Friday, April 17, 2026

ਸੱਤਿਆਜੀਤ ਮਜੀਠੀਆ ਵਲੋਂ ਖ਼ਾਲਸਾ ਕਾਲਜ ਵਿਖੇ ‘ਡਿਵੈਲਪਮੈਂਟ ਸੈਂਟਰ’ ਦਾ ਉਦਘਾਟਨ

ਕਾਲਜ ਵਿਖੇ ਸੈਂਟਰ ਖੋਲ੍ਹਣ ਦਾ ਮਕਸਦ ਬੇਰੋਜਗਾਰੀ ਨੂੰ ਘੱਟ ਕਰਨ ’ਚ ਯੋਗਦਾਨ ਪਾਉਣਾ- ਮਜੀਠੀਆ

ਅੰਮ੍ਰਿਤਸਰ, 31 ਜਨਵਰੀ (ਖੁਰਮਣੀਆਂ) – ‘ਖ਼ਾਲਸਾ ਗਲੋਬਲ ਰੀਚ ਸਕਿੱਲ ਡਿਵੈਲਪਮੈਂਟ ਸੈਂਟਰ’ ਖੋਲ੍ਹਣ ਦਾ ਮਕਸਦ ਵਿਦਿਆਰਥੀਆਂ ਨੂੰ ਉਚ ਪੱਧਰ ਦੇ ਕੋਰਸ ਕਰਵਾ ਕੇ ਰੋਜ਼ਗਾਰ ਦੇ ਸਾਧਨ ਮੁਹੱਈਆ ਕਰਵਾਉਣਾ ਅਤੇ ਬੇਰੋਜਗਾਰੀ ਨੂੰ ਨਕੇਲ੍ਹ ਪਾਉਣਾ ਹੈ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਨੇ ਪੌਣੇ ਏਕੜ ਰਕਬੇ ’ਚ ਤਿਆਰ ਕੀਤੀ ਗਈ ‘ਸਕਿੱਲ ਡਿਵੈਲਪਮੈਂਟ ਸੈਂਟਰ’ ਦੀ ਇਮਾਰਤ ਦੇ ਉਦਘਾਟਨ ਸਮੇਂ ਕੀਤਾ।ਉਨ੍ਹਾਂ ਨਾਲ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ, ਮੀਤ ਪ੍ਰਧਾਨ ਸਵਿੰਦਰ ਸਿੰਘ ਕੱਥੂਨੰਗਲ, ਫ਼ਾਈਨਾਂਸ ਸਕੱਤਰ ਗੁਨਬੀਰ ਸਿੰਘ ਤੇ ਹੋਰ ਮੈਂਬਰ ਹਾਜ਼ਰ ਸਨ।

              ਪ੍ਰਧਾਨ ਮਜੀਠੀਆ ਨੇ ਕਿਹਾ ਕਿ ਇਸ ਸੈਂਟਰ ’ਚ ਵਿਦਿਆਰਥੀਆਂ ਨੂੰ ਆਈ.ਏ.ਐਸ, ਆਈ.ਪੀ.ਐਸ, ਪੀ.ਸੀ.ਐਸ, ਯੂ.ਜੀ.ਸੀ/ਨੈਟ, ਬੈਂਕਿੰਗ ਆਦਿ ਦੀਆਂ ਪ੍ਰੀਖਿਆਵਾਂ ਦੀਆਂ ਕੋਚਿੰਗ ਕਲਾਸਾਂ ਲਗਾਈਆਂ ਜਾਣਗੀਆਂ। ਉਨਾਂ ਨੇ ਕਿਹਾ ਕਿ ਉਨ੍ਹਾਂ ਦੀ ਦਿਲੀ ਤਮੰਨਾ ਸੀ ਕਿ ਜੋ ਸਾਡੇ ਪੂਰਵਜ੍ਹਾ ਨੇ ਇਸ ਮਹਾਨ ਵਿੱਦਿਅਕ ਸੰਸਥਾ ਨੂੰ ਡਿਜ਼ਾਇਨ ਕਰਵਾਇਆ ਹੈ, ਉਸ ਨੂੰ ਬਰਕਰਾਰ ਰੱਖਦਿਆਂ ਹੋਇਆ ਇਸ ਅਧੀਨ ਆਉਂਦੀ ਹਰੇਕ ਇਮਾਰਤ ਨੂੰ ਹੂਬਹੂ ਰੂਪਮਾਨ ਕੀਤਾ ਜਾਵੇ।ਜਿਸ ’ਤੇ ਉਨ੍ਹਾਂ ਕਾਲਜ ਸਥਿਤ ਵਰਕਸ ਡਿਪਾਰਟਮੈਂਟ ਦੇ ਇੰਜੀਨੀਅਰ ਐਨ.ਕੇ ਸ਼ਰਮਾ ਦੇ ਕਾਰਜ਼ ਅਤੇ ਰੀਚ ਫਾਊਂਡੇਸ਼ਨ ਦੀ ਪ੍ਰਧਾਨ ਮੈਡਮ ਗੁਰਵਰਿੰਦਰ ਕੌਰ ਸੰਧੂ ਦੇ ਸਹਿਯੋਗ ਦੀ ਪ੍ਰਸੰਸਾ ਕੀਤੀ।ਮਜੀਠੀਆ ਨੇ ਕਿਹਾ ਕਿ ਬੀਤਿਆ ਸਾਲ 2020 ਹਰੇਕ ਮਨੁੱਖ ਲਈ ਤਕਲੀਫ਼ਾਂ ਭਰਿਆ ਰਿਹਾ ਹੈ, ਇਸ ਦੌਰਾਨ ਲੋਕਾਂ ਨੂੰ ਕੋਵਿਡ-19 ਵਰਗੀ ਭਿਅੰਕਰ ਦੁਬਿਧਾ ਨਾਲ ਜੂਝਣਾ ਪਿਆ ਹੈ।ਜਿਸ ਸਬੰਧੀ ਉਨ੍ਹਾਂ ਭਵਿੱਖ ’ਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
              ਇਸ ਦੌਰਾਨ ਛੀਨਾ ਨੇ ਕਿਹਾ ਕਿ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਤਿਆਰ ਕਰਵਾਈ ਗਈ ਇਸ ਇਮਾਰਤ ’ਚ ਬੈਕਿੰਗ, ਤਹਿਸੀਲਦਾਰ, ਪੰਜਾਬ ਪੁਲੀਸ ਆਦਿ ਨਾਲ ਸਬੰਧਿਤ ਉਚ ਪੱਧਰ ਦੇ ਕੋਰਸ ਦੀ ਵਿੱਦਿਆ ਕਰਵਾਈ ਜਾਵੇਗੀ।ਉਨਾਂ ਦੱਸਿਆ ਕਿ 5 ਮੰਜ਼ਿਲਾਂ ਸਮੇਤ ਇਕ ਬੇਸਮੈਂਟ ਦੇ ਤਿਆਰ ਕੀਤੀ ਗਈ ਇਸ ਇਮਾਰਤ ਵਿਚ ਸੈਮੀਨਾਰ ਹਾਲ, ਲਿਫ਼ਟ, ਆਮ ਪੌੜੀਆਂ ਤੋਂ ਇਲਾਵਾ ਐਮਰਜੈਂਸੀ ਪੌੜੀਆਂ, ਕਾਨਫਰੰਸ ਤੇ ਸਟੋਰ ਰੂਮ ਅਤੇ ਓਪਨ ਪਾਰਕਿੰਗ ਆਦਿ ਦੀ ਵਿਵਸਥਾ ਕੀਤੀ ਗਈ ਹੈ।
                   ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਮਜੀਠੀਆ ਅਤੇ ਛੀਨਾ ਦਾ ਉਕਤ ਇਮਾਰਤ ਦਾ ਨਿਰਮਾਣ ਕਰਵਾਉਣ ਲਈ ਦਿੱਤੇ ਸਹਿਯੋਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਸਹੂਲਤ ਲਈ ਇਸ ਵਿਚ ਕੰਪਿਊਟਰ ਲੈਬ ਤੇ ਲਾਇਬ੍ਰੇਰੀ ਦੀ ਲੋੜੀਂਦੀ ਸਹੂਲਤ ਵੀ ਉਪਲੱਬਧ ਹੈ। ਉਦਘਾਟਨ ਤੋਂ ਪਹਿਲਾਂ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਕਾਲਜ ਦੇ ਵਿਦਿਆਰਥੀਆਂ ਵਲੋਂ ਸ਼ਬਦ ਕੀਰਤਨ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਵਲੋਂ ਅਰਦਾਸ ਕੀਤੀ ਗਈ।
            ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਸ: ਸਰਦੂਲ ਸਿੰਘ ਮੰਨਨ, ਸ: ਅਜਮੇਰ ਸਿੰਘ ਹੇਰ, ਸ: ਰਾਜਬੀਰ ਸਿੰਘ, ਸ: ਹਰਮਿੰਦਰ ਸਿੰਘ ਫ੍ਰੀਡੰਮ, ਸ: ਕਰਤਾਰ ਸਿੰਘ ਗਿੱਲ, ਮੈਂਬਰ ਐਸ. ਐਸ. ਸੇਠੀ, ਸੁਖਦੇਵ ਸਿੰਘ ਅਬਦਾਲ, ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਪ੍ਰਿੰਸੀਪਲ ਨਾਨਕ ਸਿੰਘ, ਲੰਗਰੁ ਚਲੈ ਗੁਰ ਸ਼ਬਦਿ ਸੰਸਥਾ (ਰਜ਼ਿ) ਚੀਚਾ, ਅੰਮ੍ਰਿਤਸਰ ਦੇ ਪ੍ਰਧਾਨ ਕਮ ਚੇਅਰਮੈਨ ਡਾ. ਸਰਬਜੀਤ ਸਿੰਘ ਹੁਸ਼ਿਆਰ ਨਗਰ ਤੇ ਅੰਡਰ ਸੈਕਟਰੀ ਡੀ.ਐਸ.ਰਟੌਲ ਆਦਿ ਹਾਜ਼ਰ ਸਨ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …