10 ਅਪ੍ਰੈਲ ਤੋਂ ਕਣਕ ਦੀ ਖਰੀਦ ਹੋਵੇਗੀ ਸ਼ੁਰੂ – ਜਿਲ੍ਹਾ ਮੰਡੀ ਅਫਸਰ
ਅੰਮ੍ਰਿਤਸਰ, 5 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਵਿੱਚ ਕੋਵਿਡ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਹਾੜ੍ਹੀ ਦੇ ਸੀਜ਼ਨ ਨੂੰ ਮੁੱਖ
ਰੱਖਦਿਆਂ ਜ਼ਿਲ੍ਹਾ ਅੰਮ੍ਰਿਤਸਰ ਵਿਚ ਕਣਕ ਦੀ ਖਰੀਦ ਲਈ 57 ਖਰੀਦ ਕੇਂਦਰ ਸਥਾਪਤ ਕੀਤੇ ਗਏ ਹਨ, ਜਿੰਨ੍ਹਾਂ ਵਿਚੋਂ 8 ਮੁੱਖ ਯਾਰਡ, 11 ਸਬ ਯਾਰਡ ਅਤੇ 38 ਖਰੀਦ ਕੇਂਦਰ ਹਨ।
ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਸਮੁੱਚੀ ਖਰੀਦ ਪ੍ਰਕਿਰਿਆ ਦੌਰਾਨ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ ਇਸ ਲਈ ਲੋੜੀਂਦੇ ਅਗੇਤੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿਚ ਕਣਕ ਸੁਕਾ ਕੇ ਹੀ ਲੈ ਕੇ ਆਉਣ।ਉਨ੍ਹਾਂ ਵਲੋਂ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਜਾਗਰੂਕਤਾ ਪੈਦਾ ਕਰਦੇ ਰਹਿਣ, ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ, ਸਾਫ ਸਫਾਈ ਦਾ ਧਿਆਨ ਰੱਖਣ ਆਦਿ ਹਦਾਇਤਾਂ ਜਿਲ੍ਹੇ ਦੇ ਮੰਡੀ ਅਫਸਰ ਅਤੇ ਖਰੀਦ ਕੇਂਦਰ ‘ਤੇ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦਿੱਤੀਆਂ ਗਈਆਂ ਹਨ।ਉਨਾਂ ਕਿਹਾ ਕਿ 10 ਅਪ੍ਰੈਲ ਤੋਂ ਜ਼ਿਲ੍ਹੇ ਵਿੱਚ ਕਣਕ ਦੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ, ਜਿਸ ਤਹਿਤ ਪ੍ਰਸ਼ਾਸਨ ਵਲੋਂ ਅਜਿਹੇ ਪ੍ਰਬੰਧ ਕੀਤੇ ਗਏ ਹਨ।
ਜਿਲ੍ਹਾ ਮੰਡੀ ਅਫਸਰ ਅਮਨਦੀਪ ਸਿੰਘ ਨੇ ਦੱਸਿਆ ਕਿ 10 ਅਪ੍ਰੈਲ ਤੋ ਹੋ ਰਹੀ ਖਰੀਦ ਮੌਕੇ ਕਿਸਾਨਾਂ ਅਤੇ ਲੇਬਰ ਸਮੇਤ ਮੰਡੀਆਂ ਵਿੱਚ ਆਉਣ ਅਤੇ ਕੰਮ ਕਰਨ ਦੌਰਾਨ ਹਰ ਵਿਅਕਤੀ ਲਈ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਮੰਡੀਆਂ ਵਿੱਚ ਪਾਣੀ ਵਾਲੇ ਪੀਣ ਦੀ ਵਿਵਸਥਾ ਅਤੇ ਪਖਾਨਿਆਂ ਦੀ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਅਤੇ ਇਸ ਸਬੰਧੀ ਮੰਡੀ ਵਿੱਚ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਵੇ ਤਾਂ ਜੋ ਕੋਰੋਨਾਵਾਇਰਸ ਦੀ ਰੋਕਥਾਮ ਨੂੰ ਲੈ ਕੇ ਬਾਰੀਕੀ ਨਾਲ ਧਿਆਨ ਰੱਖਿਆ ਜਾਵੇ।
ਉਨਾਂ ਕਿਹਾ ਕਿ ਸਿਰਫ਼ ਉਹੀ ਕਿਸਾਨ ਆਪਣੀ ਕਣਕ ਮੰਡੀ ਵਿੱਚ ਲੈ ਕੇ ਆਉਣ, ਜਿਨ੍ਹਾਂ ਨੂੰ ਆੜਤੀਆਂ ਵਲੋਂ ਵਾਲੀ ਪਰਚੀ ਦਿੱਤੀ ਗਈ ਹੋਵੇ, ਬਿਨਾਂ ਪਰਚੀ ਤੋਂ ਕਣਕ ਮੰਡੀ ਵਿੱਚ ਦਾਖ਼ਲ ਨਹੀਂ ਹੋਣ ਦਿੱਤੀ ਜਾਵੇਗੀ, ਮੰਡੀ ਵਿੱਚ ਲਿਜਾਈ ਜਾ ਰਹੀ ਕਣਕ ਨਿਸ਼ਚਿਤ ਕੀਤੀ ਥਾਂ ਉਪਰ ਹੀ ਉਤਾਰੀ ਜਾਵੇ, ਟਰੈਕਟਰ ਉਪਰ ਡਰਾਈਵਰ ਤੋਂ ਬਿਨਾਂ ਹੋਰ ਕੋਈ ਵਿਅਕਤੀ ਨਾ ਬੈਠੇ, ਟਰਾਲੀ ਵਿੱਚ ਘੱਟੋ ਘੱਟ ਲੇਬਰ ਹੀ ਬੈਠੇ ਅਤੇ ਉਹ ਉਚਿਤ ਦੁਰੀ ਬਣਾ ਕੇ ਬੈਠਣ।
ਉਨ੍ਹਾਂ ਕਿਹਾ ਕਿ ਲੇਬਰ ਅਤੇ ਕਿਸਾਨਾਂ ਆਦਿ ਨੂੰ ਖ਼ਾਸ ਤੌਰ ‘ਤੇ ਜਾਗਰੂਕ ਕੀਤਾ ਜਾਵੇ ਕਿ ਗੱਲਬਾਤ ਦੌਰਾਨ ਘੱਟੋ ਘੱਟ ਦੋ ਮੀਟਰ ਦੀ ਦੁਰੀ ਬਣਾ ਕੇ ਰੱਖੀ ਜਾਵੇ ਅਤੇ ਮੰਡੀ ਵਿੱਚ ਬਣੀ ਮੈਪਿੰਗ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਹੋਰ ਕਿਹਾ ਕਿ ਇਸ ਸਮੇਂ ਦੌਰਾਨ ਜੋ ਨਿਯਮਾਂ ਦੀ ਉਲੰਘਣਾ ਕਰੇਗਾ ਉਸ ਵਿਰੁੱਧ ਪਰਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ।
Punjab Post Daily Online Newspaper & Print Media