Friday, July 4, 2025
Breaking News

ਪ੍ਰਾਇਮਰੀ ਸਕੂਲਾਂ ‘ਚ ਡਿਜ਼ੀਟਲ ਮਾਪੇ-ਅਧਿਆਪਕ ਮਿਲਣੀਆਂ ਸ਼ੁਰੂ – ਬਲਦੇਵ ਰਾਜ

ਪ੍ਰੀ-ਪ੍ਰਾਇਮਰੀ ਬੱਚਿਆਂ ਦੀ ਹਾਜ਼ਰੀ ਸਬੰਧੀ ਰਾਸ਼ਟਰੀ ਸਰਵੇ ‘ਚ ਪੰਜਾਬ ਦੇ ਅੱਵਲ ਆਉਣ ‘ਤੇ ਮਾਪੇ ਖੁਸ਼

ਪਠਾਨਕੋਟ, 6 ਫਰਵਰੀ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਪਠਾਨਕੋਟ ਦੀ ਅਗਵਾਈ ਵਿੱਚ ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਸਫ਼ਲਤਾ ਲਈ ਰੱਖੀ ਗਈ ਮਾਪੇ ਅਧਿਆਪਕ ਮਿਲਣੀ ਦੌਰਾਨ ਮਾਪਿਆਂ ਨੂੰ ਵਿਦਿਆਰਥੀਆਂ ਦੀ ਜਨਵਰੀ ਮਹੀਨੇ ਵਿੱਚ ਕੀਤੇ ਗਏ ਮੁਲਾਂਕਣ ਬਾਰੇ ਜਾਣਕਾਰੀ ਦਿੱਤੀ ਗਈ।
                 ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਬਲਦੇਵ ਰਾਜ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁਜਾਨਪੁਰ ਕੁੜੀਆਂ ਵਿਖੇ ਮਾਪੇ ਅਧਿਆਪਕ ਮਿਲਣੀ ਵਿਚ ਸ਼ਮੂਲੀਅਤ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰਦਾਨ ਕੀਤੀ ਜਾ ਰਹੀ ਪ੍ਰੀ-ਪ੍ਰਾਇਮਰੀ ਸਿੱਖਿਆ ਨੇ ਸੂਬੇ ਦਾ ਨਾਮ ਭਾਰਤ ਵਿੱਚ ਚਮਕਾਇਆ ਹੈ। ਪੰਜਾਬ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਵਾਲਾ ਪਹਿਲਾ ਸੂਬਾ ਹੈ ਅਤੇ ਰਾਸ਼ਟਰੀ ਸਰਵੇ ਅਨੁਸਾਰ ਪੰਜਾਬ ਦੇ 3-6 ਸਾਲ ਦੇ 61.6 ਫੀਸਦੀ ਬੱਚਿਆਂ ਨੇ ਸਕੂਲਾਂ ਵਿੱਚ ਹਾਜ਼ਰੀ ਦਿੱਤੀ। ਉਹਨਾਂ ਸਮੂਹ ਅਧਿਆਪਕਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਇਹਨਾਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਅਧਿਆਪਕਾਂ ਦੁਆਰਾ ਕੀਤੇ ਜਾ ਰਹੇ ਕਾਰਜ਼ਾਂ ਨੇ ਪੰਜਾਬ ਦੇ ਅਧਿਆਪਕਾਂ ਦਾ ਮਾਣ ਭਾਰਤ ਵਿੱਚ ਵਧਾਇਆ ਹੈ।
ਉਹਨਾਂ ਕਿਹਾ ਕਿ 14 ਨਵੰਬਰ 2017 ਨੂੰ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਸਿੱਖਿਆ ਸ਼ੁਰੂ ਹੋਈ ਸੀ ਅਤੇ ਹੁਣ ਤਿੰਨ ਸਾਲ ਬਾਅਦ ਪੰਜਾਬ ਵਿੱਚ 3.30 ਲੱਖ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈ ਚੁੱਕੇ ਹਨ।
                ਇਸਦੇ ਨਾਲ ਹੀ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੇ ਮਾਪਿਆਂ ਅਤੇ ਸਰਪ੍ਰਸਤਾਂ ਨੂੰ ਦੱਸਿਆ ਕਿ ਕੋਵਿਡ-19 ਸਬੰਧੀ ਸਰਕਾਰ ਵਲੋਂ ਜਾਰੀ ਹਦਾਇਤਾਂ ਦਾ ਸਕੂਲਾਂ ਵਿੱਚ ਬਾਖੂਬੀ ਪਾਲਣ ਕੀਤਾ ਜਾ ਰਿਹਾ ਹੈ।
               ਇਸਦੇ ਨਾਲ ਹੀ ਵਿਭਾਗ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਸ਼ਤ-ਪ੍ਰਤੀਸ਼ਤ 2021 ਦੀ ਸਫ਼ਲਤਾ ਲਈ ਸਾਲਾਨਾ ਇਮਤਿਹਾਨਾਂ ਦੀ ਤਿਆਰੀ ਲਈ ਪਾਠਕ੍ਰਮ ਅਨੁਸਾਰ ਤਿਆਰੀ, ਪੰਜਾਬ ਐਜੂਕੇਅਰ ਐਪ ਦੀ ਵਰਤੋਂ ਕਰਕੇ ਪਾਠਕ੍ਰਮ ਦੀ ਦੁਹਰਾਈ, ਮਾਡਲ ਟੈਸਟ ਪੇਪਰਾਂ ਨੂੰ ਹੱਲ ਕਰਨਾ, ਨਮੂਨਾ ਪ੍ਰਸ਼ਨ ਪੱਤਰਾਂ ਬਾਰੇ ਜਾਣਕਾਰੀ ਲੈਣ ਅਤੇ ਵਧੀਆ ਤਿਆਰੀ ਲਈ ਮਾਪਿਆਂ/ਸਰਪ੍ਰਸਤਾਂ ਦੇ ਸਹਿਯੋਗ ਬਾਰੇ ਵੀ ਚਰਚਾ ਕੀਤੀ ਗਈ।
                ਇਸ ਮੌਕੇ ਜਿਲ੍ਹਾ ਕੋਆਰਡੀਨੇਟਰ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਵਨੀਤ ਮਹਾਜਨ, ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਤਰੁਣ ਕੁਮਾਰ ਕਲਰਕ, ਰਾਜੇਸ਼ ਕੁਮਾਰ ਕਲਰਕ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜ਼ਰ ਸਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …