Wednesday, March 18, 2026

ਕਿਸਾਨ ਸੰਘਰਸ਼ ਨੇ ਸੰਪਰਦਾਇਕਤਾ ਤੇ ਫਿਰਕਾਪ੍ਰਸਤੀ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ – ਸਖੀਰਾ

ਅੰਮ੍ਰਿਤਸਰ, 24 ਫਰਵਰੀ (ਸੰਧੂ) – ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਆਪਣੇ ਹੱਕਾਂ ਖਾਤਿਰ ਅੰਦੋਲਨ ਕਰ ਰਹੇ ਕਿਸਾਨਾਂ ਖਾਸਕਰ ਪੰਜਾਬੀਆਂ ਨੂੰ ਅੱਤਵਾਦੀ ਤੇ ਵੱਖਵਾਦੀ ਕਹਿਣਾ ਨੈਤਿਕਤਾ ਤੋਂ ਡਿੱਗੇ ਹੋਏ ਅਲਫਾਜ਼ ਹਨ।ਇਹ ਪ੍ਰਗਟਾਵਾ 2015 ਦੇ ਸਰਬੱਤ ਖਾਲਸਾ ਸੰਮੇਲਨ ਦੇ ਮੁੱਖ ਪ੍ਰਬੰਧਕ ਭਾਈ ਜਰਨੈਲ ਸਿੰਘ ਸਖੀਰਾ ਨੇ ਕਰਦਿਆਂ ਕਿਹਾ ਕਿ ਪੰਜਾਬੀ ਕਿਸਾਨ ਅੱਤਵਾਦੀ ਜਾਂ ਵੱਖਵਾਦੀ ਨਹੀਂ, ਬਲਕਿ ਸੱਚਵਾਦੀ, ਹੱਕਵਾਦੀ ਤੇ ਸਮਾਜਵਾਦੀ ਹਨ।ਜੋ ਆਪਣੇ ਆਪ ਲਈ ਨਹੀਂ ਬਲਕਿ ਸਮੁੱਚੇ ਦੇਸ਼ ਵਾਸੀਆਂ ਵਾਸਤੇ ਸ਼ਾਂਤਮਈ ਸ਼ੰਘਰਸ਼ ਕਰ ਰਹੇ ਹਨ।ਉਨਾਂ ਕਿਹਾ ਕਿ ਕੇਂਦਰ ਸਰਕਾਰ ਆਰ.ਐਸ.ਐਸ ਅਤੇ ਦੇਸ਼ ਦੀ ਰਜਵਾੜਾਸ਼ਾਹੀ ਦੇ ਇਸ਼ਾਰਿਆਂ ‘ਤੇ ਇਸ ਕਿਸਾਨੀ ਸੰਘਰਸ਼ ਨੂੰ ਢਾਅ ਲਾਉਣ ਲਈ ਅਜਿਹੀਆਂ ਬਿਆਨਬਾਜ਼ੀਆਂ ਕਰਨ ਦੇ ਨਾਲ-ਨਾਲ ਸਾਜਿਸ਼ਾਂ ਰੱਚ ਰਹੀ ਹੈ।ਜਿਸ ਦਾ ਕਿਸਾਨਾ ਵਲੋਂ ਸਮੇਂ ਸਮੇਂ ‘ਤੇ ਇਸ ਦਾ ਮੂੰਹ ਤੋੜਵਾਂ ਜ਼ਵਾਬ ਦਿੱਤਾ ਜਾ ਰਿਹਾ ਹੈ।
               ਭਾਈ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਪਹਿਲਾਂ ਵੀ ਦੇਸ਼ ਵਾਸੀਆਂ ਨੇ ਮੁਗਲਾਂ, ਅੰਗਰੇਜ਼ਾਂ ਅਤੇ ਕਈ ਅੰਗਰੇਜ਼ੀ ਕੰਪਨੀਆਂ ਨੂੰ ਇੱਥੋਂ ਭਜਾਇਆ ਹੈ।ਲੇਕਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਮੁੜ ਕੰਪਨੀਆਂ ਦਾ ਗੁਲਾਮ ਬਣਾਉਣਾ ਚਾਹੁੰਦੇ ਹਨ।ਉਨ੍ਹਾਂ ਕਿਹਾ ਕਿ ਕਿਸਾਨਾਂ ਖਾਸਕਰ ਪੰਜਾਬੀਆਂ ਲਈ ਅਜਿਹੇ ਅੰਦੋਲਨ, ਸੰਘਰਸ਼ ਤੇ ਘੋਲ ਨਵੇਂ ਨਹੀਂ ਹਨ।ਸਰਕਾਰ ਦੇ ਤਿੰਨੇ ਕਾਲੇ ਖੇਤੀ ਕਾਨੂੰਨਾਂ ਦਾ ਡੱਟ ਕੇ ਵਿਰੋਧ ਹੋ ਰਿਹਾ ਹੈ ਤੇ ਉਦੋਂ ਤੱਕ ਹੁੰਦਾ ਰਹੇਗਾ ਜਦੋਂ ਤੱਕ ਇਹ ਰੱਦ ਨਹੀਂ ਹੋ ਜਾਂਦੇ।ਉਨ੍ਹਾਂ ਕਿਹਾ ਕਿ ਇਸ ਕਿਸਾਨੀ ਸੰਘਰਸ਼ ਨੇ ਦੇਸ਼ ਦੇ ਗਰੀਬ, ਮਜ਼ਬੂਰ, ਮਜ਼ਲੂਮ ਤੇ ਮਿਹਨਤੀ ਵਰਗ ਨੂੰ ਇੱਕ ਨਵੀਂ ਦਿਸ਼ਾ ਤੇ ਏਕਤਾ ਮੰਚ ਪ੍ਰਦਾਨ ਕੀਤਾ ਹੈ।ਜਿਸ ਤੋਂ ਸਰਕਾਰ ਬੌਖਲਾਹਟ ਵਿੱਚ ਆ ਕੇ ਇਸ ਸੰਘਰਸ਼ ਨੂੰ ਨਾਕਾਮ ਕਰਨ ਵਿੱਚ ਲੱਗੀ ਹੈ।ਭਾਈ ਸਖੀਰਾ ਨੇ ਕਿਹਾ ਕਿ ਇਸ ਸੰਘਰਸ਼ ਨੇ ਸੰਪਰਦਾਇਕਤਾ ਤੇ ਫਿਰਕਾਪ੍ਰਸਤੀ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …