Tuesday, June 17, 2025
Breaking News

ਦਮਦਮੀ ਟਕਸਾਲ ਵਲੋਂ ਗਾਜ਼ੀਪੁਰ ਮੋਰਚੇ ‘ਚ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਸਨਮਾਨ

ਕਿਸਾਨ ਮੋਰਚੇ `ਚ ਸ਼ਮੂਲੀਅਤ ਕਰਕੇ ਕੀਤਾ ਇੱਕਜੁੱਟਤਾ ਦਾ ਪ੍ਰਗਟਾਵਾ

ਦਿੱਲੀ/ ਮਹਿਤਾ ਚੌਕ/ 6 ਫ਼ਰਵਰੀ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ) ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੇ ਦਿਸ਼ਾ ਨਿਰਦੇਸ਼ ਹੇਠ ਦਮਦਮੀ ਟਕਸਾਲ ਦੇ ਹੈਡ ਕੁਆਟਰ ਚੌਕ ਮਹਿਤਾ ਤੋਂ ਚੱਲੇ ਵੱਡੇ ਜਥੇ ਨੇ ਕਿਸਾਨ ਏਕਤਾ ਮੋਰਚੇ `ਚ ਸ਼ਮੂਲੀਅਤ ਕਰਕੇ ਸੰਘਰਸ਼ਸ਼ੀਲ ਕਿਸਾਨਾਂ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ।ਪ੍ਰੋ. ਸਰਚਾਂਦ ਸਿੰਘ ਨੇ ਦੱਸਿਆ ਕਿ ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ) ਦੇ ਮੁਖੀ ਵਲੋਂ ਵਫ਼ਦ ਨੇ ਕਿਸਾਨ ਮੋਰਚੇ ਵਿੱਚ ਨਵੀਂ ਰੂਹ ਫੂਕਣ ਲਈ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਸ਼ਲਾਘਾ ਕੀਤੀ।ਉਨ੍ਹਾਂ ਗਾਜੀਪੁਰ ਮੋਰਚੇ ‘ਚ ਟਿਕੈਤ ਦੇ ਸੀਸ ‘ਤੇ ਦਸਤਾਰ ਸਜਾ ਕੇ ਉਨਾਂ ਨੂੰ ਸ੍ਰੀ ਸਾਹਿਬ ਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ।ਜਦਕਿ ਟਿਕੈਤ ਨੇ ਦਮਦਮੀ ਟਕਸਾਲ ਵੱਲੋਂ ਮੋਰਚੇ ਨੂੰ ਦਿੱਤੇ ਗਏ ਸਮਰਥਨ ਤੇ ਸਹਿਯੋਗ ਲਈ ਟਕਸਾਲ ਅਤੇ ਸਿੱਖ ਸਮਾਜ ਦਾ ਧੰਨਵਾਦ ਕੀਤਾ। ਉਨ੍ਹਾਂ ਮੋਰਚੇ ਨੂੰ ਜਿੱਤ ਤਕ ਲਗਾਤਾਰ ਜਾਰੀ ਰੱਖਣ ਲਈ ਅੰਦੋਲਨਕਾਰੀਆਂ ਨੂੰ ਕਿਹਾ ਕਿ ਉਹ ਮੋਰਚਾ ਛੱਡ ਕੇ ਨਾ ਜਾਣ, ਜੇ ਉਨ੍ਹਾਂ ਨੂੰ ਪਿੰਡ ਦੀ ਯਾਦ ਸਤਾਉਂਦੀ ਹੈ ਤਾਂ ਉਹ ਪਿੰਡ ਦੀ ਮਿੱਟੀ ਆਪਣੇ ਨਾਲ ਲੈ ਕੇ ਆਉਣ ਅਤੇ ਮੋਰਚੇ ਦੀ ਮਿੱਟੀ ਆਪਣੇ ਖੇਤਾਂ ਵਿਚ ਲਿਜਾ ਕੇ ਖਿਲਾਰ ਦੇਣ। ਉਨ੍ਹਾਂ ਖੇਤਾਂ ਵਿਚ ਕੰਮ ਕਰਦੇ ਹੋਏ ਵੀ ਮੋਰਚੇ ਵਲ ਧਿਆਨ ਕੇਂਦਰਿਤ ਰੱਖਣ ਦੀ ਅਪੀਲ ਕੀਤੀ।
              ਟਕਸਾਲ ਦੇ ਆਗੂ ਸਿੰਘਾਂ ਨੇ ਕਿਸਾਨ ਅੰਦੋਲਨ ਨੂੰ ਦੇਸ਼ ਭਰ ਤੋਂ ਹੋਰ ਹਮਾਇਤ ਜੁਟਾਉਣ ਲਈ ਕਿਸਾਨ ਆਗੂ ਰਾਕੇਸ਼ ਟਿਕੈਤ ਤੇ ਹੋਰਨਾਂ ਆਗੂਆਂ ਨਾਲ ਵਿਚਾਰਾਂ ਕੀਤੀਆਂ।ਸਟੇਜ ਤੋਂ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਦਮਦਮੀ ਟਕਸਾਲ ਦੇ ਆਗੂ ਗਿਆਨੀ ਜੀਵਾ ਸਿੰਘ ਨੇ ਕਿਹਾ ਕਿ ਇਸ ਜਥੇ ਦਾ ਮੋਰਚੇ `ਚ ਹਿੱਸਾ ਲੈਣ ਦਾ ਮਕਸਦ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਅੰਦੋਲਨ ਨੂੰ ਮਜ਼ਬੂਤੀ ਪ੍ਰਦਾਨ ਕਰਨਾ ਹੈ।ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਦੇ ਮੁਖੀ ਸੰਤ ਗਿ: ਹਰਨਾਮ ਸਿੰਘ ਖ਼ਾਲਸਾ ਸ਼ੁਰੂ ਤੋਂ ਹੀ ਕਾਲੇ ਕਾਨੂੰਨਾਂ ਦੇ ਵਿਰੁੱਧ `ਚ ਅਤੇ ਕਿਸਾਨੀ ਨੂੰ ਬਚਾਉਣ ਲਈ ਕਿਸਾਨਾਂ ਦਾ ਸਾਥ ਦੇ ਰਹੇ ਹਨ।ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਮੋਦੀ ਸਰਕਾਰ ਦੇ ਕਿਸਾਨਾਂ ਪ੍ਰਤੀ ਅੜੀਅਲ ਵਤੀਰੇ ਤੋਂ ਕਾਫ਼ੀ ਨਿਰਾਸ਼ ਹਨ।ਉਨ੍ਹਾਂ ਟਕਸਾਲ ਵੱਲੋਂ ਕਿਸਾਨ ਅੰਦੋਲਨ ਲਈ ਹਰ ਪ੍ਰਕਾਰ ਦੇ ਸਮਰਥਨ ਦੀ ਪੇਸ਼ਕਸ਼ ਕਰਦਿਆਂ ਸੰਤ ਸਮਾਜ ਦੇ ਆਗੂਆਂ ਅਤੇ ਹਰ ਦੇਸ਼ ਵਾਸੀ ਨੂੰ ਦੇਸ਼ ਦੇ ਅੰਨਦਾਤੇ ਦਾ ਸਾਥ ਦੇਣ ਦੀ ਅਪੀਲ ਕੀਤੀ।ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣ `ਤੇ ਜ਼ੋਰ ਦੇ ਕੇ ਉਨ੍ਹਾਂ ਕਿਹਾ ਕਿ ਇਹ ਹੁਣ ਜਨ ਅੰਦੋਲਨ ਬਣ ਚੁੱਕਾ ਹੈ ਅਤੇ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ।ਉਨ੍ਹਾਂ ਕਿਸਾਨ ਮੋਰਚੇ `ਚ ਹਿੱਸਾ ਲੈ ਰਹੇ ਨੌਜਵਾਨਾਂ `ਤੇ ਕੇਸ ਦਰਜ਼ ਕਰਨ ਦੀ ਵੀ ਨਿਖੇਧੀ ਕੀਤੀ।ਇੰਟਰਨੈੱਟ ਸੇਵਾਵਾਂ ਬੰਦ ਕਰਨ ਅਤੇ ਸੰਚਾਰ ਸਾਧਨਾਂ ਤੇ ਰੋਕ ਲਾਉਣ ਨੂੰ ਗੈਰ ਸੰਵਿਧਾਨਕ ਕਰਾਰ ਦਿੱਤਾ।
             ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਧਰਮ ਪ੍ਰਚਾਰ ਕਮੇਟੀ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ, ਬਾਬਾ ਗੁਰਭੇਜ ਸਿੰਘ ਬੁਲਾਰਾ ਸੰਤ ਸਮਾਜ, ਗਿਆਨੀ ਸਾਹਿਬ ਸਿੰਘ, ਗਿਆਨੀ ਪਲਵਿੰਦਰ ਪਾਲ ਸਿੰਘ ਬੁੱਟਰ, ਭਾਈ ਬੋਹੜ ਸਿੰਘ, ਜਥੇ. ਸੁਖਦੇਵ ਸਿੰਘ ਅਨੰਦਪੁਰ, ਜਥੇ. ਜਰਨੈਲ ਸਿੰਘ, ਕਾਲਾ ਸਰਪੰਚ ਮਹਿਤਾ, ਸੋਨਾ ਚੇਅਰਮੈਨ, ਅਵਤਾਰ ਸਿੰਘ ਬੁੱਟਰ, ਹਰਸ਼ਦੀਪ ਸਿੰਘ ਤੇ ਪ੍ਰੋ: ਸਰਚਾਂਦ ਸਿੰਘ ਵੀ ਮੌਜੂਦ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …