Sunday, April 12, 2026

ਨਰਪੁਰ ਲੁਬਾਣਾ ਤੇ ਸੰਗੋਜਲਾ ਪਿੰਡਾਂ ਦੀ ਕੇਂਦਰੀ ਪੁਰਸਕਾਰਾਂ ਲਈ ਚੋਣ

21 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਦੇਣਗੇ ਪੁਰਸਕਾਰ

ਕਪੂਰਥਲਾ, 4 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ਦੇ ਪਿੰਡਾਂ ਨੂਰਪੁਰ ਲੁਬਾਣਾ ਤੇ ਸੰਗੋਜਲਾ ਦੀ ਕੇਂਦਰੀ ਪੇਂਡੂ ਵਿਕਾਸ ਮੰਤਰਾਲੇ ਵਲੋਂ ਪੁਰਸਕਾਰਾਂ ਲਈ ਚੋਣ ਕੀਤੀ ਗਈ ਹੈ।ਪੰਜਾਬ ਵਿਚੋਂ 9 ਗ੍ਰਾਮ ਪੰਚਾਇਤਾਂ ਨੂੰ ਵੱਖੋ-ਵੱਖਰੀ ਸ਼੍ਰੇਣੀ ਵਿਚ ਕੌਮੀ ਪੁਰਸਕਾਰ ਲਈ ਚੁਣਿਆ ਗਿਆ ਹੈ।
                 ਕਪੂਰਥਲਾ ਦੇ ਬਲਾਕ ਢਿਲਵਾਂ ਦੇ ਪਿੰਡ ਸੰਗੋਜਲਾ ਦੀ ਪੰਚਾਇਤ ਨੂੰ ‘ਦੀਨ ਦਇਆਲ ਉਪਾਧਿਆਇ ਪੰਚਾਇਤ ਸ਼ਸ਼ਕਤੀਕਰਨ ਪੁਰਸਕਾਰ ਅਤੇ ਢਿਲਵਾਂ ਬਲਾਕ ਦੀ ਹੀ ਪੰਚਾਇਤ ਨੂਰਪੁਰ ਲੁਬਾਣਾ ਨੂੰ ‘ਬਾਲ ਮਿੱਤਰਤਾਈ ਪੁਰਸਕਾਰ’ ਲਈ ਚੁਣਿਆ ਗਿਆ ਹੈ।
                  ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਨੇ ਪੁਰਸਕਾਰ ਲਈ ਚੁਣੀਆਂ ਗਈਆਂ ਪੰਚਾਇਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ‘ਸਮਾਰਟ ਵਿਲੇਜ਼’ ਯੋਜਨਾ ਤਹਿਤ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ, ਪੰਚਾਇਤਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਹੀ ਇਹ ਪੁਰਸਕਾਰ ਸੰਭਵ ਹੋਏ ਹਨ।ਉਨ੍ਹਾਂ ਕਿਹਾ ਕਿ ਇਸ ਨਾਲ ਬਾਕੀ ਪੰਚਾਇਤਾਂ ਨੂੰ ਵੀ ਹੋਰ ਤਨਦੇਹੀ ਨਾਲ ਕੰਮ ਕਰਨ ਦੀ ਪ੍ਰੇਰਨਾ ਮਿਲੇਗੀ।
                   ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਲਖਵਿੰਦਰ ਸਿੰਘ ਰੰਧਾਵਾ ਤੇ ਢਿਲਵਾਂ ਬੀ.ਡੀ.ਪੀ.ਓ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਨ੍ਹਾਂ ਪਿੰਡਾਂ ਅੰਦਰ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਗਏ ਅਤੇ ਪੰਚਾਇਤ ਵਲੋਂ ਸ਼ਾਨਦਾਰ ਕੰਮ ਕੀਤਾ ਗਿਆ।ਪਿੰਡ ਸੰਗੋਜਲਾ ਅੰਦਰ ਜਿੱਥੇ 10 ਲੱਖ ਤੋਂ ਜਿਆਦਾ ਦੀ ਲਾਗਤ ਨਾਲ ਇੰਟਰਲਾਕ ਟਾਇਲਾਂ ਲਾਈਆਂ ਗਈਆਂ, ਉਥੇ ਹੀ 10 ਲੱਖ ਰੁਪੈ ਦੀ ਲਾਗਤ ਨਾਲ ਸੀਵਰੇਜ਼ ਪਾਇਆ ਗਿਆ।ਇਸ ਤੋਂ ਇਲਾਵਾ 3 ਲੱਖ ਰੁਪੈ ਨਾਲ ਪੰਚਾਇਤ ਘਰ ਦੀ ਉਸਾਰੀ ਦੇ ਨਾਲ-ਨਾਲ ਮਗਨਰੇਗਾ ਤਹਿਤ ਖੇਡ ਗਰਾਉਂਡ ਦੀ ਉਸਾਰੀ ਉੱਪਰ 4.5 ਲੱਖ ਤੇ ਡੇਰੇ-ਢਾਣੀਆਂ ਨੂੰ ਰਸਤਿਆਂ ਉਪਰ 4 ਲੱਖ ਰੁਪੈ ਖਰਚ ਕੀਤੇ ਗਏ।
                   ਪਿੰਡ ਨੂਰਪੁਰ ਲੁਬਾਣਾ, ਜਿਸ ਦੀ ਚੋਣ ‘ਬਾਲ ਮਿੱਤਰਤਾਈ ਪੁਰਸਕਾਰ’ ਲਈ ਹੋਈ ਹੈ, ਵਿਖੇ ਸਰਕਾਰੀ ਸਕੂਲ ਨੂੰ ਸਮਾਰਟ ਸਕੂਲ ਵਜੋਂ ਵਿਕਸਤ ਕਰਕੇ ਬੱਚਿਆਂ ਦੀ ਪੜ੍ਹਾਈ ਤੇ ਸਰਬਪੱਖੀ ਵਿਕਾਸ ਲਈ ਢੁੱਕਵਾਂ ਮਾਹੌਲ ਸਿਰਜਿਆ ਗਿਆ।ਇਸ ਤੋਂ ਇਲਾਵਾ ਬੱਚਿਆਂ ਦੀ ਭਲਾਈ ਲਈ ਸਰਕਾਰੀ ਯੋਜਨਾਵਾਂ ਨੂੰ ਸਫਲਤਾਪੂਰਵਕ ਲਾਗੂ ਕਰਨਾ, ਪੜ੍ਹਾਈ ਦੇ ਨਾਲ-ਨਾਲ ਹੋਰ ਸਮਾਜਿਕ ਤੇ ਖੇਡ ਗਤੀਵਿਧੀਆਂ ਦਾ ਆਯੋਜਨ ਵੀ ਪੁਰਸਕਾਰ ਦੀ ਚੋਣ ਵਿਚ ਅਹਿਮ ਰਿਹਾ।
ਜ਼ਿਕਰਯੋਗ ਹੈ ਕਿ ਚੁਣੀਆਂ ਗਈਆਂ ਪੰਚਾਇਤਾਂ ਨੂੰ ਪ੍ਰਧਾਨ ਮੰਤਰੀ ਵਲੋਂ 21 ਅਪ੍ਰੈਲ ਨੂੰ ਨਵੀਂ ਦਿੱਲੀ ਵਿਖੇ ਕੌਮੀ ਪੰਚਾਇਤੀ ਰਾਜ ਦਿਵਸ ਮੌਕੇ ਇਹ ਪੁਰਸਕਾਰ ਦਿੱਤੇ ਜਾਣਗੇ, ਜਿਸ ਤਹਿਤ ਤਕਰੀਬਨ 10 ਲੱਖ ਰੁਪੈ ਦੀ ਰਾਸ਼ੀ ਪਿੰਡ ਦੇ ਵਿਕਾਸ ਲਈ ਦਿੱਤੀ ਜਾਂਦੀ ਹੈ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …