Sunday, December 22, 2024

ਜਦ ਹੀਰੋ ਬਣ ਗਏ ਜ਼ੀਰੋ

             ਸੰਯੁਕਤ ਕਿਸਾਨ ਮੋਰਚਾ ਇੱਕ ਅਜਿਹਾ ਅੰਦੋਲਨ ਹੈ ਜੋ ਭਾਰਤ ਦੇ ਹਰ ਵਰਗ ਦੀ ਦਿਲੀ ਹਮਾਇਤ ਤਾਂ ਪ੍ਰਾਪਤ ਕਰ ਹੀ ਚੁੱਕਿਆ ਹੈ।ਨਾਲ ਦੀ ਨਾਲ ਦੁਨੀਆਂ ਦੇ ਹੋਰ ਕਿੰਨੇ ਹੀ ਦੇਸ਼ਾਂ ਦੀਆਂ ਅਨੇਕਾਂ ਸੰਸਥਾਵਾਂ, ਨੇਤਾ ਅਤੇ ਹੋਰ ਸ਼ਖਸੀਅਤਾਂ ਵੀ ਕਿਸਾਨ ਮਜ਼ਦੂਰ ਅੰਦੋਲਨ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰ ਰਹੀਆਂ ਹਨ।ਜਿਨ੍ਹਾਂ ਵਿੱਚ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ, ਪੌਪ ਸਟਾਰ ਰਿਹਾਨਾ, ਵਾਤਾਵਰਨ ਕਾਰਕੁਨ ਗ੍ਰੇਟਾ ਥਰਨਬਰਗ, ਪੋਰਨ ਸਟਾਰ ਰਹਿ ਚੁੱਕੀ ਮੀਆ ਖਲੀਫਾ, ਇੰਗਲੈਂਡ ਦੀ ਇੱਕ ਸਾਂਸਦ ਕਲਾਊਡੀਆ ਆਦਿ ਸ਼ਾਮਲ ਹਨ।ਵਿਦੇਸ਼ਾਂ ਵਿੱਚ ਵੱਸਦੇ ਲੋਕਾਂ ਨੇ ਵੀ ਇਸ ਅੰਦੋਲਨ ਲਈ ਮਾਲੀ ਮਦਦ ਭੇਜਣ ਵਿੱਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ।ਭਾਰਤੀ ਸੰਗੀਤ ਇੰਡਸਟਰੀ ਵਿਚੋਂ ਖਾਸ ਤੌਰ ‘ਤੇ ਪੰਜਾਬੀ ਕਲਾਕਾਰਾਂ ਨੇ ਵੀ ਵੱਧ ਚੜ ਕੇ ਇਸ ਘੋਲ ਵਿੱਚ ਯੋਗਦਾਨ ਪਾਇਆ।ਪਰ ਦੂਜੇ ਪਾਸੇ ਬਾਲੀਵੁੱਡ ਇੰਡਸਟਰੀ ਦੇ ਜਿਆਦਾਤਰ ਅਦਾਕਾਰ ਇਸ ਮਸਲੇ ਤੇ ਚੁੱਪੀ ਧਾਰੀ ਬੈਠੇ ਹਨ।ਜਦੋਂ ਕਿ ਉਨ੍ਹਾਂ ਵਿਚੋਂ ਬਹੁਗਣਤੀ ਪੰਜਾਬੀ ਜਾਂ ਕਿਸਾਨੀ ਪਿਛੋਕੜ ਦੀ ਹੈ।
                ਇਨ੍ਹਾਂ ਵਿਚੋਂ ਦਿਓਲ ਪਰਿਵਾਰ ਤਾਂ ਆਪਣੇ ਆਪ ਨੂੰ ਠੇਠ ਪੰਜਾਬੀ ਜੱਟ ਅਖਵਾਉਂਦਾ ਹੈ।ਭਾਵੇਂ ਫਿਲਮਾਂ ਤੋਂ ਇਲਾਵਾ ਇਸ ਪਰਿਵਾਰ ਨੇ ਪੰਜਾਬ ਲਈ ਕੁੱਝ ਨਹੀਂ ਕੀਤਾ।ਫਿਰ ਵੀ ਪੰਜਾਬੀਆਂ ਨੇ ਇਸ ਪਰਿਵਾਰ ਦੇ ਹਰ ਇੱਕ ਜੀਅ ਨੂੰ ਮਣਾ ਮੂੰਹੀਂ ਪਿਆਰ ਸਤਿਕਾਰ ਬਖਸ਼ਿਆ।ਸੰਨੀ ਦਿਓਲ ਐਮ.ਪੀ ਖੜਿਆ ਤਾਂ ਪੰਜਾਬੀਆਂ ਨੇ ਹੋਰ ਸਭ ਨੂੰ ਭੁਲਾ ਕੇ ਇਸ ਨੂੰ ਜਿਤਾਇਆ।ਇਵੇਂ ਮਹਿਸੂਸ ਹੁੰਦਾ ਸੀ ਕਿ ਇਹ ਬੰਦਾ ਜਿਵੇਂ ਫਿਲਮਾਂ ਵਿੱਚ ਹੱਕ ਸੱਚ ਦੇ ਪੱਖ ਵਿੱਚ ਡਟਦਾ ਹੈ, ਉਵੇਂ ਹੀ ਅਸਲੀਅਤ ਵਿੱਚ ਵੀ ਡਟੇਗਾ।ਪਰ ਅਫਸੋਸ ਉਹ ਤਾਂ ਮੋਦੀ ਦੀ ਗੋਦੀ ਅਜਿਹਾ ਵੜਿਆ ਕਿ ਢਾਈ ਕਿਲੋ ਦਾ ਹੱਥ ਬੱਸ ਮੋਦੀ ਦੀਆਂ ਮੱਖੀਆਂ ਝੱਲਣ ਜੋਗਾ ਰਹਿ ਗਿਆ ਅਤੇ ਪੰਜਾਬ ਦਾ ਪੁੱਤਰ ਧਰਮ ਵੀ ਕੁੱਝ ਨਹੀਂ ਬੋਲ ਰਿਹਾ। ਇਨ੍ਹਾਂ ਤੋਂ ਇਲਾਵਾ ਸ਼ਾਹਰੁਖ ਖਾਨ, ਸਲਮਾਨ ਖਾਨ, ਆਮਿਰ ਖਾਨ ਆਦਿ ਹੋਰ ਅਨੇਕਾਂ ਬਾਲੀਵੁੱਡ ਅਭਿਨੇਤਾ ਅਤੇ ਕਪਿਲ ਸ਼ਰਮਾ ਵਰਗੇ ਕਾਮੇਡੀਅਨ ਇਸ ਮੌਕੇ ਮੂੰਹ ‘ਤੇ ਤਾਲਾ ਲਾਈ ਬੈਠੇ ਹਨ।ਇਨ੍ਹਾਂ ਵਿਚੋਂ ਕੁੱਝ ਕੁ ਅਦਾਕਾਰ ਅਤੇ ਮਸ਼ਹੂਰ ਖਿਡਾਰੀ ਬੋਲੇ ਵੀ, ਪਰ ਉਹ ਵੀ ਮੋਦੀ ਦੇ ਤੋਤੇ ਬਣ ਕੇ।ਅਜੇ ਦੇਵਗਨ, ਅਕਸ਼ੈ ਕੁਮਾਰ, ਸੁਨੀਲ ਸ਼ੈਟੀ, ਸਚਿਨ ਤੇਂਦੁਲਕਰ ਆਦਿ ਸਭ ਸਰਕਾਰ ਦੇ ਹੱਕ ਵਿੱਚ ਹੀ ਭੁਗਤੇ।ਐਮ.ਪੀ ਬਣੀ ਹੇਮਾ ਜੀ ਕਹਿ ਰਹੀ ਹੈ ਕਿ ਕਿਸਾਨਾਂ ਨੂੰ ਆਪਣੇ ਹੱਕਾਂ ਦਾ ਹੀ ਪਤਾ ਨਹੀਂ।ਕੰਗਨਾ ਰਣੌਤ ਨੇ ਤਾਂ ਧਰਨੇ ਵਿੱਚ ਸ਼ਾਮਲ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਬੁਰਾ ਭਲਾ ਬੋਲਣ ਤੋਂ ਵੀ ਗੁਰੇਜ਼ ਨਹੀਂ ਕੀਤਾ।ਲੱਖ ਲਾਹਨਤ ਹੈ ਅਜਿਹੇ ਹੀਰੋਆਂ ਤੇ ਜੋ ਲੋਕਾਂ ਦੇ ਸਿਰ ‘ਤੇ ਸ਼ੌਹਰਤ ਖੱਟਦੇ ਹਨ, ਲੋਕਾਂ ‘ਤੇ ਹੋ ਰਹੇ ਜ਼ੁਲਮ ਲਈ ਦਿਖਾਵਾ ਮਾਤਰ ਲੜਾਈ ਲੜਦੇ ਹਨ।ਪਰ ਜਦੋਂ ਅਸਲੀਅਤ ਵਿੱਚ ਲੋਕਾਂ ਦੇ ਨਾਲ ਖੜ੍ਹਨ ਦਾ ਮੌਕਾ ਆਉਂਦਾ ਹੈ ਤਾਂ ਜਾਂ ਤਾਂ ਖੁੱਡ ‘ਚ ਲੁਕ ਜਾਂਦੇ ਹਨ ਜਾਂ ਸਰਕਾਰੀ ਬੋਲੀ ਬੋਲਦੇ ਹਨ।ਅਸਲ ਵਿੱਚ ਇਹ ਹੀਰੋ ਨਹੀਂ ਜ਼ੀਰੋ ਹਨ।
                  ਇਨ੍ਹਾਂ ਨਾਲੋਂ ਤਾਂ ਪੰਜਾਬੀ ਕਲਾਕਾਰ ਹਜ਼ਾਰ ਗੁਣਾ ਚੰਗੇ ਹਨ, ਜੋ ਬਿਨਾਂ ਕਿਸੇ ਡਰ ਤੋਂ ਕਿਸਾਨ ਅੰਦੋਲਨ ਵਿੱਚ ਜੋਸ਼ ਭਰਨ ਵਾਲੇ ਗੀਤ ਗਾ ਰਹੇ ਹਨ ਅਤੇ ਕੰਵਰ ਗਰੇਵਾਲ, ਬੱਬੂ ਮਾਨ ਵਰਗੇ ਅਨੇਕਾਂ ਹੀ ਗਾਇਕ ਕਿਸਾਨਾਂ ਦੇ ਮੌਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।21022021

ਚਾਨਣ ਦੀਪ ਸਿੰਘ ਔਲਖ
ਪਿੰਡ ਗੁਰਨੇ ਖੁਰਦ (ਮਾਨਸਾ)
ਮੋ – 9876888177

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …