ਸਰਕਾਰ ਨੇ ਨਾ ਤਨਖਾਹ ਕਮਿਸ਼ਨ ਲਾਗੂ ਕੀਤਾ ਤੇ ਨਾ ਹੀ ਦਿੱਤਾ ਮਹਿੰਗਾਈ ਭੱਤਾ – ਪ੍ਰੇਮ ਸਾਗਰ
ਸਮਰਾਲਾ, 27 ਫਰਵਰੀ (ਇੰਦਰਜੀਤ ਸਿੰਘ ਕੰਗ) – ਪੰਜਾਬ ਰਾਜ ਪੈਨਸ਼ਨਰਜ਼ ਮਹਾਂਸੰਘ ਦੀ ਇਕ ਹੰਗਾਮੀ ਮੀਟਿੰਗ ਪੈਨਸ਼ਨਰਜ਼ ਭਵਨ ਵਿਖੇ ਪ੍ਰੇਮ ਸਾਗਰ ਸ਼ਰਮਾ
ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੇ ਸ਼ੁਰੂ ਵਿੱਚ ਦਰਸ਼ਨ ਸਿੰਘ ਖੇੜੀ ਦੇ ਪਰਿਵਾਰਕ ਮੈਂਬਰਾਂ ਦਾ ਦੇਹਾਂਤ ਹੋਣ, ਪੈਨਸ਼ਨਰ ਸਾਥੀ ਫ਼ਕੀਰ ਸਿੰਘ ਅਤੇ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਖੜੇ੍ਹ ਹੋ ਕੇ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ।ਜਿਸ ਵਿੱਚ ਪੰਜਾਬ ਭਰ ‘ਚੋਂ ਸਬੰਧਤ ਯੂਨਿਟਾਂ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਨੇ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਸਖ਼ਤ ਨੋਟਿਸ ਲੈਂਦੇ ਹੋਏ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ।ਮੁੱਖ ਮੰਤਰੀ ਪੰਜਾਬ ਨਾਲ 2 ਮਾਰਚ 2020, ਖ਼ਜ਼ਾਨਾ ਮੰਤਰੀ ਪੰਜਾਬ ਨਾਲ 31 ਅਗਸਤ 2020, 7 ਅਕਤੂਬਰ 2020 ਅਤੇ 12 ਫਰਵਰੀ 2021 ਮੁੱਖ ਮੰਤਰੀ ਦੇ ਦਫਤਰ ਵਿਖੇ ਓ.ਐਸ.ਡੀ ਟੂ ਮੁੱਖ ਮੰਤਰੀ ਨਾਲ ਹੋਈਆਂ ਮੀਟਿੰਗਾਂ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਮੰਨ ਲਈਆਂ ਸਨ ਅਤੇ ਤੁਰੰਤ ਹੁਕਮ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ ਸੀ।ਜੋ ਹੁਣ ਤੱਕ ਟਾਲ ਮਟੋਲ ਦੀ ਨੀਤੀ ਸਦਕਾ ਲਮਕ ਰਹੀਆਂ ਹਨ।ਮੀਟਿੰਗ ਨੇ ਫੈਸਲਾ ਲਿਆ ਕਿ ਪੰਜਾਬ ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਐਲਾਨੇ ਫੈਸਲੇ ਅਨੁਸਾਰ 2 ਤੋਂ 10 ਮਾਰਚ ਤੱਕ ਲੜੀਵਾਰ ਜ਼ਿਲ੍ਹਾ ਪੱਧਰੀ ਡੀ.ਸੀ ਦਫਤਰਾਂ ਅੱਗੇ ਭੁੱਖ ਹੜਤਾਲਾਂ ਸ਼ੁਰੂ ਕੀਤੀਆਂ ਜਾਣਗੀਆਂ।
ਮੁਲਾਜਮਾਂ ਅਤੇ ਪੈਸ਼ਨਰਾਂ ਦੀਆਂ ਪ੍ਰਮੁੱਖ ਮੰਗਾਂ 6ਵੇਂ ਤਨਖਾਹ ਕਮਿਸ਼ਨ ਤੋਂ ਰਿਪੋਰਟ ਲੈ ਕੇ ਤੁਰੰਤ ਲਾਗੂ ਕਰਨਾ, ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਅਤੇ ਬਕਾਇਆ ਦਾ ਭੁਗਤਾਨ ਕਰਨਾ, ਕੱਚੇ ਮੁਲਾਜ਼ਮ ਪੱਕੇ ਕਰਨਾ, ਪੁਰਾਣੀ ਪੈਨਸ਼ਨ ਨੀਤੀ ਬਹਾਲ ਕਰਨਾ, ਮੈਡੀਕਲ ਪ੍ਰਤੀ ਪੂਰਤੀ ਬਿੱਲਾਂ ਦੀ ਅਦਾਇਗੀ ਅਤੇ 85 ਸਾਲਾਂ ਦੀ ਉਮਰ ਪੂਰੀ ਹੋਣ ਉਪਰੰਤ ਬੁਢਾਪਾ ਭੱਤਾ 35 ਦੀ ਬਜ਼ਾਏ 100 ਪ੍ਰਤੀਸ਼ਤ ਕਰਨਾ, ਪੰਚਾਇਤੀ ਰਾਜ ਦੇ ਪੈਨਸ਼ਰਾਂ ਨੂੰ ਮਹੀਨਿਆਂ ਬੱਧੀ ਰੋਕੀ ਪੈਨਸ਼ਨ ਜਾਰੀ ਕਰਨਾ, ਗੈਸ ਸਿੰਲਡਰ, ਪੈਟਰੋਲ ਅਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਦੇ ਲੱਕ ਤੋੜ ਵਾਧੇ ਰੋਕਣਾ, ਮਰਜ਼ ਹੋਏ ਬੈਂਕਾਂ ਤੇ ਪੈਨਸ਼ਨਰਾਂ ਦੀ ਪੈਨਸ਼ਨ ‘ਤੇ ਰੋਕ ਲਗਾਉਣਾ ਆਦਿ ਹਨ।ਮਹਾਂਸੰਘ ਦੇ ਜਨਰਲ ਸਕੱਤਰ ਰਣਬੀਰ ਢਿੱਲੋਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਕੀਤੇ ਵਾਅਦੇ ਪੂਰੇ ਨਾ ਕੀਤੇ ਤਾਂ ਇਸ ਤੋਂ ਵੀ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਬੁਲਾਰਿਆਂ ਵਿੱਚ ਪ੍ਰੇਮ ਸਾਗਰ ਸ਼ਰਮਾ ਅਤੇ ਰਣਬੀਰ ਢਿੱਲੋਂ ਤੋਂ ਇਲਾਵਾ ਮੋਹਣ ਸਿੰਘ ਅਤੇ ਐਨ.ਕੇ ਕਲਸੀ ਮੋਹਾਲੀ, ਜਰਨੈਲ ਸਿੰਘ ਸਿੱਧੂ ਚੰਡੀਗੜ੍ਹ, ਜਸਵੰਤ ਸਿੰਘ ਮਲੇਰਕੋਟਲਾ, ਜੱਸਾ ਸਿੰਘ ਤਰਨਤਾਰਨ, ਖ਼ਜ਼ਾਨ ਚੰਦ ਅਹਿਮਦਗੜ੍ਹ, ਬੀ.ਐਸ ਸੈਣੀ ਰੋਪੜ, ਬਲਦੇਵ ਕ੍ਰਿਸ਼ਨ ਮਲੋਦ, ਪ੍ਰਧਾਨ ਮੇਜਰ ਸਿੰਘ ਪਾਇਲ, ਨਾਹਰ ਸਿੰਘ, ਸੁਰਜੀਤ ਸਿੰਘ ਮਾਛੀਵਾੜਾ, ਪ੍ਰੇਮ ਨਾਥ, ਕੁਲਵੰਤ ਸਿੰਘ ਤਰਕ, ਕੈਸ਼ੀਅਰ ਕੁਲਵੰਤ ਰਾਏ ਸਮਰਾਲਾ ਤੇ ਕਈ ਹੋਰ ਆਗੂਆਂ ਨੇ ਆਪਣੇ ਵਿਚਾਰ ਰੱਖੇ।
Punjab Post Daily Online Newspaper & Print Media