ਨੌਜਵਾਨ ਸ਼ਾਂਤਮਈ ਤਰੀਕੇ ਨਾਲ ਪੰਜਾਬ ਬੰਦ ਕਰਵਾਉਣ-ਢੋਟ

ਬੈਠਕ ਦੌਰਾਨ ਪ੍ਰਧਾਨ ਅਮਰਬੀਰ ਸਿੰਘ ਢੋਟ, ਗੁਰਜੀਤ ਸਿੰਘ ਬਿੱਟੂ, ਸ਼ਿਸ਼ਪਾਲ ਸਿੰਘ ਮੀਰਾਕੋਟ, ਜਗਜੀਤ ਸਿੰਘ ਖਾਲਸਾ, ਯੁਵਰਾਜ ਸਿੰਘ ਚੌਹਾਨ, ਮਨਦੀਪ ਸਿੰਘ ਖਾਲਸਾ, ਜਥੇ. ਕੁਲਵੰਤ ਸਿੰਘ ਢੋਟ ਅਤੇ ਹੋਰ ਦਿਖਾਈ ਦਿੰਦੇ ਹੋਏ।
ਅੰਮ੍ਰਿਤਸਰ 29 ਅਕਤੂਬਰ (ਸੁਖਬੀਰ ਸਿੰਘ) -ਨਵੰਬਰ 1984 ਵਿਚ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ 30 ਸਾਲ ਬਾਅਦ ਵੀ ਸਜਾ ਨਾ ਦਿੱਤੇ ਜਾਣ ਤੇ ਰੋਸ ਵਜੋਂ 1 ਨਵੰਬਰ ਪੰਜਾਬ ਬੰਦ ਦੇ ਸੱਦੇ ਸੰਬੰਧੀ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਦੇ ਅਹੁੱਦੇਦਾਰਾਂ ਦੀ ਬੈਠਕ ਜ਼ਿਲ੍ਹਾ ਪ੍ਰਧਾਨ ਕੌਂਸਲਰ ਅਮਰਬੀਰ ਸਿੰਘ ਢੋਟ ਦੀ ਅਗਵਾਈ ਵਿਚ ਹੋਈ।ਜਿਸ ਵਿਚ 1 ਨਵੰਬਰ ਪੰਜਾਬ ਬੰਦ ਨੂੰ ਸਫਲ ਕਰਨ ਲਈ ਫੈਡਰੇਸ਼ਨ ਦੇ ਅਹੁੱਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ।ਬੈਠਕ ਵਿਚ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਆਫ ਪੰਜਾਬ ਦੇ ਪ੍ਰਧਾਨ ਗੁਰਜੀਤ ਸਿੰਘ ਬਿੱਟੂ ਚੱਕਮੁਕੰਦ ਅਤੇ ਸਰਪ੍ਰਸਤ ਤਸਬੀਰ ਸਿੰਘ ਲਾਹੌਰੀਆ ਆਪਣੇ ਸਾਥੀਆਂ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਮੌਕੇ ਢੋਟ ਨੇ ਸਮੁੱਚੀਆਂ ਜਥੇਬੰਦੀਆਂ, ਸਭਾ ਸੁਸਾਇਟੀਆਂ ਅਤੇ ਪੰਜਾਬ ਵਾਸੀਆਂ ਨੂੰ 1 ਨਵੰਬਰ ਨੂੰ ਕਾਲੇ ਦਿਨ ਵਜੋਂ ਮਨਾਉਣ ਦੀ ਅਪੀਲ ਕਰਦਿਆਂ ਪੰਜਾਬ ਬੰਦ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ।
ਢੋਟ ਨੇ ਸਮੂੰਹ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਸਾਰੇ ਕਾਰੋਬਾਰੀ, ਸਮੂੰਹ ਕਾਲਜ਼, ਯੂਨੀਵਰਸਿਟੀਆਂ ਅਤੇ ਰੋਡ ਆਵਾਜਾਈ ਬੰਦ ਰੱਖੀ ਜਾਵੇ।
ਢੋਟ ਨੇ ਕਿਹਾ ਕਿ ਪੰਜਾਬ ਵਿਚੋਂ ਲੰਘਣ ਵਾਲੀਆਂ ਸਾਰੀਆਂ ਗੱਡੀਆਂ ਸਵੇਰੇ 5-00 ਵਜੇ ਤੋਂ 10-00 ਵਜੇ ਤੱਕ ਬੰਦ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸਾਰੇ ਨੌਜਵਾਨ ਬੜੇ ਹੀ ਸ਼ਾਂਤਮਈ ਤਰੀਕੇ ਨਾਲ ਪੰਜਾਬ ਬੰਦ ਨੂੰ ਕਾਮਯਾਬ ਬਣਾਉਣ ਅਤੇ ਹੁਲੱੜਬਾਜ਼ੀ ਕਰਨ ਦੀ ਕੋਸ਼ਿਸ਼ ਨਾ ਕਰਨ।ਉਨ੍ਹਾਂ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਇਸ ਬੰਦ ਨਾਲ ਲੋਕਾਂ ਨੂੰ ਕਾਫੀ ਕਠਨਾਈਆਂ ਦਾ ਸਾਹਮਣਾ ਕਰਨਾ ਪਵੇਗਾ, ਪਰ ਕੁੰਭਕਰਨ ਦੀ ਨੀਂਦ ਸੁੱਤੀ ਕੇਂਦਰ ਸਰਕਾਰ ਨੂੰ ਜਗਾਉਣ ਅਤੇ ਸਿੱਖਾਂ ਨੂੰ ਇੰਨਸਾਫ ਦਿਵਾਉਣ ਲਈ ਸਾਨੂੰ ਇਹ ਜਦੋਜਹਿਦ ਕਰਨੀ ਪੈ ਰਹੀ ਹੈ।
ਢੋਟ ਨੇ ਕਿਹਾ ਕਿ ਪੀੜ੍ਹਤ ਪਰਿਵਾਰ ਪਿਛਲੇ 30 ਸਾਲਾਂ ਤੋਂ ਇੰਨਸਾਫ ਲਈ ਗੁਹਾਰ ਲਗਾ ਰਹੇ ਹਨ ਪਰ ਅਜੇ ਤੱਕ ਉਨ੍ਹਾਂ ਨੂੰ ਇੰਨਸਾਫ ਮਿਲਣ ਦੀ ਕੋਈ ਕਿਰਨ ਦਿਖਾਈ ਦੇ ਰਹੀ, ਜਿਸ ਕਰਕੇ ਪੰਜਾਬ ਬੰਦ ਕਰਕੇ ਕਾਲਾ ਦਿਵਸ ਮਨਾਇਆ ਜਾ ਰਿਹਾ ਹੈ।ਢੋਟ ਨੇ ਸਮੂੰਹ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਸਿੱਖਾਂ ਨੂੰ ਇੰਨਸਾਫ ਦਿਵਾਉਣ ਵਾਸਤੇ 1 ਨਵੰਬਰ ਨੂੰ ਪੰਜਾਬ ਬੰਦ ਸਫਲ ਬਣਾਉਣ ਵਿਚ ਪੂਰਨ ਸਹਿਯੋਗ ਦੇਣ।
ਇਸ ਮੌਕੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਆਫ ਪੰਜਾਬ ਦੇ ਪ੍ਰਧਾਨ ਗੁਰਜੀਤ ਸਿੰਘ ਬਿੱਟੂ ਚੱਕਮੁਕੰਦ, ਕੌਮੀ ਸੀਨੀਅਰ ਮੀਤ ਪ੍ਰਧਾਨ ਸ਼ਿਸ਼ਪਾਲ ਸਿੰਘ ਮੀਰਾਕੋਟ, ਤਸਬੀਰ ਸਿੰਘ ਲਾਹੌਰੀਆ, ਜ਼ਿਲ੍ਹਾ ਪ੍ਰਧਾਨ ਕੰਵਲਪ੍ਰੀਤ ਸਿੰਘ ਛੇਹਰਟਾ, ਰਛਪਾਲ ਸਿੰਘ ਲੌਹਾਰਕਾ, ਮਧੂਪਾਲ ਸਿੰਘ ਗੋਗਾ, ਜਥੇ. ਕੁਲਵੰਤ ਸਿੰਘ ਢੋਟ, ਮਨਦੀਪ ਸਿੰਘ ਖਾਲਸਾ, ਜਗਜੀਤ ਸਿੰਘ ਖਾਲਸਾ, ਚਰਨਜੀਤ ਸਿੰਘ ਧਾਰੀਵਾਲ, ਬਲਵਿੰਦਰ ਸਿੰਘ ਰਾਜੋਕੇ, ਮਨਜੀਤ ਸਿੰਘ ਬੂਟਾ, ਯੁਵਰਾਜ ਸਿੰਘ, ਮਨਮੀਤ ਸਿੰਘ ਅਰੋੜਾ, ਮਨਜੀਤ ਸਿੰਘ ਬਾਠ, ਰਮਨਪ੍ਰੀਤ ਸਿੰਘ ਤੁੰਗ, ਸਰਬਜੀਤ ਸਿੰਘ ਸ਼ੱਬਾ ਆਦਿ ਫੈਡਰੇਸ਼ਨ ਆਗੂ ਹਾਜ਼ਰ ਸਨ।
Punjab Post Daily Online Newspaper & Print Media