ਕਰਵਾਈ ਜਾ ਰਹੀ ਹੈ।
ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਚਾਹ ਨਿਹੰਗਾਂ ਅਧਿਆਪਕਾ ਸ਼੍ਰੀਮਤੀ ਰਜਵੰਤ ਕੌਰ ਨੇ ਦੱਸਿਆ ਕਿ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਛੋਟੇ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਸੈਨੇਟਾਈਜਰ ਸਟੈਂਡ, ਸਾਬਣ, ਤੌਲੀਆ ਸਮੇਤ ਸਿਹਤ ਸੁਰੱਖਿਆ ਦਾ ਧਿਆਨ ਰੱਖਦਿਆਂ ਕਲਾਸ ਰੂਮ ਦੇ ਫਰਸ਼ ‘ਤੇ ਮੈਟਿੰਗ ਕੀਤੀ ਗਈ ਹੈ ਅਤੇ ਦੀਵਾਰਾਂ ਤੇ ਰੰਗਦਾਰ ਤਸਵੀਰਾਂ ਵੀ ਬਣਾਈਆ ਗਈਆਂ ਹਨ।ਉਨ੍ਹਾਂ ਕਿਹਾ ਕਿ ਕਮਰੇ ਵਿੱਚ ਬੱਚਿਆਂ ਲਈ ਹਲਕੀਆਂ ਤੇ ਗਿਆਨ-ਵਧਾਊ ਖੇਡ ਕਿਰਿਆਵਾਂ ਲਈ ਸਹਾਇਕ ਸਮੱਗਰੀ ਸਮੇਤ ਮਜ਼ੇਦਾਰ ਕਹਾਣੀਆਂ ਵਾਲੀਆਂ ਕਿਤਾਬਾਂ, ਜਮਾਤ ਅੰਦਰ ਅੰਗਰੇਜ਼ੀ ਰਾਈਮਜ਼ ਅਤੇ ਜਿੰਗਲ ਕਿਰਿਆਵਾਂ ਵੀ ਕਰਵਾਈਆਂ ਜਾਂਦੀਆਂ ਹਨ।

Check Also

DAV Public School celebrates outstanding success in NEET UG 2026

Amritsar, July 18 (Punjab Post Bureau) – DAV Public School Lawrence Road is proud to …