Wednesday, March 18, 2026

ਸਮਾਜ ਕਲਿਆਣ ਲਈ ਗੈਰ ਸਰਕਾਰੀ ਸੰਸਥਾਵਾਂ ਅੱਗੇ ਆਉਣ – ਡੀ.ਸੀ ਖਹਿਰਾ

ਡੀ.ਸੀ ਨੇ ਕੀਤੀ ਗੈਰ ਸਰਕਾਰੀ ਸੰਸਥਾਵਾਂ ਦੇ ਮੁਖੀਆਂ ਨਾਲ ਮੀਟਿੰਗ

ਅੰਮ੍ਰਿਤਸਰ, 25 ਫਰਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿਘ ਖਹਿਰਾ ਨੇ ਸ਼ਹਿਰ ਦੀ ਸਾਫ-ਸਫਾਈ ਤੇ ਸਮਾਜ ਦੇ ਭਲੇ ਲਈ ਜਿਲ੍ਹੇ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ।ਅੱਜ ਜਿਲ੍ਹੇ ਭਰ ਦੀਆਂ ਗੈਰ ਸਰਕਾਰੀ ਸੰਸਥਾਵਾਂ ਦੇ ਮੁਖੀਆਂ ਨਾਲ ਕੀਤੀ ਵਿਸਥਾਰਤ ਮੀਟਿੰਗ ਵਿਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਵੱਲੋਂ ਸ਼ੁਰੂ ਕੀਤੇ ਕੰਮ ਅਤੇ ਵੱਖ-ਵੱਖ ਵਰਗਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਉਦੋਂ ਤੱਕ ਆਮ ਲੋਕਾਂ ਨੂੰ 100 ਫੀਸਦੀ ਲਾਭ ਨਹੀਂ ਮਿਲ ਸਕਦਾ, ਜਦ ਤੱਕ ਸਮਾਜ ਦੇ ਲੋਕ ਨਾਲ ਨਾ ਚੱਲਣ ਅਤੇ ਸਰਕਾਰ ਦਾ ਹਿੱਸਾ ਬਣਕੇ ਨਾ ਵਿਚਰਨ। ਉਨਾਂ ਕਿਹਾ ਕਿ ਅੰਮਿ੍ਰਤਸਰ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਇਥੇ ਸਾਫ-ਸਫਾਈ, ਆਵਾਜਾਈ, ਹਰਿਆਲੀ ਦੀ ਘਾਟ, ਪ੍ਰਦੂਸ਼ਣ, ਪੀਣ ਵਾਲੇ ਪਾਣੀ ਵਰਗੀਆਂ ਅਨੇਕਾਂ ਸਮੱਸਿਆਵਾਂ ਹਨ, ਪਰ ਜੇਕਰ ਇੰਨਾਂ ਕੰਮਾਂ ਵਿਚ ਸੁਧਾਰ ਕਰਨ ਲਈ ਤੁਰੀਏ ਤਾਂ ਇਹ ਕੰਮ ਸਖਤੀ ਨਾਲ ਵੀ ਲਾਗੂ ਨਹੀਂ ਕੀਤੇ ਜਾ ਸਕਦੇ। ਉਨਾਂ ਕਿਹਾ ਕਿ ਜਬਰਦਸਤੀ ਥੋਪੇ ਗਏ ਕੰਮ ਤੇ ਕਾਨੂੰਨ ਇੰਨੇ ਪ੍ਰਭਾਵਸ਼ਾਲੀ ਕਦੇ ਵੀ ਨਹੀਂ ਹੋ ਸਕਦੇ, ਜਿੰਨੇ ਕਿ ਲੋਕਾਂ ਦੀ ਸ਼ਮੂਲੀਅਤ ਨਾਲ ਹੋ ਨਿਬੜਦੇ ਹਨ।ਉਨਾਂ ਸਫਾਈ ਦੀ ਉਦਾਹਰਨ ਦਿੰਦੇ ਕਿਹਾ ਕਿ ਭਾਵੇਂ ਕਾਰਪੋਰੇਸ਼ਨ 10 ਹਜ਼ਾਰ ਆਦਮੀ ਕੰਮ ਉਤੇ ਲਗਾ ਦੇਵੇ, ਪਰ ਜੇਕਰ ਸ਼ਹਿਰ ਵਾਸੀ ਜਾਂ ਸ਼ਹਿਰ ਵਿਚ ਆਏ ਸੈਲਾਨੀ ਸੁਹਿਰਦ ਨਹੀਂ ਹੋਣਗੇ, ਉਨੀ ਦੇਰ ਤੱਕ ਸੜਕ ਉਤੇ ਕੂੜਾ ਨਹੀਂ ਮੁੱਕ ਸਕਦਾ।ਉਨਾਂ ਕਿਹਾ ਕਿ ਇਹੀ ਹਾਲ ਬੂਟੇ ਲਗਾਉਣ ਤੇ ਪਾਲਣ ਦਾ ਹੈ।
               ਖਹਿਰਾ ਨੇ ਕਿਹਾ ਕਿ ਸਾਰੀਆਂ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪ ਨੂੰ ਰੈਡ ਕਰਾਸ ਅੰਮਿ੍ਰਤਸ ਵਿਖੇ ਰਜਿਸਟਰਡ ਕਰਵਾਉਣ, ਤਾਂ ਕਿ ਸਾਡੇ ਕੋਲ ਉਨਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਵੇਰਵਾ ਆ ਜਾਵੇ ਅਤੇ ਅਸੀਂ ਵੱਖ-ਵੱਖ ਸਮਾਜ ਸੇਵੀ ਕੰਮਾਂ ਲਈ ਤੁਹਾਡਾ ਵੱਢਮੁੱਲਾ ਯੋਗਦਾਨ ਲੈ ਸਕੀਏ।ਖਹਿਰਾ ਨੇ ਸਿਵਲ ਡਿਫੈਂਸ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਦੀ ਆਵਾਜਾਈ ਵਿਚ ਸੁਧਾਰ ਲਈ ਆਪਣੇ 50 ਵਲੰਟੀਅਰ ਪੁਲਿਸ ਨੂੰ ਦੇਣ ਅਤੇ ਉਨਾਂ ਨਾਲ ਮਿਲ ਕੇ ਕੰਮ ਕਰਨ, ਤਾਂ ਜੋ ਲੋਕਾਂ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ।
             ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ, ਸਹਾਇਕ ਕਮਿਸ਼ਨਰ ਮੈਡਮ ਅਨਮਜੋਤ ਕੌਰ, ਮਿਸ਼ਨ ਅਗਾਜ਼ ਦੇ ਦੀਪਕ ਬੱਬਰ, ਅਨਿਲ ਖੰਨਾ, ਬੀ.ਆਰ ਹਸਤੀਰ, ਸ੍ਰੀਮਤੀ ਮੋਨਾ ਮਹਿਰਾ, ਨੀਰੂ ਭਾਟੀਆ, ਬਲਜੀਤ ਸਿੰਘ, ਧਰਮਪਾਲ ਗੁਪਤਾ, ਜਸਟ ਸੇਵਾ ਸੁਸਾਇਟੀ, ਭਾਰਤ ਵਿਕਾਸ ਪ੍ਰੀਸ਼ਦ ਤੇ ਵਾਇਸ ਆਫ਼ ਅੰਮ੍ਰਿਤਸਰ ਤੋਂ ਹੋ ਐਨ.ਜੀ.ਓ ਦੇ ਨੁਮਾਇੰਦੇ ਹਾਜ਼ਰ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …