Tuesday, July 21, 2026

ਨਸ਼ਿਆਂ ਖਿਲਾਫ਼ ਬਿਹਤਰੀਨ ਕਾਰਗੁਜ਼ਾਰੀ ਸਦਕਾ ਕੌਮੀ ਪੱਧਰ ’ਤੇ ਚਮਕਿਆ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ

ਭਾਰਤ ਸਰਕਾਰ ਦੇ ‘ਨਿਊਜ਼ ਲੈਟਰ’ ‘ਚ ਲਗਾਤਾਰ ਹੋ ਰਿਹੈ ਜ਼ਿਲ੍ਹੇ ਦੀਆਂ ਪ੍ਰਾਪਤੀਆਂ ਦਾ ਜ਼ਿਕਰ – ਡਾ. ਸ਼ੇਨਾ ਅਗਰਵਾਲ

ਨਵਾਂਸ਼ਹਿਰ, 13 ਫਰਵਰੀ (ਪੰਜਾਬ ਪੋਸਟ ਬਿਊਰੋ) – ਭਾਰਤ ਸਰਕਾਰ ਵੱਲੋਂ ਦੇਸ਼ ਦੇ ਹਰ ਕੋਨੇ ਵਿਚ ਨਸ਼ਾ ਮੁਕਤ ਅਭਿਆਨ ਚਲਾਇਆ ਜਾ ਰਿਹਾ ਹੈ।ਜਿਸ ਤਹਿਤ ਹਰੇਕ ਜ਼ਿਲ੍ਹੇ ਵਿਚ ਡਿਪਟੀ ਕਮਿਸ਼ਨਰ ਦੀ ਚੇਅਰਮੈਨਸ਼ਿਪ ਵਿਚ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਵੱਲੋਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।ਇਨ੍ਹਾਂ ਗਤੀਵਿਧੀਆਂ ਦਾ ਮੁੱਖ ਉਦੇਸ਼ ਮੁਲਕ ਦੇ ਨੌਜਵਾਨ ਵਰਗ ਨੂੰ ਨਸ਼ੇ ਦੀ ਆਦਤ ਤੋਂ ਬਚਾਉਣਾ ਅਤੇ ਰਚਨਾਤਮਕ ਕੰਮਾਂ ਲਈ ਪ੍ਰੇਰਿਤ ਕਰਨਾ ਹੈ।ਇਸ ਤਰ੍ਹਾਂ ਨਾਲ ਇਸ ਮੁਹਿੰਮ ਰਾਹੀਂ ਵੱਖ-ਵੱਖ ਪਲੇਟਫਾਰਮਾਂ, ਜਿਵੇਂ ਸਿੱਖਿਆ ਸੰਸਥਾਵਾਂ, ਕਿੱਤਾਕਾਰੀ ਟ੍ਰੇਨਿੰਗ ਸੰਸਥਾਵਾਂ, ਪੁਲਿਸ ਵਿਭਾਗ ਅਤੇ ਸਮਾਜ ਸੇਵੀ ਸੰਸਥਾਵਾਂ ਰਾਹੀਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।
                ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਵੀ ‘ਨਸ਼ਾ ਮੁਕਤ ਭਾਰਤ ਅਭਿਆਨ’ ਤਹਿਤ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀ ਅਗਵਾਈ ਵਿਚ ਐਕਸ਼ਨ ਪਲਾਨ ਬਣਾ ਕੇ ਵੱਡੀ ਪੱਧਰ ’ਤੇ ਜਾਗਰਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਜ਼ਿਲ੍ਹਾ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਇਸ ਮੁਹਿੰਮ ਤਹਿਤ ਜ਼ਿਲ੍ਹੇ ਵਿਚ ਨਿਵੇਕਲੀਆਂ ਗਤੀਵਿਧੀਆਂ ਅਰੰਭੀਆਂ ਗਈਆਂ ਹਨ।ਇਸ ਸਬੰਧੀ ਸਿਹਤ ਵਿਭਾਗ ਵੱਲੋਂ ਜਿਥੇ ਜੇ.ਐਫ.ਜੇ.ਐਚ.ਐਸ ਸੀਨੀਅਰ ਸੈਕੰਡਰੀ ਸਕੂਲ ਵਿਖੇ ਨੌਜਵਾਨਾਂ ਵਿਚਾਲੇ ਕਰਵਾਇਆ ਗਿਆ ਫੁੱਟਬਾਲ ਮੈਚ ਯਾਦਗਾਰੀ ਰਿਹਾ, ਉਥੇ ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵੱਲੋਂ ਰੈਡ ਕਰਾਸ ਸੁਸਾਇਟੀ ਦੇ ਮੁੜ ਵਸੇਬਾ ਕੇਂਦਰ (ਰੀਹੈਬਲੀਟੇਸ਼ਨ ਸੈਂਟਰ) ਦੇ ਅਜਿਹੇ ਨੌਜਵਾਨ, ਜਿਹੜੇ ਕਿਸੇ ਸਮੇਂ ਨਸ਼ੇ ਦੇ ਆਦੀ ਹੋ ਗਏ ਸਨ, ਵਿਚਾਲੇ ਆਈ.ਟੀ.ਆਈ ਗਰਾੳੂਂਡ ਨਵਾਂਸ਼ਹਿਰ ਵਿਖੇ ਕਰਵਾਇਆ ਕਬੱਡੀ ਮੈਚ, ਇਸ ਮੁਹਿੰਮ ਪ੍ਰਤੀ ਜ਼ਿਲ੍ਹਾ ਪ੍ਰਸ਼ਾਸਨ ਦੀ ਸੰਵੇਦਨਸ਼ੀਲਤਾ ਨੂੰ ਬਾਖੂਬੀ ਦਰਸਾ ਗਿਆ।ਇਸ ਕਬੱਡੀ ਮੈਚ ਵਿਚ ਉਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਦਾ ਬਤੌਰ ਦਰਸ਼ਕ ਹਾਜ਼ਰ ਹੋਣਾ ਅਤੇ ਆਪਣੇ ਬੱਚਿਆਂ ਨੂੰ ਖੇਡਦੇ ਵੇਖ ਕੇ ਖੁਸ਼ ਹੋਣਾ, ਇਕ ਅਜਿਹੀ ਤਸਵੀਰ ਪੇਸ਼ ਕਰ ਰਿਹਾ ਸੀ, ਜਿਸ ਨੂੰ ਅਸੀਂ ਸਾਰੇ ਦੇਖਣਾ ਚਾਹੁੰਦੇ ਹਾਂ।
               ‘ਨਸ਼ਾ ਮੁਕਤ ਭਾਰਤ ਅਭਿਆਨ’ ਤਹਿਤ ਆਪਣੀਆਂ ਨਿਵੇਕਲੀਆਂ ਗਤੀਵਿਧੀਆਂ ਅਤੇ ਬਿਹਤਰੀਨ ਕਾਰਗੁਜ਼ਾਰੀ ਸਦਕਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਕੌਮੀ ਪੱਧਰ ’ਤੇ ਆਪਣੀ ਪਹਿਚਾਣ ਬਣਾਉਣ ਵਿਚ ਸਫਲ ਹੋਇਆ ਹੈ।ਕੇਂਦਰ ਸਰਕਾਰ ਵੱਲੋਂ ਹਰੇਕ ਮਹੀਨੇ ਜਾਰੀ ਕੀਤਾ ਜਾਂਦਾ ਨਿਊਜ਼ ਲੈਟਰ, ਜੋ ਕਿ ਵੱਖ-ਵੱਖ ਜ਼ਿਲ੍ਹਿਆਂ ਵਿਚ ਇਸ ਅਭਿਆਨ ਤਹਿਤ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦਾ ਮੁਲਾਂਕਣ ਕਰਦਾ ਹੈ, ਇਸ ਗੱਲ ਦੀ ਗਵਾਹੀ ਭਰਦਾ ਹੈ।ਇਸ ਨਿਉਜ਼ ਲੈਟਰ ਵਿਚ ਨਸ਼ਿਆਂ ਖਿਲਾਫ਼ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਪ੍ਰਾਪਤੀਆਂ ਦਾ ਲਗਾਤਾਰ ਜ਼ਿਕਰ ਹੋ ਰਿਹਾ ਹੈ।ਬੀਤੇ ਦਿਨੀਂ ਦਿੱਲੀ ਤੋਂ ਨਸ਼ਿਆਂ ਖਿਲਾਫ਼ ਗਤੀਵਿਧੀਆਂ ਦੀ ਸਮੀਖਿਆ ਕਰਨ ਆਈ ਭਾਰਤ ਸਰਕਾਰ ਦੀ ਵਿਸ਼ੇਸ਼ ਟੀਮ ਨੇ ਜ਼ਿਲ੍ਹੇ ਵਿਚ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਸਮੀਖਿਆ ਕੀਤੀ ਗਈ ਅਤੇ ਉਸ ਵੱਲੋਂ ਨਸ਼ਿਆਂ ਖਿਲਾਫ਼ ਜ਼ਿਲ੍ਹੇ ਵੱਲੋਂ ਕੀਤੇ ਜਾ ਰਹੇ ਨਿਵੇਕਲੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਜੀਅ-ਜਾਨ ਨਾਲ ਜੁੱਟੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਇਸ ਅਭਿਆਨ ਨਾਲ ਜੁੜੀ ਹਰੇਕ ਸੰਸਥਾ ਅਤੇ ਜ਼ਿਲ੍ਹਾ ਵਾਸੀਆਂ ਦਾ ਧੰਨਵਾਦ ਕੀਤਾ ਹੈ।ਉਨ੍ਹਾਂ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਜ਼ਿਲ੍ਹੇ ਵਿਚੋਂ ਨਸ਼ੇ ਵਰਗੀ ਘਾਤਕ ਬਿਮਾਰੀ ਦੇ ਖ਼ਾਤਮੇ ਲਈ ਅਜੇ ਵੀ ਬਹੁਤ ਕੁੱਝ ਕੀਤੇ ਜਾਣ ਦੀ ਲੋੜ ਹੈ।ਇਸ ਲਈ ਉਨ੍ਹਾਂ ਅਪੀਲ ਕੀਤੀ ਕਿ ਜ਼ਿਲ੍ਹੇ ਦੇ ਮੋਹਤਬਰ ਵਿਅਕਤੀ ਅਤੇ ਸਵੈ-ਸੇਵੀ ਸੰਸਥਾਵਾਂ ਇਸ ਅਭਿਆਨ ਤਹਿਤ ਜਾਗਰੂਕਤਾ ਗਤੀਵਿਧੀਆਂ ਕਰਨ ਲਈ ਅੱਗੇ ਆਉਣ।ਉਨ੍ਹਾਂ ਕਿਹਾ ਕਿ ‘ਨਸ਼ੇ ਦੇ ਖਿਲਾਫ਼ ਕਰਾਂਗੇ ਫ਼ਤਹਿ ਕਿਲ੍ਹਾ, ਨਸ਼ਾ ਮੁਕਤ ਹੋਵੇਗਾ ਸਾਡਾ ਜ਼ਿਲ੍ਹਾ’।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …