10 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਖਰੀਦ-ਮੰਡੀਆਂ ‘ਚ ਸੋਡੀਅਮ ਹਾਈਪੋਕਲੋਰਾਇਟ ਸਪਰੇਅ ਜਾਰੀ
ਕਪੂਰਥਲਾ, 4 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਕਣਕ ਦੀ ਖ੍ਰੀਦ 10 ਅਪ੍ਰੈਲ ਤੋਂ ਸ਼ੁਰੂ ਕਰਨ ਦੇ ਮੱਦੇਨਜ਼ਰ ਕਪੂਰਥਲਾ ਜਿਲ੍ਹੇ ਵਿਚ ਵੀ ਨਿਰਵਿਘਨ ਖਰੀਦ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ, ਜਿਸ ਤਹਿਤ ਪੱਕੀਆਂ 42 ਮੰਡੀਆਂ ਤੇ ਸਬ ਮੰਡੀਆਂ ਤੋਂ ਇਲਾਵਾ ਕੋਵਿਡ ਦੇ ਮੱਦੇਨਜ਼ਰ ਆਰਜ਼ੀ ਮੰਡੀਆਂ ਵੀ ਸਥਾਪਿਤ ਕੀਤੀਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਮੰਡੀਆਂ ਦੀ ਸਾਫ-ਸਫਾਈ, ਪੀਣ ਵਾਲੇ ਪਾਣੀ ਤੇ ਬਿਜਲੀ ਦਾ ਪ੍ਰਬੰਧ ਕਰ ਲਿਆ ਗਿਆ ਹੈ, ਜਦਕਿ ਕਰੋਨਾ ਤੋਂ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਨੂੰ ਬਚਾਉਣ ਲਈ ਹਰੇਕ ਮੰਡੀ ਵਿਚ ਗੇਟਾਂ ਉਪਰ ਹੈਂਡ ਫ੍ਰੀ ਵਾਸ਼ਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ।
ਇਸੇ ਦੌਰਾਨ ਜਿਲ੍ਹਾ ਮੰਡੀ ਅਫਸਰ ਅਰਵਿੰਦਰ ਸਿੰਘ ਨੇ ਕਿਹਾ ਹੈ ਕਿ ਮੰਡੀ ਬੋਰਡ, ਪੰਜਾਬ ਵਲੋਂ ਕਿਸਾਨਾਂ ਤੇ ਮਜ਼ਦੂਰਾਂ ਲਈ ਸੈਨੇਟਾਈਜ਼ਰ ਤੇ ਮਾਸਕ ਮੁਹੱਈਆ ਕਰਵਾਏ ਜਾਣਗੇ।ਇਸ ਤੋਂ ਇਲਾਵਾ ਸਾਰੀਆਂ ਮੰਡੀਆਂ ਵਿਖੇ ਸੋਡੀਅਮ ਹਾਈਪੋਕਲੋਰਾਇਟ ਦੀ ਸਪਰੇਅ ਵੀ ਕਰਵਾਈ ਜਾ ਰਹੀ ਹੈ ਤਾਂ ਜੋ ਕਰੋਨਾ ਦੇ ਫੈਲਾਅ ਨੂੰ ਰੋਕਣ ਵਿਚ ਮਦਦ ਮਿਲ ਸਕੇ।