ਮਾਮਲਾ ਦਲਿਤ ਪਰੀਵਾਰ ਨਾਲ ਹੋਈ ਜ਼ਿਆਦਤੀ ਦਾ
ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਪੰਜਾਬ ਰਾਜ ਐਸ.ਸੀ ਕਮਿਸ਼ਨ ਦੀ ਦੋ ਮੈਂਬਰੀ ਟੀਮ ਨੇ ਅੱਜ ਪਿੰਡ ਚੋਗਾਂਵਾਂ ਦਾ ਦੌਰਾ ਕੀਤਾ।ਕਮਿਸ਼ਨ ਦੀ 2 ਮੈਂਬਰੀ
ਟੀਮ ‘ਚ ਸ਼ਾਮਲ ਪੰਜਾਬ ਰਾਜ ਐਸ.ਸੀ ਕਮਿਸ਼ਨ ਦੇ ਮੈਂਬਰ ਰਾਜ ਕੁਮਾਰ ਹੰਸ ਅਤੇ ਦੀਪਕ ਕੁਮਾਰ ਵੇਰਕਾ ਨੇ ਸ਼ਿਕਾਇਤ ਕਰਤਾ ਦਲਿਤ ਪੀੜਤ ਵਿਅਕਤੀ ਬਲਦੇਬ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਚੋਗਾਂਵਾਂ ਤਹਿਸੀਲ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਦੀ ਸ਼ਿਕਾਇਤ ਦਾ ਨਿਪਟਾਰਾ ਕਰਨ ਲਈ ਇਹ ਦੌਰਾ ਰੱਖਿਆ ਸੀ।
ਕਮਿਸ਼ਨ ਦੇ ਮੌਕੇ ਐਸ.ਡੀ.ਐਮ ਅਜਨਾਲਾ ਦੀਪਕ ਭਾਟੀਆ, ਡੀ.ਡੀ.ਪੀ.ਓ ਅੰਮਿ੍ਤਸਰ, ਬੀ.ਡੀ.ਪੀ.ਓ ਲੋਪੋਕੇ, ਡੀ.ਐਸ.ਪੀ ਲੋਪੋਕੇ ਜੀ.ਐਸ ਸਹੋਤਾ, ਐਸ.ਐਚ.ਓ ਪੁਲੀਸ ਥਾਣਾ ਲੋਪੋਕੇ ਅਤੇ ਤਹਿਸੀਲ ਭਲਾਈ ਅਫਸਰ ਐਸ.ਐਸ ਢਿਲ੍ਹੋਂ.ਵੀ ਕਮਿਸ਼ਨ ਦੇ ਨਾਲ ਮੌਜੂਦ ਰਹੇ।
ਕਮਿਸ਼ਨ ਨੇ ਮੌਕਾ ਮੁਆਇਨਾ ਕਰਨ ਉਪਰੰਤ ਸ਼ਿਕਾਇਤ ਕਰਤਾ ਧਿਰ ਦੇ ਬਿਆਨ ਕਲਮ ਬੰਦ ਕੀਤੇ।ਜਿਸ ‘ਚ ਸ਼ਿਕਾਇਤ ਕਰਤਾ ਨੇ ਮਾਲੀ ਨੁਕਸਾਨ ਕਰਨ, ਸੱਟਾਂ ਲਗਾਉਣ ਅਤੇ ਘਰ ਢੈਹ ਢੇਰੀ ਕਰਨ ਦੇ ਦੋਸ਼ਾਂ ਬਾਰੇ ਦੱਸਿਆ।
ਸਾਰਾ ਪੱਖ ਸੁਣਨ ਤੋਂ ਪੰਜਾਬ ਰਾਜ ਐਸ.ਸੀ ਕਮਿਸ਼ਨ ਦੇ ਮੈਂਬਰ ਰਾਜ ਕੁਮਾਰ ਹੰਸ ਅਤੇ ਦੀਪਕ ਕੁਮਾਰ ਵੇਰਕਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਮਿਸ਼ਨ ਦੀ ਟੀਮ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਲਈ ਐਸ.ਡੀ.ਐਮ ਦੀ ਦੇਖ ਰੇਖ ਹੇਠ ਚਾਰ ਮੈਂਬਰੀ ਐਸ.ਆਈ.ਟੀ (ਡੀ.ਡੀ.ਪੀ.ਓ, ਬੀ.ਡੀ.ਪੀ.ਓ, ਤਹਿਸੀਲ ਭਲਾਈ ਅਫਸਰ) ਦਾ ਗਠਨ ਕਰਕੇ ਕਮੇਟੀ ਨੂੰ ਹਦਾਇਤ ਕੀਤੀ ਹੈ ਕਿ ਸਾਰੇ ਤੱਥਾਂ ਨੂੰ ਘੋਖ ਕੇ ਜਾਂਚ ਦੀ ਸਟੇਟਸ ਰਿਪੋਰਟ 15 ਅਪ੍ਰੈਲ 2021 ਤੋਂ ਪਹਿਲਾ ਪੰਜਾਬ ਰਾਜ ਐਸਸੀ ਕਮਿਸ਼ਨ ਦੀ ਈ ਮੇਲ ‘ਤੇ ਭੇਜੀ ਜਾਵੇ ਤਾਂ ਕਿ ਕਮਿਸ਼ਨ ਸ਼ਿਕਾਇਤ ਕਰਤਾ ਨਾਲ ਸਮੇਂ ਸਿਰ ਨਿਆਂ ਕਰ ਸਕੇ।
Punjab Post Daily Online Newspaper & Print Media