ਪੀ.ਐਚ.ਡੀ ਦੇ ਨਿਯਮਾਂ `ਚ ਹੋਣਗੀਆਂ ਤਬਦੀਲੀਆਂ- ਪ੍ਰੋ. ਜਸਪਾਲ ਸਿੰਘ ਸੰਧੂ
ਅੰਮ੍ਰਿਤਸਰ, 17 ਫਰਵਰੀ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਬਣਨ ਵਾਲੇ ਇੰਟਰ ਫੇਥ ਸਟੱਡੀ ਸੈਂਟਰ ਦਾ ਨੀਂਹ ਪੱਥਰ ਪੰਜਾਬ ਦੇ ਮੁੱਖ ਮੰਤਰੀ
ਕੈਪਟਨ ਅਮਰਿੰਦਰ ਸਿੰਘ ਕਰਨ ਜਾ ਰਹੇ ਹਨ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਨੇ ਅਕਾਦਮਿਕ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਨੀਂਹ ਪੱਥਰ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਹਿਲਾਂ ਹੀ ਇਸ ਸੈਂਟਰ ਦੇ ਡਿਜ਼ਾਇਨ ਨੂੰ ਪ੍ਰਵਾਨ ਕੀਤਾ ਜਾ ਚੁੱਕਾ ਹੈ ਅਤੇ ਯੂਨੀਵਰਸਿਟੀ ਵੀ ਇਸ ਪ੍ਰੋਜੈਕਟ ਨੂੰ ਜਲਦੀ ਤੋਂ ਜਲਦੀ ਅਮਲੀ ਰੂਪ ਦੇ ਕੇ ਖੋਜ ਅਤੇ ਅਕਾਦਮਿਕ ਗਤੀਵਿਧੀਆਂ ਆਰੰਭ ਕਰਨਾ ਚਾਹੁੰਦੀ ਹੈ ਜਿਸ ਦੇ ਲਈ ਕਾਰਜ ਆਰੰਭ ਕਰ ਦਿੱਤੇ ਗਏ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ `ਤੇ ਇਸ ਦਾ ਐਲਾਨ ਭਾਰਤ ਸਰਕਾਰ ਵੱਲੋਂ ਕੀਤਾ ਗਿਆ ਸੀ।ਇਸ ਇੰਟਰਫੇਥ ਸਟੱਡੀ ਸੈਂਟਰ ਵਿਚ ਜਿਥੇ ਸਾਰੇ ਧਰਮਾਂ ਦਾ ਅਧਿਐਨ ਹੋਵੇਗਾ, ਉਥੇ ਇਕ ਸਿਫਨੀ ਸੈਂਟਰ ਵੀ ਸਥਾਪਤ ਕੀਤਾ ਜਾਵੇਗਾ।ਜਿਸ ਵਿਚ ਸਾਰੇ ਧਰਮਾਂ ਦੇ ਧਾਰਮਿਕ ਸੰਗੀਤ ਦੀ ਪੇਸ਼ਕਾਰੀ ਹੋਵੇਗੀ, ਜੋ ਕਿ ਅੰਮ੍ਰਿਤਸਰ ਵਿਚ ਆਉਣ ਵਾਲੇ ਸੈਲਾਨੀਆਂ ਦਾ ਖਿੱਚ ਦਾ ਕੇਂਦਰ ਹੋਵੇਗਾ।ਉਨ੍ਹਾਂ ਦੱਸਿਆ ਕਿ ਇੰਟਰਫੇਥ ਸੈਂਟਰ ਨੂੰ ਅੱਠ ਵਿਭਾਗਾਂ (ਡਿਵੀਜ਼ਨ ਆਫ ਸ੍ਰੀ ਗੁਰੂ ਗ੍ਰੰਥ ਸਾਹਿਬ ਲੈਂਗੂਏਜਜ਼; ਡਿਵੀਜ਼ਨ ਆਫ ਡਿਵਾਈਨ ਮਿਊਜ਼ਿਕ; ਡਿਵੀਜ਼ਨ ਆਫ ਕੈਪਾਰਾਟਿਵ ਰਿਲੀਜ਼ਨ; ਡਿਵੀਜ਼ਨ ਆਫ ਕਨਫਲਿਕਟ ਰੀਸਲਿਊਸ਼ਨ; ਸੈਂਟਰ ਫਾਰ ਰੀਕੰਸਟਰਕਸ਼ਨ ਆਫ ਏਂਸ਼ੀਅਂਟ ਮਿਊਜ਼ੀਕਲ ਇੰਸਟਰੂਮੈਂਟਸ; ਡਿਵੀਜ਼ਨ ਆਫ ਸਟੱਡੀ ਆਨ ਟਰੈਵਲਜ਼ ਆਫ ਗੁਰੂ ਨਾਨਕ ਦੇਵ ਜੀ; ਡਿਵੀਜ਼ਨ ਆਫ ਆਰਕਾਈਵਜ਼ ਅਤੇ ਡਿਵੀਜ਼ਨ ਆਫ ਥਿਓਲੋਜੀ) ਵਿਚ ਵੰਡਣ ਤੋਂ ਇਲਾਵਾ ਡਾਇਰੈਕਟੋਰੇਟ ਆਫਿਸ, ਮਿਊਜ਼ੀਅਮ ਤੇ ਪੈਨੋਰਮਾ, ਲਾਇਬ੍ਰੇਰੀ ਅਤੇ ਗੈਸਟ ਹਾਊਸ ਵੀ ਬਣੇਗਾ।
ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਮੀਟਿੰਗ ਦਾ ਏਜੰਡਾ ਪੇਸ਼ ਕੀਤਾ ਅਤੇ ਡੀਨ ਅਕਾਦਮਿਕ ਮਾਮਲੇ, ਪ੍ਰੋਫੈਸਰ ਸਰਬਜੋਤ ਸਿੰਘ ਬਹਿਲ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।ਅਕਾਦਮਿਕ ਕੌਂਸਲ ਦੇ ਮੈਂਬਰ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਅਕਾਦਮਿਕ ਕੌਂਸਲ ਦੀ ਮੀਟਿੰਗ ਵਿਚ ਜਿਥੇ ਖੋਜ ਦੇ ਪੱਧਰ ਨੂੰ ਹੋਰ ਉਚਾ ਚੁੱਕਣ ਵਾਸਤੇ ਪੀ.ਐਚ.ਡੀ ਦੇ ਨਿਯਮਾਂ ਨੂੰ ਅੰਤਰਰਾਸ਼ਟਰੀ ਪੱਧਰ ਦਾ ਬਣਾਉਣ ਤੇ ਵਿਚਾਰਾਂ ਕਰਨ ਤੋਂ ਇਲਾਵਾ ਵੱਖ-ਵੱਖ ਕਾਲਜਾਂ ਵਿਚ ਨਵੇਂ ਕੋਰਸ ਚਾਲੂ ਕਰਨੇ, ਕੁੱਝ ਕੋਰਸ ਬੰਦ ਕਰਨੇ, ਸਿਲੇਬਸਾਂ ਦੀ ਰਿਵੀਜ਼ਨ ਤੋਂ ਇਲਾਵਾ ਵਿਦਿਅਕ ਬਰਾਬਰਤਾ ਨੂੰ ਵੀ ਪ੍ਰਵਾਨ ਕੀਤਾ ਗਿਆ।
ਅਕਾਦਮਿਕ ਕੌਂਸਲ ਵੱਲੋਂ ਕੁਰਕੁਸ਼ੇਤਰਾ ਯੂਨੀਵਰਸਿਟੀ ਦੀ ਡਿਸਟੈਂਸ ਐਜੂਕੇਸ਼ਨ ਪ੍ਰਣਾਲੀ ਰਾਹੀਂ ਮਾਸਟਰ ਆਫ ਕੰੀਪਊਟਰ ਐਪਲੀਕੇਸ਼ਨ ਡਿਗਰੀ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮਾਸਟਰ ਆਫ ਕੰਪਿਊਟਰ ਐਪਲੀਕੇਸ਼ਨ ਦੇ ਬਰਾਬਰ ਦੀ ਮਾਨਤਾ ਤੋਂ ਇਲਾਵਾ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਈ.ਸੀ.ਸੀ.ਆਰ ਸਕੀਮ ਸਕਾਲਰਸ਼ਿਪ ਅਧੀਨ ਯੂਨੀਵਰਸਿਟੀ ਵਿਖੇ ਦਾਖਲਾ ਲੈਣ `ਤੇ ਬਾਰ੍ਹਵੀਂ ਕਿਸੇ ਵੀ ਦੇਸ਼ ਤੋਂ ਕੀਤੇ ਹੋਣ ਨੂੰ ਮਾਨਤਾ ਦੇ ਦਿੱਤੀ ਹੈ।
ਮੀਟਿੰਗ ਅਨੁਸਾਰ ਅੱਨਮਲਾਈ ਯੂਨੀਵਰਸਿਟੀ ਦੇ ਡਿਸਟੈਂਸ ਐਜੂਕੇਸ਼ਨ ਅਧੀਨ ਪਾਸ ਕੀਤੀ ਬੀ.ਕਾਮ (ਬਿਜ਼ਨਸ ਸਟੱਡੀਜ਼) ਨੂੰ ਇਸ ਯੂਨੀਵਰਸਿਟੀ ਵਿਖੇ ਐਲ.ਐਲ.ਬੀ ਕੋਰਸ ਵਿਚ ਦਾਖਲਾ ਲੈਣ ਲਈ ਯੋਗ ਸਮਝਿਆ ਜਾਵੇਗਾ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਤੋਂ ਡਿਸਟੈਂਸ ਐਜੂਕੇਸ਼ਨ ਅਧੀਨ ਕੀਤੀ ਗਈ ਬੀ.ਲਿਬ. ਐਂਡ ਇਨਫਰਮੇਸ਼ਨ ਸਾਇੰਸ ਅਤੇ ਐਮ. ਲਿਬ ਐਂਡ ਇਨਫਰਮੇਸ਼ਨ ਸਾਇੰਸ ਡਿਗਰੀਆਂ ਨੂੰ ਇਸ ਯੂਨੀਵਰਸਿਟੀ ਦੀ ਬੀ.ਲਿਬ ਐਂਡ ਇਨਫਰਮੇਸ਼ਨ ਸਾਇੰਸ ਅਤੇ ਐਮ.ਲਿਬ ਐਂਡ ਇਨਫਰਮੇਸ਼ਨ ਸਾਇੰਸ ਦੇ ਬਰਾਬਰ ਸਮਝਿਆ ਜਾਵੇਗਾ।
ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਪਾਸ ਕੀਤੀ ਗਈ ਐਲ.ਐਲ.ਬੀ ਪੰਜ ਸਾਲਾ ਕੋੋਰਸ ਨੂੰ ਯੂਨੀਵਰਸਿਟੀ ਵੱਲੋਂ ਹੀ ਕਰਵਾਈ ਜਾ ਰਹੀ ਐਲ.ਐਲ.ਬੀ ਤਿੰਨ ਸਾਲਾ ਦੇ ਬਰਾਬਰ ਸਮਝਿਆ ਜਾਵੇਗਾ।ਮੀਟਿੰਗ ਵੱਲੋਂ ਇਹ ਵੀ ਫੈਸਲਾ ਲਿਆ ਗਿਆ ਕਿ ਜੰਮੂ ਯੂਨੀਵਰਸਿਟੀ, ਜੰਮੂ ਤੋਂ ਡਿਸਟੈਂਸ ਐਜੂਕੇਸ਼ਨ ਅਧੀਨ ਕੀਤੀ ਗਈ ਬੀ.ਕਾਮ ਡਿਗਰੀ ਨੂੰ ਇਸ ਯੂਨੀਵਰਸਿਟੀ ਵਿਖੇ ਐਮ.ਬੀ.ਏ. ਵਿਚ ਦਾਖਲਾ ਲੈਣ ਲਈ ਯੋਗ ਮੰਨਿਆ ਜਾਵੇਗਾ।
ਵਾਈਸ ਚਾਂਸਲਰ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਚ ਖੋਜ ਨੂੰ ਅੰਤਰਰਾਸ਼ਟਰੀ ਪੱਧਰ ਦਾ ਬਣਾਉਣ ਲਈ ਪੀ.ਐਚ.ਡੀ ਦੇ ਨਿਯਮਾਂ ਵਿਚ ਅੰਤਰਰਾਸ਼ਟਰੀ ਪੱਧਰ ਦਾ ਬਦਲਾਅ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ।ਇਸ ਨਵੀਂ ਪ੍ਰਣਾਲੀ ਦੇ ਨਾਲ ਨਾਲ ਪਹਿਲਾਂ ਚੱਲ ਰਹੀ ਪ੍ਰਣਾਲੀ ਰਾਹੀਂ ਵੀ ਪੀ.ਐਚ.ਡੀ ਕੀਤੀ ਜਾ ਸਕੇਗੀ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਪਿਛਲੇ ਸਾਲਾਂ ਦੀਆਂ ਪ੍ਰਮੁੱਖ ਪ੍ਰਾਪਤੀਆਂ ਬਾਰੇ ਦੱਸਦਿਆਂ ਕਿਹਾ ਕਿ ਪਿਛਲੇ ਵਰ੍ਹੇ ਕੋਵਿਡ 19 ਕਰਕੇ ਬਹੁਤ ਕੁੱਝ ਨਹੀਂ ਕੀਤਾ ਜਾ ਸਕਿਆ ਅਤੇ ਜ਼ਿਆਦਾਤਰ ਧਿਆਨ ਵਿਦਿਆਰਥੀਆਂ, ਅਧਿਆਪਕਾਂ, ਕਰਮਚਾਰੀਆਂ ਅਤੇ ਕੈਂਪਸ ਵਸਨੀਕਾਂ ਦੀ ਸਿਹਤ ਸਬੰਧੀ ਹੀ ਰਿਹਾ। ਇਸ ਅਰਸੇ ਦੌਰਾਨ ਅਸੀਂ ਕੁੱਝ ਨਵੇਂ ਵਿਭਾਗ ਸ਼ੁਰੂ ਕਰਨ ਤੋਂ ਇਲਾਵਾ ਨਵੇਂ ਕਿਤਾਮੁਖੀ ਕੋਰਸ ਵੀ ਸ਼ੁਰੂ ਕਰਵਾਏ ਗਏ ਜੋ ਕਿ ਕਾਮਯਾਬੀ ਨਾਲ ਚੱਲ ਰਹੇ ਹਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media