Wednesday, June 24, 2026

ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ `ਮਾਤ ਭਾਸ਼ਾ ਤੇ ਆਰਥਿਕ ਵਸੀਲੇ` ਵਿਸ਼ੇ ‘ਤੇ ਹੋਈ ਭਰਵੀਂ ਚਰਚਾ

ਮਾਤ ਭਾਸ਼ਾ ਨੂੰ ਅਹਿਮੀਅਤ ਦੇਣ `ਤੇ ਦਿੱਤਾ ਜ਼ੋਰ

ਅੰਮ੍ਰਿਤਸਰ, 21 ਫਰਵਰੀ (ਦੀਪ ਦਵਿੰਦਰ ਸਿੰਘ) – ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੱਦੇ ‘ਤੇ ਅੰਮ੍ਰਿਤਸਰ ਸਾਹਿਤ ਚਿੰਤਨ ਮੰਚ ਵਲੋਂ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਕਿਰਸਾਨੀ ਸੰਘਰਸ਼ ਨੂੰ ਸਮਰਪਿਤ `ਮਾਤ ਭਾਸ਼ਾ ਤੇ ਆਰਥਿਕ ਵਸੀਲੇ` ਵਿਸ਼ੇ ਤਾਹਿਤ ਸੰਵਾਦ ਰਚਾਇਆ ਗਿਆ।ਜਿਸ ਵਿੱਚ ਬੁਲਾਰਿਆਂ ਰਾਏ ਉਸਾਰੀ ਕਿ ਕਿਸੇ ਵੀ ਖਿੱਤੇ ਦੀ ਤਰੱਕੀ ਉਥੋਂ ਦੇ ਲੋਕਾਂ ਦੀ ਜ਼ੁਬਾਨ ਨਾਲ ਜੁੜੀ ਹੁੰਦੀ ਹੈ।ਜ਼ੁਬਾਨ ਉਹੀ ਤਰੱਕੀ ਕਰਦੀ ਹੈ, ਜਿਹੜੀ ਕਾਰ ਵਿਹਾਰ ਤੇ ਰੁਜ਼ਗਾਰ ਨਾਲ ਜੁੜੀ ਹੁੰਦੀ ਹੈ।
ਸਥਾਨਕ ਕਾਮਰੇਡ ਸੋਹਣ ਸਿੰਘ ਜੋਸ਼ ਜਿਲਾ ਲਾਇਬ੍ਰੇਰੀ ਵਿੱਚ ਪੁਸਤਕਾਂ ਸੰਗ ਸੰਵਾਦ ਸਮਾਗਮ ਤਹਿਤ ਹੋਏ ਇਸ ਸਮਾਗਮ ਵਿਚ ਕੇਂਦਰੀ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ, ਸ਼ਾਇਰ ਮਲਵਿੰਦਰ, ਡਾ. ਪ੍ਰਭਜੋਤ ਕੌਰ ਸੰਧੂ, ਹਰਪਾਲ ਸਿੰਘ ਨਾਗਰਾ, ਸਰਬਜੀਤ ਸੰਧੂ, ਡਾ. ਮੋਹਨ ਅਤੇ ਡਾ. ਭੁਪਿੰਦਰ ਸਿੰਘ ਫੇਰੂਮਾਨ ਨੇ ਸਾਂਝੇ ਤੌਰ ‘ਤੇ ਕਿਹਾ ਕਿ ਮਾਤ ਭਾਸ਼ਾ ਨੂੰ ਰੁਜ਼ਗਾਰ ਮੁੱਖੀ ਬਣਾਉਣ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ।ਡਾਕਟਰੀ, ਕਾਨੂੰਨ ਅਤੇ ਤਕਨੀਕੀ ਸਿੱਖਿਆ ਦੀ ਪੜ੍ਹਾਈ ਲਈ ਪੁਸਤਕਾਂ ਤੇ ਹੋਰ ਪੜ੍ਹਨ ਸਮੱਗਰੀ ਪੰਜਾਬੀ `ਚ ਹੋਵੇ।ਸੂਬੇ ਦੇ ਸਕੂਲਾਂ, ਕਾਲਜਾਂ ਤੇ ਹੋਰ ਵਿਦਿਅਕ ਅਦਾਰਿਆਂ ਵਿਚ ਪੰਜਾਬੀ ਦੇ ਅਧਿਆਪਕ ਪੱਕੇ ਤੌਰ ‘ਤੇ ਭਰਤੀ ਕੀਤੇ ਜਾਣ ਤਾਂ ਜੋ ਮਾਤ ਭਾਸ਼ਾ ਵਿਚ ਉਚ ਵਿੱਦਿਆ ਪ੍ਰਾਪਤ ਕਰਨ ਮਗਰੋਂ ਰੁਜ਼ਗਾਰ ਦੇ ਵਧੀਆ ਵਸੀਲੇ ਪੈਦਾ ਹੋ ਸਕਣ।ਬੁਲਾਰਿਆਂ ਨੇ ਕਿਹਾ ਕਿ ਆਪਣੇ ਘਰਾਂ ਤੇ ਵਪਾਰਕ ਅਦਾਰਿਆਂ ਤੇ ਮਾਤ ਭਾਸ਼ਾ ਨੂੰ ਅਹਿਮੀਅਤ ਦੇਦਿਆਂ ਪੰਜਾਬੀ ਹੋਣ ਤੇ ਮਾਣ ਕਰਨਾ ਚਾਹੀਦਾ ਹੈ।
                        ਇਸ ਸਮੇਂ ਰਚਨਾਵਾਂ ਦੇ ਚੱਲੇ ਦੌਰ ਵਿੱਚ ਰਾਜ ਪਾਲ ਬਾਠ, ਸਤਿੰਦਰ ਓਠੀ, ਸੁਰਖਾਬ ਓਠੀ, ਬਲਜਿੰਦਰ ਮਾਂਗਟ, ਚੰਨ ਅਮਰੀਕ, ਜਸਵੰਤ ਧਾਪ, ਰਾਜਵਿੰਦਰ ਰਾਜ, ਮਨਮੋਹਨ ਬਾਸਰਕੇ, ਤਰਸੇਮ ਲਾਲ ਬਾਵਾ, ਬਿਕਰਮ ਜੀਤ, ਹਰਜੀਤ ਸੰਧੂ ਅਤੇ ਮਨਮੋਹਨ ਢਿੱਲੋਂ ਆਦਿ ਨੇ ਮਾਤ ਭਾਸ਼ਾ ਦੇ ਹੱਕ ਵਿਚ ਨਜ਼ਮਾਂ ਸਾਂਝੀਆਂ ਕੀਤੀਆਂ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …