Tuesday, March 10, 2026

ਕੈਂਸਰ ’ਤੇ ਮੁੱਢਲੇ ਪੜਾਅ ਵਿਚ ਕਾਬੂ ਪਾਇਆ ਜਾ ਸਕਦੈ- ਸਿਵਲ ਸਰਜਨ ਡਾ. ਕਪੂਰ

ਜਿਲ੍ਹੇ ‘ਚ ਕੈਂਸਰ ਬਾਰੇ ਜਾਗਰੂਕਤਾ ਦਾ ਹੋਕਾ ਦੇਣ ਲਈ ਸਾਈਕਲ ਰੈਲੀ ਕੱਢੀ
ਨਵਾਂਸ਼ਹਿਰ, 2 ਮਾਰਚ (ਪੰਜਾਬ ਪੋਸਟ ਬਿਊਰੋ) – ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਦੀ ਅਗਵਾਈ ਹੇਠ ਅੱਜ ਕੈਂਸਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਾਈਕਲ ਰੈਲੀ ਕੱਢੀ ਗਈ।ਜਿਸ ਵਿਚ ਸਿਹਤ ਵਿਭਾਗ, ਨਿਊਸਿਟੀ ਸਾਈਕਲਿੰਗ ਕਲੱਬ ਅਤੇ ਆਨੰਦਪੁਰ ਸਾਹਿਬ ਸਾਈਕਲਿੰਗ ਐਸੋਸੀਏਸ਼ਨ ਦੇ ਸਾਈਕਲਿਸਟਾਂ ਨੇ ਭਾਗ ਲਿਆ। ਸਾਈਕਲ ਰੈਲੀ ਦਾ ਮੁੱਖ ਮਕਸਦ ਲੋਕਾਂ ਨੂੰ ਸਰੀਰਕ ਕਸਰਤ ਲਈ ਪ੍ਰੇਰਿਤ ਕਰਨਾ ਸੀ।
                  ਸਿਵਲ ਹਸਪਤਾਲ ਦੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾ. ਗੁਰਪਾਲ ਕਟਾਰੀਆ ਨੇ ਵਿਸ਼ਵ ਕੈਂਸਰ ਦਿਵਸ ਦੇ ਸਬੰਧ ਅੱਜ ਇਥੇ ਸਿਵਲ ਹਸਪਤਾਲ ਤੋਂ ਜ਼ਿਲ੍ਹਾ ਪੱਧਰੀ ਸਾਈਕਲ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।ਇਹ ਸਾਈਕਲ ਰੈਲੀ ਸਿਵਲ ਹਸਪਤਾਲ ਨਵਾਂਸ਼ਹਿਰ ਤੋਂ ਬੱਸ ਸਟੈਂਡ, ਡਾ. ਬੀ.ਆਰ ਅੰਬੇਦਕਰ ਚੌਂਕ, ਚੰਡੀਗੜ੍ਹ ਚੌਂਕ ਤੋਂ ਹੁੰਦੀ ਹੋਈ ਸਿਵਲ ਸਰਜਨ ਦਫਤਰ ਵਿਖੇ ਸਮਾਪਤ ਕੀਤੀ ਗਈ।ਇਸ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਨਾਲ-ਨਾਲ ਆਮ ਲੋਕਾਂ ਨੇ ਕਾਫੀ ਦਿਲਚਸਪੀ ਦਿਖਾਈ।
                   ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਸਾਈਕਲ ਰੈਲੀ ਦੀ ਸਮਾਪਤੀ ਮੌਕੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਸਕੀਮ ਅਧੀਨ ਹਰੇਕ ਕੈਂਸਰ ਮਰੀਜ਼ ਨੂੰ 1.50 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ਼ ਕੀਤਾ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਵਿਸ਼ਵ ਭਰ ਵਿੱਚ ਮੌਤ ਦਰ ਦਾ ਦੂਜਾ ਸਭ ਤੋਂ ਵੱਡਾ ਕਾਰਨ ਕੈਂਸਰ ਹੈ ਅਤੇ 2018 ਵਿੱਚ 9.6 ਮਿਲੀਅਨ ਲੋਕਾਂ ਦੀ ਮੌਤ ਕੈਂਸਰ ਕਾਰਨ ਹੋ ਚੁੱਕੀ ਹੈ।ਕੈਂਸਰ ’ਤੇ ਕਾਬੂ ਪਾਇਆ ਜਾ ਸਕਦਾ ਹੈ, ਜੇਕਰ ਇਸ ਬਾਰੇ ਸ਼ੁਰੂਆਤੀ ਦੌਰ ਵਿੱਚ ਪਤਾ ਲੱਗ ਜਾਵੇ।
                    ਡਾ. ਕਪੂਰ ਨੇ ਦੱਸਿਆ ਕਿ ਪੰਜਾਬ ਵਿੱਚ ਨੈਸ਼ਨਲ ਪ੍ਰੋਗਰਾਮ ਫਾਰ ਕੈਂਸਰ ਪ੍ਰੀਵੈਨਸ਼ਨ ਐਂਡ ਕੰਟਰੋਲ ਆਫ਼ ਕੈਂਸਰ, ਡਾਇਬਟੀਜ਼, ਕਾਰਡੀਓਵਸਕੁਲਰ ਡਿਜੀਜ਼ ਐਂਡ ਸਟਰੋਕ (ਐਨ.ਪੀ.ਸੀ.ਡੀ.ਸੀ.ਐਸ) ਅਧੀਨ 30 ਸਾਲ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਦੀ ਏ.ਐਨ.ਐਮ ਵਲੋਂ ਓਰਲ, ਬਰੈਸਟ ਤੇ ਸਰਵਾਈਕਲ ਕੈਂਸਰ ਸਕਰੀਨਿੰਗ ਕੀਤੀ ਜਾਂਦੀ ਹੈ ਅਤੇ ਸ਼ੱਕੀ ਮਰੀਜ਼ਾਂ ਨੂੰ ਅਗਲੀ ਜਾਂਚ ਤੇ ਇਲਾਜ਼ ਲਈ ਵੱਡੇ ਹਸਪਤਾਲਾਂ ਵਿੱਚ ਰੈਫਰ ਕੀਤਾ ਜਾਂਦਾ ਹੈ।
                   ਸਹਾਇਕ ਸਿਵਲ ਸਰਜਨ ਡਾ. ਬਲਵਿੰਦਰ ਸਿੰਘ ਨੇ ਆਮ ਲੋਕਾਂ ਨੂੰ ਕੈਂਸਰ ਦੇ ਲੱਛਣ, ਪ੍ਰਭਾਵ ਤੇ ਬਚਾਅ ਦੇ ਤਰੀਕਿਆਂ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਛੇਤੀ ਪਛਾਣ ਹੋਣ ’ਤੇ ਇਲਾਜ ਨਾਲ ਕੈਂਸਰ ਠੀਕ ਹੋ ਸਕਦਾ ਹੈ ਅਤੇ ਹੁਣ ਕੈਂਸਰ ਦੀ ਬੀਮਾਰੀ ਲਾ-ਇਲਾਜ ਨਹੀਂ ਹੈ।ਜੇਕਰ ਕੈਂਸਰ ਦਾ ਮੁੱਢਲੀ ਅਵਸਥਾ ਵਿਚ ਪਤਾ ਲੱਗ ਜਾਵੇ ਤਾਂ 75 ਫ਼ੀਸਦੀ ਕੇਸਾਂ ਦਾ ਇਲਾਜ਼ ਆਮ ਬਿਮਾਰੀ ਵਾਂਗ ਸੰਭਵ ਹੋ ਸਕਦਾ ਹੈ।
                 ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਜਤਿੰਦਰ ਸਿੰਘ ਨੇ ਦੱਸਿਆ ਕਿ ਕੈਂਸਰ ਹੋਣ ਵਿੱਚ ਦੂਸ਼ਿਤ ਪਾਣੀ, ਦੂਸ਼ਿਤ ਹਵਾ, ਕੀੜੇਮਾਰ ਜਹਿਰੀਲੀਆਂ ਦਵਾਈਆਂ ਦੀ ਵਧੇਰੇ ਵਰਤੋਂ ਕਰਨ, ਵਧੇਰੇ ਫਾਸਟ ਫੂਡ, ਤਲਿਆ ਭੋਜਨ ਖਾਣ ਦੀਆਂ ਗਲਤ ਆਦਤਾਂ ਵੀ ਕਾਰਨ ਬਣ ਸਕਦੇ ਹਨ।ਉਨ੍ਹਾਂ ਦੱਸਿਆ ਕਿ ਜੋ ਵਿਅਕਤੀ ਤੰਬਾਕੂ ਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਮੂੰਹ ਦਾ ਕੈਂਸਰ ਹੋ ਸਕਦਾ ਹੈ ਅਤੇ ਜੋ ਵਿਅਕਤੀ ਸ਼ਰਾਬ ਪੀਂਦੇ ਹਨ, ਉਨ੍ਹਾਂ ਨੂੰ ਜਿਗਰ ਦਾ ਕੈਂਸਰ ਹੋਣ ਦੀ ਸੰਭਾਵਨਾ ਹੁੰਦੀ ਹੈ।ਕੈਂਸਰ ਦੀਆਂ ਮੁੱਖ ਕਿਸਮਾਂ ਵਿੱਚ ਮੂੰਹ, ਨੱਕ, ਕੰਨ, ਗਲੇ, ਹੱਡੀਆਂ, ਪੇਟ ਦੀਆਂ ਅੰਤੜੀਆਂ, ਖੂਨ ਅਤੇ ਔਰਤਾਂ ਵਿਚ ਛਾਤੀ ਦਾ ਕੈਂਸਰ ਆਦਿ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਸਾਨੂੰ ਨਸ਼ੇ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਅਤੇ ਜੇਕਰ ਕੋਈ ਜਖਮ ਠੀਕ ਨਹੀਂ ਹੁੰਦਾ, ਭੁੱਖ ਘੱਟ ਲੱਗਦੀ ਹੈ, ਬਿਨਾਂ ਵਜ੍ਹਾ ਭਾਰ ਘਟਦਾ ਹੈ ਜਾਂ ਹਮੇਸ਼ਾ ਕਬਜ਼ ਰਹਿੰਦੀ ਹੈ ਤਾਂ ਸਾਨੂੰ ਤਰੁੰਤ ਆਪਣਾ ਬਾਡੀ ਚੈਕਅੱਪ ਕਰਵਾਉਣਾ ਚਾਹੀਦਾ ਹੈ।
                 ਜ਼ਿਲ੍ਹਾ ਮਾਸ ਮੀਡੀਆ ਅਤੇ ਸੂਚਨਾ ਅਫਸਰ ਜਗਤ ਰਾਮ ਨੇ ਕਿਹਾ ਕਿ ਔਰਤਾਂ ਵਿਚ ਬ੍ਰੈਸਟ ਕੈਂਸਰ ਆਮ ਗੱਲ ਹੈ ਜਿਸ ਦਾ ਰੈਗੂਲਰ ਟੈਸਟਾਂ ਤੋਂ ਪਤਾ ਲੱਗ ਸਕਦਾ ਹੈ।ਜੇ ਛਾਤੀ ਦਾ ਰੰਗ ਬਦਲੇ ਜਾਂ ਉਸ ਵਿਚ ਗੰਢਾਂ ਮਹਿਸੂਸ ਹੋਣ ਤਾਂ ਬ੍ਰੈਸਟ ਕੈਂਸਰ ਹੋ ਸਕਦਾ ਹੈ।ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਘਰਾਂ ਵਿੱਚ ਪਹਿਲਾਂ ਮਾਂ-ਬਾਪ ਜਾਂ ਦਾਦਾ-ਦਾਦੀ ਨੂੰ ਕੈਂਸਰ ਹੋ ਚੁੱਕਾ ਹੋਵੇ, ਉਨ੍ਹਾਂ ਨੂੰ ਆਮ ਵਿਅਕਤੀਆਂ ਤੋਂ ਵੱਧ ਸਾਵਧਾਨ ਰਹਿਣ ਦੀ ਜ਼ਰੂਰਤ ਹੈ।ਜੇ ਇਸ ਬੀਮਾਰੀ ਦਾ ਜਲਦੀ ਪਤਾ ਲੱਗ ਜਾਵੇ ਤਾਂ ਇਲਾਜ਼ ਸੰਭਵ ਹੈ।ਅੰਤ ਵਿਚ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਸਾਈਕਲਸਿਟਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ।
                  ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਸਤਵਿੰਦਰ, ਡਾ. ਵਰਿੰਦਰ, ਰਾਜੇਸ਼ ਕੁਮਾਰ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ, ਤਰਸੇਮ ਲਾਲ, ਪ੍ਰਿੰਸ, ਮਨਪ੍ਰੀਤ ਸਿੰਘ, ਗੁਰਤੇਜ ਸਿੰਘ, ਨਰੇਸ਼ ਕੁਮਾਰ, ਨੀਰਜ ਕੁਮਾਰ, ਬਲਵੀਰ ਕੁਮਾਰ, ਚਰਨਜੀਤ ਸਿੰਘ, ਸਤੀਸ਼ ਕੁਮਾਰ, ਆਨੰਦਪੁਰ ਸਾਹਿਬ ਸਾਇਕਲਿੰਗ ਐਸੋਸੀਏਸ਼ਨ ਪ੍ਰਧਾਨ ਰਣਜੀਤ ਸਿੰਘ, ਰਾਜਬੀਰ ਰਾਜੂ, ਸਾਹਿਲ ਅਤੇ ਨਿਊ ਸਿਟੀ ਸਾਇਕਲ ਕਲੱਬ ਦੇ ਪ੍ਰਧਾਨ ਰਾਜਨ ਅਰੌੜਾ, ਦਲਜੀਤ ਕੌਸ਼ਲ, ਰਜਿੰਦਰ ਕੌਸ਼ਲ,ਅਵਿਨਵ ਕੌਸ਼ਲ, ਰਿਸ਼ੀ ਚੱਢਾ, ਕਮਲਦੀਪ ਸਿੰਘ ਹਾਜ਼ਰ ਸਨ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …