Wednesday, March 18, 2026

ਆਪ ਆਗੂ ਦੇਵ ਮਾਨ ਨੇ ਕਾਂਗਰਸ ਸਰਕਾਰ ਤੇ ਇੱਕ ਕੈਬਨਿਟ ਮੰਤਰੀ ਖਿਲਾਫ ਕੱਢੀ ਭੜਾਸ

ਝਾੜੂ ਨੂੰ ਤੀਲਾ ਤੀਲਾ ਕਹਿਣ ਵਾਲੇ ਵਿਰੋਧੀਆਂ ਦਾ 2022 ਵਿੱਚ ਹੋਵੇਗਾ ਮੂੰਹ ਬੰਦ – ਦੇਵ ਮਾਨ
ਧੂਰੀ, 3 ਅਪ੍ਰੈਲ (ਪ੍ਰਵੀਨ ਗਰਗ) – ਆਮ ਆਦਮੀ ਪਾਰਟੀ ਦੇ ਸੂਬਾ ਪੱਧਰੀ ਬੁਲਾਰੇ ਦੇਵ ਮਾਨ ਨਾਭਾ ਨੇ ਧੂਰੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਹੀ ਆਪਣੀ ਨੀਅਤ ਅਤੇ ਨੀਤੀਆਂ ਸਦਕਾ ਪੰਜਾਬ ਦਾ ਭਵਿੱਖ ਰੋਸ਼ਨ ਕਰ ਸਕਦੀ ਹੈ।ਉਹਨਾਂ ਦਿੱਲੀ ਵਿਖੇ ਅਰਵਿੰਦ ਕੇਜਰੀਵਾਲ ਵੱਲੋਂ ਚਲਾਈ ਜਾ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜਿਕਰ ਕਰਦਿਆਂ ਕਿਹਾ ਕਿ ਆਪ ਦੀ ਸਰਕਾਰ ਬਣਨ ‘ਤੇ ਪੰਜਾਬ ਨੂੰ ਦਿੱਲੀ ਨਾਲੋਂ ਵੀ ਵੱਧ ਸਹੂਲਤਾਂ ਦੇ ਕੇ ਇੱਕ ਖੁਸ਼ਹਾਲ ਸੂਬੇ ਵਜੋਂ ਵਿਕਸਿਤ ਕੀਤਾ ਜਾਵੇਗਾ।ਆਮ ਆਦਮੀ ਪਾਰਟੀ ਦੇ ਤੀਲਾ-ਤੀਲਾ ਹੋਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ 2022 ਦੀਆਂ ਚੋਣਾਂ ਵਿੱਚ ‘ਆਪ’ ਦਾ ਝਾੜੂ ਅਕਾਲੀ ਦਲ ਅਤੇ ਕਾਂਗਰਸ ਦਾ ਪੂਰੀ ਤਰਾਂ੍ਹ ਸਫਾਇਆ ਕਰ ਦੇਵੇਗਾ ਅਤੇ ਚੋਣਾਂ ਤੋਂ ਬਾਅਦ ਵਿਰੋਧੀਆਂ ਦੇ ਮੂੰਹ ਬੰਦ ਹੋ ਜਾਣਗੇ।
ਮਾਨ ਨੇ ਕਿਹਾ ਕਿ ਗਰੀਬ ਵਿਦਿਆਰਥੀਆਂ ਦੇ ਕਰੋੜਾਂ ਰੁਪਏ ਦੇ ਵਜ਼ੀਫਿਆਂ ਦਾ ਗਬਨ ਕਰਨ ਵਾਲੇ ਸਾਧੂ ਸਿੰਘ ਧਰਮਸੋਤ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ ਹਾਸਲ ਹੈ।ਨਵਜੋਤ ਸਿੱਧੂ ਦੇ ‘ਆਪ’ ਵਿੱਚ ਸ਼ਾਮਿਲ ਹੋਣ ਬਾਰੇ ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਇੱਕ ਬੇਦਾਗ ਦਿੱਖ ਵਾਲੇ ਸਿਆਸਤਦਾਨ ਹਨ।ਜਿੰਨ੍ਹਾਂ ਬਾਰੇ ਖੁਦ ਭਗਵੰਤ ਮਾਨ ਵੀ ਕਹਿ ਚੁੱਕੇ ਹਨ ਕਿ ਜੇ ਉਹ ਪਾਰਟੀ ਵਿੱਚ ਆਉਂਦੇ ਹਨ ਤਾਂ ਉਹ ਨਵਜੋਤ ਸਿੰਘ ਸਿੱਧੂ ਦਾ ਸਵਾਗਤ ਕਰਾਂਗੇ।ਬਿਜ਼ਲੀ ਬਿਲਾਂ ਦੇ ਬਾਰੇ ਉਹਨਾਂ ਕਿਹਾ ਕਿ ਸੂਬੇ ਵਿੱਚ ਮਹਿੰਗੀ ਬਿਜਲੀ ਨੇ ਆਮ ਲੋਕਾਂ ਦਾ ਲੱਕ ਤੋੜ ਕੇ ਰੱਖਿਆ ਹੋਇਆ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ 80% ਤੋਂ ਵੱਧ ਲੋਕਾਂ ਨੂੰ ਬਿਜਲੀ ਦੇ ਬਿਲ ਆਉਣੇ ਬੰਦ ਹੋ ਜਾਣਗੇ।ਪਾਰਟੀ ਅੰਦਰ ਚੱਲ ਰਹੀ ਧੜੇਬੰਦੀ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਕਿਸੇ ਪ੍ਰਕਾਰ ਦੀ ਕੋਈ ਵੱਡੀ ਧੜੇਬੰਦੀ ਨਹੀਂ ਹੈ ਅਤੇ ਛੋਟੀਆਂ ਮੋਟੀਆਂ ਗੱਲਾਂ ਨੂੰ ਕੌਮੀ ਹਾਈ ਕਮਾਂਡ ਦੇ ਆਦੇਸ਼ ਨਾਲ ਸੁਲਝਾ ਲਿਆ ਜਾਂਦਾ ਹੈ।ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੌਰਾਨ ਮੰਤਰੀ ਤੋਂ ਲੈ ਕੇ ਸੰਤਰੀ ਤੱਕ ਭ੍ਰਿਸ਼ਟਾਚਾਰ ਵਿੱਚ ਡੁੱਬੇ ਹੋਏ ਹਨ ਅਤੇ 2022 ਵਿੱਚ ਆਪ ਦੀ ਸਰਕਾਰ ਬਣਨ ਤੋਂ ਬਾਅਦ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰ ਦਿੱਤਾ ਜਾਵੇਗਾ।
                 ਇਸ ਮੌਕੇ ਆਪ ਆਗੂ ਅਮਰਦੀਪ ਸਿੰਘ ਧਾਂਦਰਾ ਅਤੇ ਪ੍ਰੀਤ ਧੂਰੀ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …