ਜਨਤਕ ਥਾਵਾਂ `ਤੇ ਬਿਨ੍ਹਾਂ ਮਾਸਕ ਘੁੰਮਣ ਵਾਲਿਆਂ ਦੇ ਆਰ.ਟੀ-ਪੀ.ਸੀ ਆਰ ਟੈਸਟ ਹੋਣਗੇ
ਕਪੂਰਥਲਾ, 22 ਮਾਰਚ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ 20 ਮਾਰਚ 2021 ਨੂੰ ਗ੍ਰਹਿ ਤੇ ਨਿਆਂ
ਵਿਭਾਗ ਪੰਜਾਬ ਸਰਕਾਰ ਵਲੋਂ ਜਾਰੀ ਨਿਰਦੇਸ਼ਾਂ ਤਹਿਤ ਕੋਵਿਡ-19 ਮਹਾਂਮਾਰੀ ਦੇ ਫੈਲਾਓ ਨੂੰ ਰੋਕਣ ਲਈ ਕਪੂਰਥਲਾ ਜ਼ਿਲ੍ਹੇ ‘ਚ ਕੁੱਝ ਜਰੂਰੀ ਪਾਬੰਦੀਆਂ ਲਾਗੂ ਕੀਤੀਆਂ ਹਨ।
ਜ਼ਿਲ੍ਹਾ ਮੈਜਿਸਟਰੇਟ ਵਲੋਂ ਜਾਰੀ ਹੁਕਮਾਂ ਮੁਤਾਬਕ ਜ਼ਿਲ੍ਹੇ ਵਿੱਚ ਕੋਵਿਡ-19 ਕਰਕੇ ਲਾਗੂ ਰਾਤ ਦੇ ਕਰਫਿਊ ਤਹਿਤ ਆਮ ਲੋਕਾਂ ਦੀ ਗ਼ੈਰਜ਼ਰੂਰੀ ਆਵਾਜਾਈ `ਤੇ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਪਾਬੰਦੀ ਰਹੇਗੀ।ਉਦਯੋਗਾਂ `ਚ ਸ਼ਿਫ਼ਟਾਂ, ਸਰਕਾਰੀ ਤੇ ਗ਼ੈਰ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦੀ ਆਵਾਜਾਈ ਤੋਂ ਇਲਾਵਾ ਰੇਲਾਂ, ਹਵਾਈ ਜਹਾਜਾਂ ਅਤੇ ਬੱਸਾਂ `ਚੋਂ ਉਤਰ ਕੇ ਆਪਣੇ ਟਿਕਾਣਿਆਂ `ਤੇ ਜਾਣ-ਆਉਣ ਵਾਲੇ ਯਾਤਰੀਆਂ ਦੀ ਆਵਾਜਾਈ ਨੂੰ ਛੋਟ ਹੋਵੇਗੀ।
ਜ਼ਿਲ੍ਹੇ ‘ਚ ਕੋਈ ਵੀ ਸਮਾਜਿਕ, ਸੱਭਿਆਚਾਰਕ ਜਾਂ ਸਿਆਸੀ ਇਕੱਠ ਨਹੀਂ ਕੀਤਾ ਜਾ ਸਕੇਗਾ।ਵਿਆਹਾਂ-ਸ਼ਾਦੀਆਂ, ਮ੍ਰਿਤਕਾਂ ਦੇ ਅੰਤਿਮ ਸਸਕਾਰ ਆਦਿ ਵਿੱਚ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ 20 ਤੱਕ ਸੀਮਤ ਰੱਖੀ ਜਾਵੇਗੀ ਸਰਕਾਰੀ ਦਫ਼ਤਰਾਂ ਵਿੱਚ ਸ਼ਿਕਾਇਤਾਂ ਦੇ ਨਿਪਟਾਰੇ ਦੀ ਆਨਲਾਇਨ ਜਾਂ ਵਰਚੂਅਲ ਪ੍ਰਕ੍ਰਿਆ ਨੂੰ ਉਤਸ਼ਾਹਤ ਕੀਤਾ ਜਾਵੇਗਾ ਤੇ ਦਫ਼ਤਰਾਂ `ਚ ਲੋਕਾਂ ਦੀ ਵਿਅਕਤੀਗ਼ਤ ਆਮਦ ਦੀ ਆਗਿਆ ਕੇਵਲ ਅਤਿ ਜਰੂਰੀ ਹੋਣ `ਤੇ ਹੀ ਹੋਵੇਗੀ।
ਸਿਨੇਮਾ, ਮਲਟੀਪਲੈਕਸ, ਰੈਸਟੋਰੈਂਟ, ਮਾਲਜ਼ ਆਦਿ ਹਰ ਐਤਵਾਰ ਨੂੰ ਬੰਦ ਰੱਖੇ ਜਾਣਗੇ। ਜਦਕਿ ਹੋਮ-ਡਿਲੀਵਰੀ ਸਹੂੂਲਤ ਨੂੰ ਰਾਤ ਦੇ ਕਰਫਿਊ ਵਾਲੇ ਸਮੇਂ ਤੋਂ ਪਹਿਲਾਂ-ਪਹਿਲਾਂ ਜਾਰੀ ਰੱਖਣ ਦੀ ਆਗਿਆ ਹੋਵੇਗੀ।ਸਿਨੇਮਾ ਘਰਾਂ, ਥੀਏਟਰਾਂ, ਮਲਟੀਪਲੈਕਸਾਂ ਆਦਿ `ਚ 50 ਫੀਸਦੀ ਦੀ ਪਾਬੰਦੀ ਲਾਗੂ ਰਹੇਗੀ ਅਤੇ 100 ਵਿਅਕਤੀਆਂ ਤੋਂ ਵਧੇਰੇ ਦੀ ਆਗਿਆ ਨਹੀਂ ਹੋਵੇਗੀ।
ਸਾਰੇ ਵਿੱਦਿਅਕ ਅਦਾਰੇ, ਸਕੂਲ ਤੇ ਕਾਲਜ ਆਦਿ 31 ਮਾਰਚ 2021 ਤੱਕ ਬੰਦ ਰੱਖੇ ਜਾਣਗੇ, ਪ੍ਰੰਤੂ ਅਧਿਆਪਨ ਤੇ ਗ਼ੈਰ ਅਧਿਆਪਨ ਅਮਲਾ ਸਾਰੇ ਕੰਮਕਾਜ਼ੀ ਦਿਨਾਂ ਦੌਰਾਨ ਹਾਜ਼ਰ ਰਹੇਗਾ।ਜਦਕਿ ਮੈਡੀਕਲ ਤੇ ਨਰਸਿੰਗ ਕਾਲਜ ਖੁੱਲ੍ਹੇ ਰਹਿਣਗੇ।
ਜ਼ਿਲ੍ਹਾ ਮੈਜਿਸਟਰੇਟ ਵਲੋਂ ਜਾਰੀ ਇਨ੍ਹਾਂ ਹੁਕਮਾਂ ਮੁਤਾਬਕ ਪੁਲਿਸ ਅਤੇ ਸਿਹਤ ਵਿਭਾਗ ਵਲੋਂ, ਉਨ੍ਹਾਂ ਵਿਅਕਤੀਆਂ ਨੂੰ ਨੇੜਲੇ ਕੋਵਿਡ-19 ਸਬੰਧੀ ਆਰ.ਟੀ.ਪੀ.ਸੀ.ਆਰ ਟੈਸਟ ਕੇਂਦਰ `ਚ ਲਿਜਾ ਕੇ ਟੈਸਟ ਕਰਵਾਏ ਜਾਣਗੇ, ਜਿਹੜੇ ਕਿ ਗਲੀਆਂ, ਬਾਜ਼ਾਰਾਂ, ਸੜਕਾਂ ਅਤੇ ਹੋਰ ਜਨਤਕ ਥਾਵਾਂ `ਤੇ ਬਿਨ੍ਹਾਂ ਮਾਸਕ ਘੁੰਮਦੇ ਪਾਏ ਜਾਣਗੇ।
ਆਮ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਵੀ ਆਪਣੇ ਘਰਾਂ `ਚ ਵੀ ਕੀਤੇ ਜਾਣ ਵਾਲੇ ਸਮਾਗਮਾਂ ਨੂੰ ਅਗਲੇ ਦੋ ਹਫ਼ਤਿਆਂ ਲਈ ਰੋਕ ਦੇਣ ਤਾਂ ਕਿ ਕੋਵਿਡ ਮਹਾਂਮਾਰੀ ਦੀ ਕੜੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।ਆਪਣੇ ਘਰਾਂ `ਚ ਵੀ 10 ਤੋਂ ਵਧੇਰੇ ਲੋਕਾਂ ਨੂੰ ਨਾ ਬੁਲਾਇਆ ਜਾਵੇ।
ਇਸ ਤੋਂ ਇਲਾਵਾ ਸਾਰੀਆਂ ਸਿਆਸੀ ਪਾਰਟੀਆਂ ਅਤੇ ਆਗੂਆਂ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਉਹ ਆਪਣੇ ਇਕੱਠਾਂ ਨੂੰ ਜਾਰੀ ਹਦਾਇਤਾਂ ਮੁਤਾਬਕ ਇਨਡੋਰ ਅਤੇ ਆਊਟਡੋਰ ਦੀ 100 ਤੇ 200 ਵਿਅਕਤੀਆਂ ਦੀ ਨਿਰਧਾਰਿਤ ਗਿਣਤੀ ਮੁਤਾਬਿਕ ਕੇਵਲ 50 ਫੀਸਦੀ ਸਮਰੱਥਾ ਤੱਕ ਹੀ ਸੀਮਤ ਰੱਖਣ।
ਜਾਰੀ ਆਦੇਸ਼ਾਂ ਮੁਤਾਬਕ 27 ਮਾਰਚ 2021 ਤੋਂ ਹਰ ਸ਼ਨੀਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ ਕੋਵਿਡ-19 ਮਹਾਂਮਾਰੀ ਕਰਕੇ ਆਪਣੀਆਂ ਜਾਨਾਂ ਗਵਾਉਣ ਵਾਲਿਆਂ ਦੀ ਯਾਦ ਵਿੱਚ ਇੱਕ ਘੰਟੇ ਲਈ ਚੁੱਪ ਧਾਰੀ (ਸਾਇਲੈਂਸ) ਜਾਵੇਗੀ ਅਤੇ ਇਸ ਸਮੇਂ ਦੌਰਾਨ ਕੋਈ ਵੀ ਵਾਹਨ ਨਹੀਂ ਚੱਲੇਗਾ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਵਧਦੇ ਮਾਮਲੇ ਗੰਭੀਰ ਚਿੰਤਾ ਦਾ ਵਿਸ਼ਾ ਹੈ, ਜਿਸ ਦੇ ਮੱਦੇਨਜ਼ਰ ਬਾਜ਼ਾਰਾਂ, ਜਨਤਕ ਟਰਾਂਸਪੋਰਟ ਆਦਿ ਸਮੇਤ ਸਾਰੀਆਂ ਗਤੀਵਿਧੀਆਂ `ਚ ਜਰੂਰੀ ਇਹਤਿਆਤ ਵਰਤੇ ਜਾਣ, ਜਿਨ੍ਹਾਂ `ਚ 6 ਫੁੱਟ ਦੀ ਸਮਾਜਿਕ ਦੂਰੀ ਤੇ ਮਸਕ ਪਾਕੇ ਰੱਖੇ ਜਾਣੇ ਯਕੀਨੀ ਬਣਾਏ ਜਾਣ।ਭੀੜ-ਭੜੱਕੇ ਵਾਲੇ ਸਥਾਨਾਂ `ਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ।ਇਨ੍ਹਾਂ ਆਦੇਸ਼ਾਂ, ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Punjab Post Daily Online Newspaper & Print Media