Wednesday, March 18, 2026

ਦੂਜੇ ਦਿਨ ਰੋਡਵੇਜ਼ ਅੰਮ੍ਰਿਤਸਰ ਦੀਆਂ ਬੱਸਾਂ ਵਿੱਚ 2000 ਅੋਰਤਾਂ ਨੇ ਕੀਤਾ ਮੁਫ਼ਤ ਸਫਰ

ਅੰਮ੍ਰਿਤਸਰ, 3 ਅਪ੍ਰੈਲ (ਸੁਖਬੀਰ ਸਿੰਘ) – ਸਰਕਾਰੀ ਬੱਸਾਂ ਵਿਚ ਔਰਤਾਂ ਲਈ ਮੁਫਤ ਬੱਸ ਯਾਤਰਾ ਨੂੰ ਹਰੀ ਝੰਡੀ ਦੇ ਕੇ ਪੰਜਾਬ ਸਰਕਾਰ ਦੀ ਵੱਡੀ ਪਹਿਲਕਦਮੀ ਨੇ ਮਹਿਲਾ ਯਾਤਰੀਆਂ ਦੇ ਚਿਹਰਿਆ ਤੇ ਰੋਣਕਾਂ ਲਿਆ ਦਿੱਤੀਆਂ ਹਨ, ਜਿਸ ਤੇ ਰਾਜ ਭਰ ਦੀਆਂ ਔਰਤਾਂ ਵਲੋ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
ਪਿੰਡ ਸਠਿਆਲਾ ਤੋਂ ਅੰਮ੍ਰਿਤਸਰ ਬੱਸ ਅੱਡੇ ਪੁੱਜੀ ਲਖਵਿੰਦਰ ਕੌਰ ਨੇ ਦੱਸਿਆ ਕਿ ਉਹ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਈ ਸੀ ਅਤੇ ਬੱਸ ਵਿਚ ਉਸ ਦੀ ਕੋਈ ਵੀ ਟਿਕਟ ਨਹੀ ਲੱਗੀ।ਉਸ ਨੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੁੱਕਿਆ ਗਿਆ ਇਹ ਕਦਮ ਬਹੁਤ ਵਧੀਆਂ ਹੈ।ਇਕ ਹੋਰ ਮਹਿਲਾ ਯਾਤਰੀ ਕੋਮਲ ਵਾਸੀ ਸੁਲਤਾਨਵਿੰਡ ਰੋਡ ਨੇ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਹੂਲਤ ਪ੍ਰਦਾਨ ਕਰਨਾ ਇਕ ਇਤਿਹਾਸਕ ਫ਼ੈਸਲਾ ਹੈ।
                ਕਈ ਹੋਰ ਸਥਾਨਾਂ ਤੋਂ ਅੰਮ੍ਰਿਤਸਰ ਪੜਨ ਅਤੇ ਕੰਮ ਕਰਦੀਆਂ ਲੜਕੀਆਂ ਨੇ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਇਹ ਸਹੂਲਤ ਪ੍ਰਦਾਨ ਕਰਕੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦੇ ਨਾਅਰੇ ਨੂੰ ਅਸਲ ਮਾਅਨਿਆਂ ਵਿੱਚ ਸਾਰਥਕ ਕੀਤਾ ਹੈ।ਉਨ੍ਹਾਂ ਕਿਹਾ ਕਿ ਬੱਸਾਂ ਵਿਚ ਟ੍ਰੈਕਿੰਗ ਸਿਸਟਮ ਅਤੇ ਪੈਨਿਕ ਬਟਨ ਲੱਗਣ ਨਾਲ ਉਨ੍ਹਾਂ ਲਈ ਸੁਰੱਖਿਅਤ ਸਫ਼ਰ ਯਕੀਨੀ ਬਣੇਗਾ।
                  ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਸਾਰੇ ਬੱਸ ਡਰਾਈਵਰਾਂ ਅਤੇ ਕਡੰਕਟਰਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਹਰ ਮਹਿਲਾ ਯਾਤਰੀ ਨੂੰ ਸੁਰੱਖਿਅਤ ਅਤੇ ਮੁਸ਼ਕਿਲ ਰਹਿਤ ਯਾਤਰਾ ਪ੍ਰਦਾਨ ਕੀਤੀ ਜਾਵੇ।
                ਜਨਰਲ ਮੈਨੇਜਰ ਪੰਜਾਬ ਰੋਡਵੇਜ ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਦੂਜੇ ਦਿਨ ਰੋਡਵੇਜ਼ ਅੰਮ੍ਰਿਤਸਰ ਦੀਆਂ ਬੱਸਾਂ ਵਿੱਚ 2000 ਦੇ ਕਰੀਬ ਔਰਤਾਂ ਨੇ ਮੁਫਤ ਸਫਰ ਕੀਤਾ।ਉਨ੍ਹਾਂ ਕਿਹਾ ਕਿ ਇਹ ਸਹੂਲਤ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਅਤੇ ਰੋਜ਼ਾਨਾ ਸਫ਼ਰ ਕਰਨ ਵਾਲੀਆਂ ਔਰਤਾਂ ਲਈ ਵਰਦਾਨ ਸਾਬਿਤ ਹੋਵੇਗੀ ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …