ਅੰਮ੍ਰਿਤਸਰ ਵਿੱਚ ਖੁੱਲੇਗਾ ਮਹਿਲਾ ਕਮਿਸ਼ਨ ਦਾ ਕੈਂਪ ਦਫਤਰ
ਅੰਮ੍ਰਿਤਸਰ, 9 ਫਰਵਰੀ (ਸੁਖਬੀਰ ਸਿੰਘ) – ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਸ੍ਰੀਮਤੀ ਮੁਨੀਸ਼ਾ ਗੁਲਾਟੀ ਨੇ ਦੱਸਿਆ ਕਿ ਔਰਤਾਂ ਵਿਰੁੱਧ ਹਿੰਸਾ ਦੇ
ਛੇਤੀ ਨਿਪਟਾਰੇ ਲਈ ਪੁਲਿਸ ਥਾਣਿਆਂ ਵਿਚ ਬਣੇ ਮਹਿਲਾ ਸੈਲਾਂ ਵਿੱਚ ਹੁੰਦੇ ਕੰਮਕਾਰ ਦਾ ਨਿਰੀਖਣ ਕਰਨ ਲਈ ਕਮਿਸ਼ਨ ਹੁਣ ਇੰਨਾਂ ਸੈਲਾਂ ਦੀ ਜਾਂਚ ਕਰੇਗਾ।
ਅੱਜ ਅੰਮ੍ਰਿਤਸਰ ਵਿਚ ਰਾਜ ਦੇ ਪੰਜ ਜਿਲਿਆਂ ‘ਚੋਂ ਆਏ ਘਰੇਲੂ ਲੜਾਈ-ਝਗੜਿਆਂ ਦੇ ਕੇਸਾਂ ਦਾ ਨਿਪਟਾਰਾ ਕਰਨ ਲਈ ਪਹੁੰਚੇ ਸ੍ਰੀਮਤੀ ਗੁਲਾਟੀ ਨੇ ਕਿਹਾ ਕਿ ਕਮਿਸ਼ਨ ਜਿਸ ਵੀ ਕੇਸ ਵਿਚ ਕਾਰਵਾਈ ਦੀ ਸ਼ਿਫਾਰਸ ਕਰਦਾ ਹੈ, ਪੁਲਿਸ ਉਸ ਸ਼ਿਫਾਰਸ ਨੂੰ ਹਰ ਹਾਲਤ ਇੰਨ-ਬਿੰਨ ਲਾਗੂ ਕਰੇ।ਉਨਾਂ ਚੇਤਾਵਨੀ ਦਿੱਤੀ ਕਿ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਨੂੰ ਅਣਗੌਲੇ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਸਿਫਾਰਸ਼ ਕੀਤੀ ਜਾਵੇਗੀ। ਸ੍ਰੀਮਤੀ ਗੁਲਾਟੀ ਨੇ ਕਿਹਾ ਕਿ ਕਮਿਸ਼ਨ ਦਾ ਮੁੱਖ ਦਫਤਰ ਚੰਡੀਗੜ੍ਹ ਹੈ ਅਤੇ ਇਸ ਦੂਰੀ ਨੂੰ ਘੱਟ ਕਰਨ ਦੇ ਇਰਾਦੇ ਨਾਲ ਨੇੜਲੇ ਜਿਲਿਆਂ ਲਈ ਅੰਮ੍ਰਿਤਸਰ ਵਿਚ ਕਮਿਸ਼ਨ ਦਾ ਕੈਂਪ ਦਫਤਰ ਖੋਲਿਆ ਜਾਵੇਗਾ ਤਾਂ ਜੋ ਪੀੜਤ ਔੌਰਤਾਂ ਕਮਿਸ਼ਨ ਤੱਕ ਵੱਧ ਤੋਂ ਵੱਧ ਅਵਾਜ਼ ਪਹੁੰਚਾ ਸਕਣ। ਉਨਾਂ ਕਿਹਾ ਕਿ ਘਰੇਲੂ ਲੜਾਈ ਝਗੜਿਆਂ ਦੇ ਕੇਸ ਲਗਾਤਾਰ ਵੱਧ ਰਹੇ ਹਨ, ਜਿਸ ਦਾ ਮੁੱਖ ਕਾਰਨ ਨੌਜਵਾਨ ਪੀੜ੍ਹੀ ਵਿਚ ਸੰਸਕਾਰਾਂ ਦੀ ਕਮੀ ਹੈ ਅਤੇ ਅਸੀਂ ਕੇਂਦਰ ਸਰਕਾਰ ਨੂੰ ਸਿਫਾਰਸ਼ ਕੀਤੀ ਹੈ ਕਿ ਨਵੀਂ ਸਿੱਖਿਆ ਨੀਤੀ ਵਿਚ ਸੰਸਕਾਰਾਂ ਪ੍ਰਤੀ ਬੱਚਿਆਂ ਨੂੰ ਸੰਵੇਦਨਸ਼ੀਲ ਕਰਨ ਲਈ ਵੀ ਸਿਲੇਬਸ ਬਣਾਇਆ ਜਾਵੇ। ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਘਰੇਲੂ ਝਗੜਿਆਂ ਵਿਚ ਦੋਵਾਂ ਧਿਰਾਂ ਨੂੰ ਸਮਝਾ ਕੇ ਕੇਸ ਦਾ ਸੁਖਾਲਾ ਹੱਲ ਕੱਢਿਆ ਜਾਵੇ ਅਤੇ ਅਸੀਂ ਬਹੁਤੀ ਵਾਰ ਘਰ ਟੁੱਟਣ ਦੀ ਨੌਬਤ ਤੋਂ ਬਚਾਅ ਕਰਨ ਵਿਚ ਕਾਮਯਾਬ ਵੀ ਹੁੰਦੇ ਹਾਂ।ਪਰ ਕਈ ਵਾਰ ਦੋਵਾਂ ਧਿਰਾਂ ਦੀ ਕਾਨੂੰਨ ਪ੍ਰਤੀ ਨਾਸਮਝੀ ਤੇ ਬਦਲਾਖੋਰੀ ਸਾਡੀ ਕੋਸ਼ਿਸ਼ ਵਿੱਚ ਰੁਕਾਵਟ ਵੀ ਬਣ ਜਾਂਦੀ ਹੈ। ਸ੍ਰੀਮਤੀ ਗੁਲਾਟੀ ਨੇ ਕਿਹਾ ਕਿ ਅਸੀਂ ਕਮਿਸ਼ਨ ਵੱਲੋਂ ਸਰਕਾਰ ਨੂੰ ਇਹ ਵੀ ਸ਼ਿਫਾਰਸ਼ ਕਰਾਂਗੇ ਕਿ ਮਹਿਲਾ ਸੈਲਾਂ ਵਿਚ ਪੇਸ਼ੇਵਰ ਕੌਂਸਲਰ ਵੀ ਤਾਇਨਾਤ ਕੀਤੇ ਜਾਣ ਤਾਂ ਜੋ ਦੋਵਾਂ ਧਿਰਾਂ ਨੂੰ ਸਮਝਾ ਕੇ ਅਦਾਲਤੀ ਕੇਸਾਂ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ।
ਇਸ ਮੌਕੇ ਅੰਮ੍ਰਿਤਸਰ ਸ਼ਹਿਰੀ, ਅੰਮ੍ਰਿਤਸਰ ਦਿਹਾਤੀ, ਤਰਨਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਦੇ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।
Punjab Post Daily Online Newspaper & Print Media