ਬਿਜਲੀ, ਪਾਣੀ, ਸਿਹਤ ਸਮੇਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਮੁਫਤ
ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ, ਦਿੱਲੀ ਦੇ ਉਪ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਅਤੇ ਮੁਨੀਸ਼ ਸਿਸੋਦੀਆ ਪੰਜਾਬ ਦੌਰੇ ਦੌਰਾਨ ਅੰਮ੍ਰਿਤਸਰ ਪੁੱਜੇ।ਪਹਿਲਾਂ ਉਹ ਸ੍ਰੀ ਹਰਮਿੰਦਰ ਸਾਹਿਬ ਵਿਖੇ ਨਤਮਸਤਕ ਹੋਏ।ਪਾਰਟੀ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਵੀ ਉਨਾਂ ਦੇ ਨਾਲ ਸਨ।
ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਸੋਦੀਆ ਨੇ ਕਿਹਾ ਕਿ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਉਹ ਕੰਮ ਕਰ ਵਿਖਾਏ ਹਨ, ਜੋ ਕਾਂਗਰਸ, ਭਾਜਪਾ ਨੇ ਕਦੇ ਸੋਚੇ ਵੀ ਨਹੀਂ ਸਨ।ਦਿੱਲੀ ਵਿਚ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਵਧੀਆ ਸਿਹਤ ਸਹੂਲਤਾਂ ਅਤੇ ਸਰਕਾਰੀ ਸਕੂਲਾਂ ਵਿੱਚ ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰੀਨ ਸਿੱਖਿਆ ਅਤੇ ਬਿਜਲੀ ਤੇ ਪਾਣੀ ਦੀ ਸਪਲਾਈ ਹੁਣ 24 ਘੰਟੇ ਮੁਫਤ ਦਿੱਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਇਕ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ ਤਾਂ ਪੰਜਾਬ ਵਿੱਚ ਦਿੱਲੀ ਮਾਡਲ ਨੂੰ ਲਾਗੂ ਕੀਤਾ ਜਾਵੇਗਾ।
ਸਿਸੌਦੀਆ ਨੇ ਕਿਹਾ ਕਿ ਹੁਣ ਦੋ ਤਰ੍ਹਾਂ ਦੀ ਰਾਜਨੀਤੀ ਚੱਲ ਰਹੀ ਹੈ ਇਕ ਜੋ ਕਾਂਗਰਸੀ, ਭਾਜਪਾ ਅਤੇ ਅਕਾਲੀ ਕਰਦੇ ਹਨ।ਉਹ ਲੋਕਾਂ ਵੱਲੋਂ ਦਿੱਤੇ ਗਏ ਟੈਕਸ ਦੇ ਪੈਸੇ ਨਾਲ ਆਪਣੇ ਕਾਰੋਬਾਰ ਚਲਾ ਰਹੇ ਹਨ ਅਤੇ ਆਪਣੇ ਘਰ ਭਰ ਰਹੇ ਹਨ।ਦੂਜੇ ਪਾਸੇ ਅਰਵਿੰਦ ਕੇਜਰੀਵਾਲ ਦੀ ਰਾਜਨੀਤੀ ਹੈ ਜੋ ਲੋਕਾਂ ਵੱਲੋਂ ਦਿੱਤੇ ਗਏ ਟੈਕਸ ਦੇ ਪੈਸੇ ਲੋਕਾਂ ਦੇ ਵਿਕਾਸ ਲਈ ਖਰਚ ਰਹੇ ਹਨ।ਜਿਵੇਂ ਟੈਕਸ ਦੇ ਪੈਸੇ ਖਰਚ ਕੇ ਨਵੀਆਂ ਤਕਨੀਕਾਂ ਨਾਲ ਲੈਸ ਹਸਪਤਾਲ ਤੇ ਸਕੂਲ ਬਣਾਏ ਗਏ ਹਨ ਅਤੇ ਲੋਕਾਂ ਨੂੰ ਮੁਫਤ ਬਿਜਲੀ ਤੇ ਪਾਣੀ ਦਿੱਤਾ ਜਾ ਰਿਹਾ ਹੈ।
ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਨਾਂ ਕਿਹਾ ਕਿ ਦੇਸ਼ ਦਾ ਅੰਨਦਾਤਾ ਪਿਛਲੇ ਕਈ ਮਹੀਨਿਆਂ ਤੋਂ ਅੰਦੋਲਨ ਕਰ ਰਿਹਾ ਹੈ।ਪਰੰਤੂ ਉਨ੍ਹਾਂ ਦੀਆਂ ਮੰਗਾਂ ਨੂੰ ਹੱਲ ਕਰਨ ਲਈ ਕੇਂਦਰ ਦੀ ਮੋਦੀ ਸਰਕਾਰ ਸੀਰੀਅਸ ਨਹੀਂ। ਉਨ੍ਹਾਂ ਪੰਜਾਬ ਦੀ ਕੈਪਟਨ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਪੰਜਾਬ ਦੀ ਸਰਕਾਰ ਵੀ ਕਿਸਾਨਾਂ ਦੇ ਮਸਲੇ ਪ੍ਰਤੀ ਗੰਭੀਰਤਾ ਨਹੀਂ ਦਿਖਾ ਰਹੀ।ਜਦੋਂ ਵੀ ਕੇਂਦਰ ਸਰਕਾਰ ਨਾਲ ਗੱਲਬਾਤ ਹੁੰਦੀ ਹੈ ਤਾਂ ਸਿਰਫ ਆਪਣੇ ਫਾਇਦੇ ਦੀ ਗੱਲ ਕਰਕੇ ਮੰਤਰੀ ਵਾਪਸ ਆ ਜਾਂਦੇ ਹਨ।
ਉਨ੍ਹਾਂ ਕਿਹਾ ਕੇਂਦਰ ਦੀ ਸਰਕਾਰ ਵਲੋਂ ਖੇਤੀ ਬਾਰੇ ਕਾਲੇ ਕਾਨੂੰਨ ਚੰਦ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਲਿਆਂਦੇ ਗਏ ਹਨ।ਸਰਕਾਰ ਕਾਰਪੋਰੇਟ ਘਰਾਣਿਆਂ ਲਈ ਹੀ ਕੰਮ ਕਰ ਰਹੀ ਹੈ, ਕਿਸਾਨਾਂ ਦਾ ਦੁੱਖ ਉਨ੍ਹਾਂ ਨੂੰ ਦਿਖਾਈ ਨਹੀਂ ਦੇ ਰਿਹਾ।